ਮੁੰਬਈ : ਕ੍ਰਿਕਟ ਦੇ ਦੋ ਖੱਬੀਖਾਨ ਖਿਡਾਰੀ ਪਾਕਿਸਤਾਨ ਦਾ ਵਸੀਮ ਅਕਰਮ ਤੇ ਭਾਰਤ ਦਾ ਸਚਿਨ ਤੇਂਦਲੁਕਰ ਅੱਜ ਕੱਲ ਚੰਗੇ ਦੋਸਤ ਹਨ ਪਰ ਕਦੇ ਵਸੀਮ ਅਕਰਮ ਨੇ ਸਚਿਨ ਦਾ ਮਖੌਲ ਉਡਾਇਆ ਸੀ। ਸਚਿਨ ਇਕ ਅਜਿਹਾ ਖਿਡਾਰੀ ਹੈ ਜਿਹੜਾ ਕਿ 100 ਕੌਮਾਂਤਰੀ ਸੈਂਕੜੇ ਜੜ ਚੁੱਕਿਆ ਤੇ ਜਿਹੜਾ 200 ਟੈਸਟ ਮੈਚ ਖੇਡਣ ਵਾਲਾ ਇਕੋ ਇਕ ਖਿਡਾਰੀ ਹੈ। ਉਧਰ ਵਸੀਮ ਅਕਰਮ ਇਕ ਅਜਿਹਾ ਖਿਡਾਰੀ ਹੈ ਜਿਸ ਨੇ ਕੌਮਾਂਤਰੀ ਕ੍ਰਿਕਟ ਵਿਚ 500 ਵਿਕਟਾਂ ਲਈਆਂ ਹਨ।
ਸਚਿਨ ਉਦੋਂ 16 ਸਾਲ ਦਾ ਸੀ ਤੇ ਆਪਣਾ ਪਹਿਲਾ ਕ੍ਰਿਕਟ ਮੈਚ ਖੇਡਣ ਲਈ 1989 ਵਿਚ ਪਾਕਿਸਤਾਨ ਗਿਆ ਸੀ। ਉਦੋਂ ਤੱਕ ਵਸੀਮ ਅਕਰਮ ਆਪਣੇ ਆਪ ਨੂੰ ਦੁਨੀਆਂ ਦੇ ਤੇਜ਼ ਗੇਂਦਬਾਜ਼ਾਂ ਵਿਚ ਸਥਾਪਤ ਕਰ ਚੁੱਕੇ ਸਨ। ਵਸੀਮ ਅਕਰਮ ਨੇ 1984 ਵਿਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਉਧਰ ਸਚਿਨ ‘ਤੇ ਵੀ ਦਬਾਅ ਸੀ ਕਿ ਉਸ ਨੇ ਦੁਨੀਆਂ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਸੀ। ਸਿਰਫ ਤੇਜ਼ ਗੇਂਦਬਾਜ਼ੀ ਹੀ ਨਹੀਂ ਸੱਗੋਂ ਉਸ ਨੇ ਪਾਕਿਸਤਾਨ ਦੇ ਟਿੱਚਰਾਂ ਕਰਨ ਵਾਲੇ ਖਿਡਾਰੀਆਂ ਨਾਲ ਵੀ ਆਹਮਣੇ ਸਾਹਮਣੇ ਹੋਣਾ ਸੀ। ਵਸੀਮ ਅਕਰਮ ਨੇ ਦੱਸਿਆ ਕਿ ਜਦੋਂ ਸਚਿਨ ਮੈਦਾਨ ਵਿਚ ਆਇਆ ਤਾਂ ਉਨਾਂ ਨੂੰ ਪਤਾ ਸੀ ਕਿ ਇਕ ਸੋਲਾਂ ਸਾਲ ਦਾ ਮੁੰਡਾ ਖੇਡਣ ਆ ਰਿਹਾ ਹੈ ਪਰ ਜਦੋਂ ਸਚਿਨ ਨੂੰ ਵੇਖਿਆ ਤਾਂ ਲੱਗਿਆ ਜਿਵੇਂ ਉਹ ਸਿਰਫ 14 ਸਾਲ ਦਾ ਹੈ। ਮੈਂ ਸਚਿਨ ਨੂੰ ਕਿਹਾ,” ਮੰਮੀ ਨੂੰ ਪੁੱਛ ਕੇ ਖੇਡਣ ਆਇਐਂ?”