ਜਦੋਂ ਅਰਮਾਨਾਂ ਦਾ ਤੀਰ ਕਮਾਨ ਤੇ ਚੜ੍ਹਾਇਆ, ਔਸਕਰ ਅਵਾਰਡ ਨੇ ਫੇਰ ਬੂਹਾ ਆ ਖੜਕਾਇਆ

 

ਸਨੇਹ ਨਾਮ ਦੀ ਇਹ ਕੁੜੀ 15 ਸਾਲ ਦੀ ਸੀ ਜਦੋਂ ਉਸ ਨੂੰ ਪਹਿਲੀ ਵਾਰ ਮਾਹਵਾਰੀ ਆਈ। ਖੂਨ ਰਿਸ ਰਿਹਾ ਸੀ ਤੇ ਸਨੇਹ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੋ ਕੀ ਰਿਹਾ ਹੈ। “ਮੈਂ ਬਹੁਤ ਡਰ ਗਈ ਸੀ। ਮੈਨੂੰ ਲੱਗਿਆ ਸੀ ਕਿ ਮੈਨੂੰ ਕੋਈ ਗੰਭੀਰ ਬਿਮਾਰੀ ਹੋ ਗਈ ਹੈ। ਮੈਂ ਬਹੁਤ ਰੋਈ।”ਜਦੋਂ ਅਸੀਂ ਦਿੱਲੀ ਨੇੜੇ ਕਾਠੀਖੇੜਾ ਪਿੰਡ ਵਿੱਚ ਉਨ੍ਹਾਂ ਨੂੰ ਮਿਲਣ ਪਹੁੰਚੇ ਤਾਂ ਪੀਰੀਅਡ ਆਉਣ ਬਾਰੇ ਇਹ ਗੱਲ ਸਨੇਹ ਨੇ ਸਾਨੂੰ ਦੱਸੀ। “ਮੈਂ ਆਪਣੀ ਮਾਂ ਨਾਲ ਗੱਲ ਕਰਨ ਦੀ ਵੀ ਹਿੰਮਤ ਨਹੀਂ ਕਰ ਸਕੀ। ਇੱਕ ਰਿਸ਼ਤੇਦਾਰ ਨਾਲ ਗੱਲ ਕੀਤੀ ਜਿਨ੍ਹਾਂ ਨੇ ਮੈਨੂੰ ਕਿਹਾ, ‘ਹੁਣ ਤੂੰ ਵੱਡੀ ਹੋ ਗਈ ਏਂ, ਔਰਤ ਬਣ ਗਈ ਏਂ, ਇਹ ਹੋਣਾ ਸੁਭਾਵਿਕ ਹੈ। ਰੋਣਾ ਬੰਦ ਕਰ।’ ਫਿਰ ਉਨ੍ਹਾਂ ਨੇ ਹੀ ਮੇਰੀ ਮਾਂ ਨੂੰ ਦੱਸਿਆ।”

ਬਾਰਤ ਦੀ ਰਾਜਧਾਨੀ ਦਿੱਲੀ ਦੀ ਚਮਕ-ਦਮਕ ਤੋਂ ਦੂਰ ਯੂਪੀ ਦੇ ਇੱਕ ਪਿੰਡ ਦੀ ਕੁੜੀ ਸਨੇਹ, ਉੱਥੇ ਦੀਆਂ ਔਰਤਾਂ ਅਤੇ ਮਾਹਵਾਰੀ ਵੇਲੇ ਵਰਤੇ ਜਾਣ ਵਾਲੇ ਸੈਨੇਟਰੀ ਪੈਡ ਬਾਰੇ ਇੱਕ ਡਾਕੂਮੈਂਟਰੀ ਫ਼ਿਲਮ ਬਣੀ ਹੈ।ਇਸ ਫਿਲਮ ਔਸਰਕਰ ਐਵਾਰਡ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ।ਫ਼ਿਲਮ ਦੀ ਯੋਜਨਾ ਉਦੋਂ ਬਣੀ ਜਦੋਂ ਉੱਤਰੀ ਹਾਲੀਵੁੱਡ ਦੇ ਕੁਝ ਵਿਦਿਆਰਥੀਆਂ ਨੇ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਸਨੇਹ ਦੇ ਪਿੰਡ ਇੱਕ ਪੈਡ ਬਣਾਉਣ ਦੀ ਮਸ਼ੀਨ ਭੇਜੀ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨੀ-ਅਮਰੀਕੀ ਫ਼ਿਲਮਕਾਰ ਰੇਕਾ ਜ਼ਿਹਤਾਬਚੀ ਨੂੰ ਵੀ ਇਸ ਪਿੰਡ ਭੇਜਿਆ।

ਕਿੱਥੋਂ ਦੀ ਹੈ ਕਹਾਣੀ

ਕਾਠੀਖੇੜਾ ਰਾਜਧਾਨੀ ਦਿੱਲੀ ਤੋਂ 115 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਸੂਬੇ ਦੇ ਹਾਪੁੜ ਜ਼ਿਲ੍ਹੇ ਵਿੱਚ ਹੈ।ਇਸ ਪਿੰਡ ਤੱਕ ਪਹੁੰਚਣ ਲਈ ਉਂਝ ਤਾਂ ਢਾਈ ਘੰਟੇ ਲੱਗਦੇ ਹਨ ਪਰ ਸੜਕਾਂ ਦੀ ਉਸਾਰੀ ਜਾਰੀ ਹੋਣ ਕਰਕੇ ਸਾਨੂੰ ਚਾਰ ਘੰਟੇ ਲੱਗੇ। ਹਾਪੁੜ ਕਸਬੇ ਤੋਂ ਪਿੰਡ ਤੱਕ ਦੇ ਅਖੀਰਲੇ 7 ਕਿਲੋਮੀਟਰ ਤੰਗ ਸੜਕਾਂ ਤੋਂ ਹੋ ਕੇ ਨਿੱਕਲਦੇ ਹਨ, ਜਿਨ੍ਹਾਂ ਦੇ ਦੋਵਾਂ ਪਾਸੇ ਖੁਲ੍ਹੀਆਂ ਨਾਲੀਆਂ ਹਨ।

ਇਹ ਡਾਕੂਮੈਂਟਰੀ ਫ਼ਿਲਮ ਦੀ ਸ਼ੂਟਿੰਗ ਖੇਤਾਂ, ਘਰਾਂ ਅਤੇ ਸਕੂਲਾਂ ਵਿੱਚ ਕੀਤੀ ਗਈ ਹੈ। ਭਾਰਤ ਵਿੱਚ ਹੋਰ ਥਾਵਾਂ ਵਾਂਗ ਇੱਥੇ ਵੀ ਮਾਹਵਾਰੀ ਬਾਰੇ ਗੱਲ ਕਰਨਾ ਸਮਾਜਕ ਤੌਰ ‘ਤੇ ਅਸਹਿਜ ਮੰਨਿਆ ਜਾਂਦਾ ਹੈ।ਮਾਹਵਾਰੀ ਦੌਰਾਨ ਔਰਤਾਂ ਨੂੰ ਕਈ ਵਾਰ ਧਾਰਮਿਕ ਅਸਥਾਨਾਂ ‘ਤੇ ਜਾਣ ਦੀ ਮਨਾਹੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਮਾਜਕ ਸਮਾਗਮਾਂ ਤੋਂ ਦੂਰ ਰੱਖਿਆ ਜਾਂਦਾ ਹੈ।

ਸੈਨਿਟਰੀ ਪੇਡ ਬਣਾਉਂਦੀਆਂ ਔਰਤਾਂ
ਸਨੇਹ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਤੱਕ ਉਨ੍ਹਾਂ ਦੇ ਆਸ-ਪਾਸ ਕੁੜੀਆਂ ਆਪਸ ਵਿੱਚ ਵੀ ਮਾਹਵਾਰੀ ਬਾਰੇ ਜ਼ਿਆਦਾ ਗੱਲ ਨਹੀਂ ਕਰਦੀਆਂ ਸਨ।

ਸਨੇਹ ਦੀ ਉਮਰ ਹੁਣ 22 ਸਾਲ ਹੈ ਅਤੇ ਉਨ੍ਹਾਂ ਨੇ ਇੱਕ ਲੰਮਾ ਸਫਰ ਤੈਅ ਕੀਤਾ ਹੈ। ਪਿੰਡ ਦੇ ਨੇੜੇ ਸੈਨਿਟਰੀ ਨੈਪਕਿਨ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਕਰਮੀ ਹੋਣ ਦੇ ਨਾਲ-ਨਾਲ ਹੀ ਸਨੇਹ ‘ਪੀਰੀਅਡ: ਐਂਡ ਆਫ਼ ਸੈਂਟੈਂਸ’ ਨਾਂ ਦੀ ਇੱਕ ਡਾਕੂਮੈਂਟਰੀ ਫ਼ਿਲਮ ‘ਚ ਮੁੱਖ ਕਿਰਦਾਰ ਹਨ।ਇਹ ਫ਼ਿਲਮ ਔਸਕਰ ਐਵਾਰਡ ਲਈ ਨਾਮਜ਼ਦ ਹੋਈ ਹੈ। ਅਮਰੀਕਾ ਦੇ ਲੌਸ ਐਂਜਲਸ ਸ਼ਹਿਰ ਵਿੱਚ ਐਤਵਾਰ ਸ਼ਾਮੀਂ (ਭਾਰਤੀ ਸਮੇਂ ਅਨੁਸਾਰ 25 ਫ਼ਰਵਰੀ, ਸੋਮਵਾਰ ਸਵੇਰੇ) ਹੋਣ ਵਾਲੇ ਸਮਾਗਮ ਵਿੱਚ ਵੀ ਸਨੇਹ ਨੇ ਹਿੱਸਾ ਲੈਣਾ ਹੈ।

ਇਸ ਖਿੱਤੇ ਵਿੱਚ ਮਾਹਵਾਰੀ ਨਾਲ ‘ਸ਼ਰਮ’ ਇੰਨੀ ਨੇੜਤਾ ਨਾਲ ਜੁੜੀ ਹੋਈ ਹੈ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਨੇਹ ਨੇ ਮਾਹਵਾਰੀ ਬਾਰੇ ਪਹਿਲਾਂ ਕਦੇ ਸੁਣਿਆ ਹੀ ਨਹੀਂ ਸੀ।ਜਦੋਂ ਖੁਦ ਨੂੰ ਮਾਹਵਾਰੀ ਆਈ ਤਾਂ ਜਾ ਕੇ ਪਤਾ ਲੱਗਿਆ ਕਿ ਇਹ ਵੀ ਕੁਝ ਹੁੰਦਾ ਹੈ। “ਅਜਿਹੇ ਵਿਸ਼ੇ ਬਾਰੇ ਤਾਂ ਕੁੜੀਆਂ ਵੀ ਆਪਸ ਵਿੱਚ ਗੱਲ ਨਹੀਂ ਕਰਦੀਆਂ ਸਨ।”

ਬਦਲਾਅ ਉਦੋਂ ਆਇਆ ਜਦੋਂ ਔਰਤਾਂ ਦੀ ਸਿਹਤ ਬਾਰੇ ਕੰਮ ਕਰਨ ਵਾਲੀ ਸਮਾਜਸੇਵੀ ਸੰਸਥਾ ‘ਐਕਸ਼ਨ ਇੰਡੀਆ’ ਨੇ ਸਨੇਹ ਦੇ ਪਿੰਡ ਵਿੱਚ ਸੈਨਿਟਰੀ ਨੈਪਕਿਨ ਬਣਾਉਣ ਦੀ ਇੱਕ ਫੈਕਟਰੀ ਸ਼ੁਰੂ ਕੀਤੀ।

ਫੈਕਟਰੀ ਵਿੱਚ ਔਰਤਾਂ

ਫੈਕਟਰੀ ਵਿੱਚ ਔਰਤਾਂ ਹਫ਼ਤੇ ਵਿਛ 6 ਦਿਨ, 9 ਤੋਂ 5 ਵੱਜੇ ਤੱਕ ਕੰਮ ਕਰਦੀਆਂ ਹਨ।
ਸੈਨਿਟਰੀ ਨੈਪਕਿਨ ਪੈਕੇਟ
ਇਕ ਪੈਕੇਟ 30 ਰੁਪਏ ਦਾ ਵਿਕਦਾ ਹੈ।

ਜਨਵਰੀ 2017 ਵਿੱਚ ਸਨੇਹ ਨੂੰ ਉਸ ਦੀ ਗੁਆਂਢਣ ਸੁਮਨ ਨੇ ਫੈਕਟਰੀ ‘ਚ ਕੰਮ ਕਰਨ ਬਾਰੇ ਪੁੱਛਿਆ। ਸਨੇਹ ਉਂਝ ਗਰੈਜੂਏਟ (ਸਨਾਤਕ) ਹੈ ਅਤੇ ਦਿੱਲੀ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੀ ਹੈ।ਗੁਆਂਢਣ ਦੇ ਸੁਝਾਅ ਬਾਰੇ ਸਨੇਹ ਨੇ ਕਿਹਾ, ” ਇਸ ਗੱਲ ਤੋਂ ਚਾਅ ਵੀ ਚੜ੍ਹਿਆ ਕਿਉਂਕਿ ਪਿੰਡ ਵਿੱਚ ਉਂਝ ਤਾਂ ਨੌਕਰੀ ਦਾ ਕੋਈ ਮੌਕਾ ਹੀ ਨਹੀਂ ਸੀ। ਜਦੋਂ ਮੈਂ ਆਪਣੀ ਮਾਂ ਦੀ ਸਹਿਮਤੀ ਮੰਗੀ ਤਾਂ ਉਨ੍ਹਾਂ ਨੇ ਕਿਹਾ ਕਿ ਆਪਣੇ ਪਿਤਾ ਨੂੰ ਪੁੱਛ। ਸਾਡੇ ਪਰਿਵਾਰਾਂ ਵਿੱਚ ਸਾਰੇ ਜ਼ਰੂਰੀ ਫੈਸਲੇ ਮਰਦ ਕਰਦੇ ਹਨ।”

ਪਿਤਾ ਨੂੰ ਸੈਨਿਟਰੀ ਪੈਡ ਬਣਾਉਣ ਦੇ ਕੰਮ ਬਾਰੇ ਦੱਸਣਾ ਸਨੇਹ ਨੂੰ ਅਸਹਿਜ ਲੱਗਿਆ ਤਾਂ ਕਹਿ ਦਿੱਤਾ ਕਿ ਬੱਚਿਆਂ ਦੇ ਡਾਇਪਰ ਬਣਾਉਣ ਦੀ ਫੈਕਟਰੀ ਹੈ।ਸਨੇਹ ਨੇ ਹੱਸ ਕੇ ਯਾਦ ਕੀਤਾ, “ਦੋ ਮਹੀਨੇ ਬਾਅਦ ਮੇਰੀ ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਪੈਡ ਬਣਾਉਂਦੀ ਹਾਂ। ਮੇਰੇ ਪਿਤਾ ਨੇ ਅੱਗੋਂ ਕਿਹਾ ਕਿ ਠੀਕ ਹੈ, ਕੰਮ ਤਾਂ ਕੰਮ ਹੁੰਦਾ ਹੈ।”

ਹੁਣ ਫੈਕਟਰੀ ਵਿੱਚ 18 ਤੋਂ 31 ਸਾਲ ਦੀ ਉਮਰ ਦੀਆਂ ਕੁੱਲ 7 ਔਰਤਾਂ ਕੰਮ ਕਰਦੀਆਂ ਹਨ। ਨੌਕਰੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੈ, ਹਫਤੇ ‘ਚ 6 ਦਿਨ। ਤਨਖਾਹ ਹੈ 2,500 ਰੁਪਏ ਮਹੀਨਾ।ਰੋਜ਼ਾਨਾ 600 ਪੈਡ ਤਿਆਰ ਹੁੰਦੇ ਹਨ ਅਤੇ ਬਰਾਂਡ ਦਾ ਨਾਂ ਹੈ ‘ਫ਼ਲਾਈ’।

ਸੈਨਿਟਰੀ ਪੈਡ ਬਣਾਉਣ ਦਾ ਕੰਮ
ਰੋਜ਼ਾਨਾ 600 ਪੈਡ ਤਿਆਰ ਹੁੰਦੇ ਹਨ
Presentational white space
ਸੈਨਿਟਰੀ ਪੈਡ ਬਣਾਉਣ ਦਾ ਕੰਮ
ਰਵਾਇਤੀ ਤੌਰ ‘ਤੇ ਪਿੰਡ ਦੀਆਂ ਔਰਤਾਂ ਮਾਹਵਾਰੀ ਦੌਰਾਨ ਕੱਪੜਾ ਹੀ ਵਰਤਦੀਆਂ ਸਨ, ਹੁਣ 70 ਫ਼ੀਸਦੀ ਔਰਤਾਂ ਪੈਡ ਵਰਤਣ ਲੱਗੀਆਂ ਹਨ।

ਸਨੇਹ ਨੇ ਦੱਸਿਆ, “ਸਾਨੂੰ ਸਭ ਤੋਂ ਵੱਡੀ ਸਮੱਸਿਆ ਹੈ ਬਿਜਲੀ ਦੀ ਕਟੌਤੀ ਦੀ। ਕਈ ਵਾਰ ਟਾਰਗੇਟ ਪੂਰਾ ਕਰਨ ਲਈ ਸਾਨੂੰ ਰਾਤ ਨੂੰ ਵੀ ਕੰਮ ਕਰਨਾ ਪੈਂਦਾ ਹੈ ਕਿਉਂਕਿ ਉਦੋਂ ਬਿਜਲੀ ਆਉਂਦੀ ਹੈ।”

ਇਹ ਨਿੱਕਾ ਜਿਹਾ ਕਾਰਖਾਨਾ ਪਿੰਡ ਦੇ ਇੱਕ ਘਰ ਦੇ ਦੋ ਕਮਰਿਆਂ ਵਿੱਚੋਂ ਚੱਲਦਾ ਹੈ। ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਔਰਤਾਂ ਪੁਰਾਣੀਆਂ ਚੱਦਰਾਂ ਤੇ ਸਾੜੀਆਂ ਦੇ ਕੱਪੜੇ ਨੂੰ ਹੀ ਮਾਹਵਾਰੀ ਵੇਲੇ ਵਰਤਦੀਆਂ ਸਨ। ਹੁਣ ਅੰਦਾਜ਼ਨ 70 ਫ਼ੀਸਦੀ ਔਰਤਾਂ ਪੈਡ ਵਰਤਦੀਆਂ ਹਨ।

ਇਸ ਫੈਕਟਰੀ ਕਰਕੇ ਮਾਹਵਾਰੀ ਨਾਲ ਜੁੜੀ ਸ਼ਰਮ ਵੀ ਦੂਰ ਹੋ ਗਈ ਹੈ। ਇਲਾਕੇ ਦੀ ਰੂੜ੍ਹੀਵਾਦੀ ਸਮਾਜਕ ਬਣਤਰ ਵਿੱਚ ਇਸ ਸ਼ਰਮ ਦਾ ਹੱਟਣਾ ਦੋ ਸਾਲ ਪਹਿਲਾਂ ਤੱਕ ਤਾਂ ਅਸੰਭਵ ਜਾਪਦਾ ਸੀ।ਸਨੇਹ ਨੇ ਦੱਸਿਆ ਕਿ ਹੁਣ ਔਰਤਾਂ ਖੁੱਲ੍ਹ ਕੇ ਇਸ ਬਾਰੇ ਗੱਲ ਕਰਦੀਆਂ ਹਨ। “ਇਹ ਆਸਾਨ ਨਹੀਂ ਸੀ।”

“ਸ਼ੁਰੂ ਵਿੱਚ ਮੁਸ਼ਕਲਾਂ ਸਨ। ਮੈਨੂੰ ਆਪਣੀ ਮਾਂ ਨਾਲ ਘਰ ਦਾ ਕੰਮ-ਕਾਜ ਕਰਾਉਣਾ ਪੈਂਦਾ ਸੀ, ਪੜ੍ਹਨਾ ਵੀ ਸੀ ਅਤੇ ਨਾਲ ਇਹ ਨੌਕਰੀ ਵੀ। ਇਮਤਿਹਾਨਾਂ ਦੌਰਾਨ ਮੇਰੀ ਮਾਂ ਨੇ ਮੇਰੀ ਜਗ੍ਹਾ ਫੈਕਟਰੀ ਵਿੱਚ ਕੰਮ ਵੀ ਕੀਤਾ।”ਪਿਤਾ ਰਾਜੇਂਦਰ ਸਿੰਘ ਤੰਵਰ ਨੂੰ ਆਪਣੀ ਬੇਟੀ ਉੱਪਰ “ਬਹੁਤ ਮਾਣ ਹੈ”। “ਜੇ ਮੇਰੀ ਧੀ ਦੇ ਕੰਮ ਨਾਲ ਔਰਤਾਂ ਦਾ ਭਲਾ ਹੁੰਦਾ ਹੈ ਤਾਂ ਮੈਨੂੰ ਖੁਸ਼ੀ ਹੋਣੀ ਹੀ ਹੈ।”

ਪਿਤਾ ਰਾਜੇਂਦਰ ਸਿੰਘ ਤੰਵਰ ਤੇ ਬੇਟੀ ਸਨੇਹ
ਪਿਤਾ ਰਾਜੇਂਦਰ ਸਿੰਘ ਤੰਵਰ ਨੂੰ ਆਪਣੀ ਬੇਟੀ ਉੱਪਰ “ਬਹੁਤ ਮਾਣ ਹੈ”
ਸੁਸ਼ਮਾ ਦੇਵੀ
ਸੁਸ਼ਮਾ ਦੇਵੀ ਲਈ ਫੈਕਟਰੀ ਵਿੱਚ ਕੰਮ ਕਰਨ ਦਾ ਫੈਸਲਾ ਸੌਖਾ ਨਹੀਂ ਰਿਹਾ।

ਸ਼ੁਰੂ ਵਿੱਚ ਪਿੰਡ ਦੇ ਲੋਕਾਂ ਨੂੰ ਫੈਕਟਰੀ ਵਿੱਚ ਕੰਮ ਕਰਨਾ ਸਹਿਜ ਨਹੀਂ ਜਾਪਿਆ। ਜਦੋਂ ਇਸ ਬਾਰੇ ਦਸਤਾਵੇਜ਼ੀ ਫ਼ਿਲਮ ਬਣਾਉਣ ਲਈ ਟੀਮ ਪਹੁੰਚੀ ਤਾਂ ਕਈ ਸਵਾਲ ਬਾਹਰ ਆਏ।

ਸੁਸ਼ਮਾ ਦੇਵੀ (31) ਵਰਗੀਆਂ ਕਈ ਔਰਤਾਂ ਨੂੰ ਰੋਜ਼ਾਨਾ ਘਰਦਿਆਂ ਨੂੰ ਮਨਾਉਣਾ ਪੈਂਦਾ ਹੈ।ਦੋ ਬੱਚਿਆਂ ਦੀ ਮਾਂ ਸੁਸ਼ਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਫੈਕਟਰੀ ਵਿੱਚ ਕੰਮ ਕਰਨ ਲਈ ਰਜ਼ਾਮੰਦੀ ਉਦੋਂ ਦਿੱਤੀ ਜਦੋਂ ਸਨੇਹ ਦੀ ਮਾਂ ਨੇ ਗੱਲ ਕੀਤੀ। ਪਤੀ ਨੇ ਕਿਹਾ ਕਿ ਸੁਸ਼ਮਾ ਨੂੰ ਰੋਜ਼ ਘਰ ਦਾ ਸਾਰਾ ਕੰਮ ਪਹਿਲਾਂ ਮੁਕਾਉਣਾ ਪਵੇਗਾ।”ਮੈਂ ਤੜਕੇ 5 ਵਜੇ ਉੱਠਦੀ ਹਾਂ, ਘਰ ਦੀ ਸਫਾਈ ਕਰਦੀ ਹਾਂ, ਕੱਪੜੇ ਧੋਂਦੀ ਹਾਂ, ਮੱਝਾਂ ਨੂੰ ਚਾਰਾ ਪਾਉਂਦੀ ਹਾਂ, ਪਾਥੀਆਂ ਥੱਪਦੀ ਹਾਂ, ਫਿਰ ਨਹਾਉਂਦੀ ਹਾਂ, ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਬਣਾ ਕੇ ਘਰੋਂ ਨਿੱਕਲਦੀ ਹਾਂ। ਸ਼ਾਮ ਨੂੰ ਵਾਪਸ ਆ ਕੇ ਰਾਤ ਦੀ ਰੋਟੀ ਪਕਾਉਂਦੀ ਹਾਂ।”

ਪਤੀ ਫਿਰ ਵੀ ਖੁਸ਼ ਨਹੀਂ ਹੈ। “ਉਹ ਅਕਸਰ ਮੇਰੇ ਨਾਲ ਲੜਦੇ ਹਨ, ਕਹਿੰਦੇ ਹਨ ਕਿ ਘਰੇ ਇੰਨਾ ਕੰਮ ਹੈ ਤਾਂ ਬਾਹਰ ਕੰਮ ਕਰਨ ਦੀ ਕੀ ਲੋੜ ਹੈ। ਗੁਆਂਢੀ ਵੀ ਕਹਿੰਦੇ ਹਨ ਕਿ ਇਹ ਚੰਗਾ ਕੰਮ ਨਹੀਂ, ਕਹਿੰਦੇ ਹਨ ਕਿ ਤਨਖਾਹ ਵੀ ਬਹੁਤ ਘੱਟ ਹੈ।”ਸੁਸ਼ਮਾ ਦੀਆਂ ਦੋ ਗੁਆਂਢਣਾਂ ਨੇ ਫੈਕਟਰੀ ਵਿੱਚ ਕੁਝ ਮਹੀਨੇ ਕੰਮ ਕੀਤਾ ਪਰ ਟਿਕੀਆਂ ਨਹੀਂ। ਸੁਸ਼ਮਾ ਦਾ ਇਰਾਦਾ ਪੱਕਾ ਹੈ: “ਭਾਵੇਂ ਮੇਰਾ ਪਤੀ ਮੈਨੂੰ ਕੁੱਟੇ-ਮਾਰੇ, ਮੋਂ ਨੌਕਰੀ ਨਹੀਂ ਛੱਡਾਂਗੀ। ਮੈਨੂੰ ਇੱਥੇ ਕੰਮ ਕਰ ਕੇ ਤਸੱਲੀ ਮਿਲਦੀ ਹੈ।”

ਐਕਸ਼ਨ ਏਡ ਦੇ ਅਧਿਕਾਰੀ ਅਤੇ ਪਿੰਡ ਦੇ ਕੁਝ ਲੋਕ
ਇੱਕ ਸਮਾਜਸੇਵੀ ਸੰਸਥਾ ਨੇ ਦੋ ਸਾਲ ਪਹਿਲਾਂ ਫੈਕਟਰੀ ਖੋਲ੍ਹੀ।

ਫ਼ਿਲਮ ਵਿੱਚ ਸੁਸ਼ਮਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਕਮਾਈ ਨਾਲ ਆਪਣੇ ਛੋਟੇ ਭਰਾ ਲਈ ਕੱਪੜੇ ਖਰੀਦੇ ਹਨ। ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ‘ਚ ਹੱਸਦਿਆਂ ਕਿਹਾ, “ਜੇ ਮੈਨੂੰ ਪਤਾ ਹੁੰਦਾ ਕਿ ਫ਼ਿਲਮ ਔਸਕਰ ਤੱਕ ਪਹੁੰਚੇਗੀ ਤਾਂ ਮੈਂ ਇਸ ਨਾਲੋਂ ਕੋਈ ਸਿਆਣੀ ਗੱਲ ਹੀ ਕਹਿ ਦਿੰਦੀ!”

ਫ਼ਿਲਮ ਨੂੰ ਨੈੱਟਫ਼ਲਿਕਸ ਉੱਪਰ ਦੇਖਿਆ ਜਾ ਸਕਦਾ ਹੈ।ਸਨੇਹ, ਸੁਸ਼ਮਾ ਅਤੇ ਉਨ੍ਹਾਂ ਦੀਆਂ ਸਾਥਣਾਂ ਲਈ ਔਸਕਰ ਐਵਾਰਡ ਦੀ ਨੋਮੀਨੇਸ਼ਨ ਬਹੁਤ ਵੱਡਾ ਹੁੰਗਾਰਾ ਹੈ। ਨੋਮੀਨੇਸ਼ਨ ‘ਬੈਸਟ ਸ਼ੋਰਟ ਡਾਕੂਮੈਂਟਰੀ’ ਦੀ ਸ਼੍ਰੇਣੀ ਵਿੱਚ ਹੈ।ਹੁਣ ਜਦੋਂ ਸਨੇਹ ਅਮਰੀਕਾ ਜਾ ਰਹੀ ਹੈ ਤਾਂ ਪਿੰਡ ਵਾਲੇ ਖੁਸ਼ ਹਨ ਕਿ ਉਸ ਨੇ ਪਿੰਡ ਲਈ “ਇੱਜਤ-ਮਾਣ ਤੇ ਮਸ਼ਹੂਰੀ” ਖੱਟੀ ਹੈ।ਸਨੇਹ ਦਾ ਕਹਿਣਾ ਹੈ, “ਸਾਡੇ ਪਿੰਡ ਦਾ ਕੋਈ ਵਿਅਕਤੀ ਕਦੀਂ ਵਿਦੇਸ਼ ਨਹੀਂ ਗਿਆ। ਮੈਂ ਪਹਿਲੀ ਹੋਵਾਂਗੀ। ਮੇਰੀ ਪਿੰਡ ਵਿੱਚ ਬਹੁਤ ਇੱਜ਼ਤ ਹੈ।”

ਸਨੇਹ ਨੇ ਕਿਹਾ ਕਿ ਉਨ੍ਹਾਂ ਨੇ ਔਸਕਰ ਐਵਾਰਡ ਬਾਰੇ ਸੁਣਿਆ ਹੋਇਆ ਹੈ ਕਿ ਇਹ ਸਿਨੇਮਾ ਦੀ ਦੁਨੀਆਂ ਦੇ ਸਭ ਤੋਂ ਵੱਡੇ ਐਵਾਰਡ ਹਨ। ਪਰ ਉਨ੍ਹਾਂ ਨੇ ਕਦੀਂ ਐਵਾਰਡ ਦਾ ਸਮਾਗਮ ਨਹੀਂ ਦੇਖਿਆ ਅਤੇ ਸੋਚਿਆ ਹੀ ਨਹੀਂ ਸੀ ਕਿ ਉੱਥੇ ਜਾਣ ਦਾ ਮੌਕਾ ਵੀ ਮਿਲੇਗਾ।”ਮੈਂ ਸੋਚਿਆ ਹੀ ਨਹੀਂ ਸੀ ਕਿ ਅਮਰੀਕਾ ਜਾਵਾਂਗੀ। ਹਾਲੇ ਵੀ ਮੈਨੂੰ ਸਮਝ ਨਹੀਂ ਆ ਰਹੀ, ਮੈਂ ਇਸ ਨੂੰ ਹਜ਼ਮ ਨਹੀਂ ਕਰ ਪਾ ਰਹੀ। ਮੇਰੇ ਲਈ ਤਾਂ ਐਵਾਰਡ ਦੀ ਦੌੜ ਵਿੱਚ ਪਹੁੰਚਣਾ ਹੀ ਐਵਾਰਡ ਹੈ। ਖੁਲ੍ਹੀਆਂ ਅੱਖਾਂ ਨਾਲ ਸੁਪਨਾ ਦੇਖ ਰਹੀ ਹਾਂ।

Leave a Reply

Your email address will not be published. Required fields are marked *