ਕੁਆਲਾਲੰਪੁਰ-ਸਿੰਗਾਪੁਰ ਅਤੇ ਮਲੇਸ਼ੀਆ ਦੇ ਵਿਵਾਦਤ ਜਲ ਖੇਤਰ ਵਿਚ ਮਲੇਸ਼ੀਆਈ ਸਰਕਾਰ ਦੇ ਇਕ ਬੇੜੇ ਦੇ ਇਕ ਹੋਰ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਦੋਹਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ। ਮਲੇਸ਼ੀਆਈ ਅਧਿਕਾਰੀਆਂ ਨੇ ਯੂਨਾਨ ਦੇ ਝੰਡੇ ਵਾਲੇ ਜਹਾਜ਼ (ਐਮ.ਵੀ. ਪੀਰਯਾਜ਼) ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਉਸ ਦੇ ਚਾਲਕ ਦਸਤੇ ਦੇ ਮੈਂਬਰਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ। ਸ਼ਨੀਵਾਰ ਨੂੰ ਮਲੇਸ਼ੀਆਈ ਬੇੜੇ ਪੋਲਾਰਿਸ ਅਤੇ ਯੂਨਾਨ ਦੇ ਝੰਡੇ ਵਾਲੇ ਜਹਾਜ਼ ਵਿਚਾਲੇ ਟੱਕਰ ਹੋ ਗਈ ਸੀ।
ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਐਮ.ਵੀ. ਪੀਰਯਾਜ਼ ਅਤੇ ਪੋਲਾਰਿਸ (ਮਲੇਸ਼ੀਆਈ ਸਰਕਾਰ ਦੇ ਜਹਾਜ਼) ਵਿਚਾਲੇ ਟੱਕਰ ਸਿੰਗਾਪੁਰ ਦੇ ਜਲ ਖੇਤਰ ਵਿਚ ਹੋਈ। ਜ਼ਿਕਰਯੋਗ ਹੈ ਕਿ ਮਲੇਸ਼ੀਆ ਅਤੇ ਸਿੰਗਾਪੁਰ ਵਿਚਾਲੇ ਪਿਛਲੇ ਸਾਲ ਸਮੁੰਦਰੀ ਤਣਾਅ ਉਸ ਵੇਲੇ ਸ਼ੁਰੂ ਹੋ ਗਿਆ ਸੀ ਜਦੋਂ ਸਿੰਗਾਪੁਰ ਨੇ ਦੋਹਾਂ ਗੁਆਂਢੀ ਮੁਲਕਾਂ ਵਿਚਾਲੇ ਸਥਿਤ ਜਲ ਖੇਤਰ ‘ਤੇ ਮਲੇਸ਼ੀਆ ਦੇ ਦਾਅਵਾ ਕਰਨ ਦਾ ਦੋਸ਼ ਲਗਾਇਆ ਸੀ। ਦਰਅਸਲ ਇਸ ਜਲ ਖੇਤਰ ਨੂੰ ਲੰਬੇ ਸਮੇਂ ਤੋਂ ਸਿੰਗਾਪੁਰ ਦੇ ਕੰਟਰੋਲ ਵਾਲਾ ਮੰਨਿਆ ਜਾਂਦਾ ਰਿਹਾ ਹੈ।