ਗਤਕਾ ਪੰਜਾਬੀਆਂ ਤੇ ਅਫ਼ਗਾਨਾਂ ਦੀ ਸਾਂਝੀ ਖੇਡ ਏ । ਜੰਗਜੂ ਕੌਮਾਂ ਵਿੱਚ ਬਾਲ ਹੋਸ਼ ਸੰਭਾਲਦਿਆਂ ਹੀ ਡਾਂਗ ਸੋਟੇ ਵੱਲ ਨੂੰ ਉਲਾਰ ਹੋ ਜਾਂਦਾ ਹੈ । ਗਤਕਾ ਇਸ ਖਿੱਤੇ ਦੇ ਸੁਭਾਅ ਦੀ ਤਰਜਮਾਨੀ ਕਰਦੀ ਹੋਈ ਆਪੇ ਉਪਜੀ ਖੇਡ ਹੈ । ਅਫ਼ਗਾਨੀ ਬਾਲ ਅੱਜ ਵੀ ਮਨਪਰਚਾਵੇ ਵਜੋਂ ਇਹੀ ਖੇਡ ਖੇਡਦੇ ਹਨ।
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਮੂਜਬ ਗਤਕਾ ਯੁੱਧ ਦੇ ਅਭਿਆਸ ਲਈ ਵਰਤਿਆ ਜਾਣ ਵਾਲਾ ਤਿੰਨ-ਹੱਥ (ਹੱਥ – ਕੂਹਣੀ ਤੋਂ ਵੱਡੀ ਉੰਗਲ ਤੱਕ) ਲੰਮਾ ਡੰਡਾ ਹੁੰਦਾ ਹੈ। ਫ਼ਾਰਸੀ ਲਫ਼ਜ਼ ਕੁਤਕਾ ਵੀ ਇਸੇ ਸ਼ਬਦ ਲਈ ਵਰਤਿਆ ਜਾਂਦਾ ਹੈ। ਠੋਸਾ, ਖੁਤਕਾ, ਕੁਤਕ, ਖੁਤਕ, ਕੁਦਕ, ਗਦਕਾ, ਗਦਾ ਆਦਿ ਗਤਕਾ ਸ਼ਬਦ ਦੇ ਹੀ ਸਮਾਨ-ਅਰਥੀ ਸ਼ਬਦ ਹਨ। ਇਨ੍ਹਾਂ ਸਾਰੇ ਸ਼ਬਦਾਂ ਦਾ ਅਰਥ ਛੋਟਾ ਜਾਂ ਮੋਟਾ ਡੰਡਾ ਹੀ ਹੈ।
ਪੰਜਾਬ ਦੇ ਗਧਾਰਾ ਤੇ ਖੈਬਰ ਨਾਲ ਲਗਦੇ ਖਿਤਿਆਂ ਵਿੱਚ ਅੱਜ ਵੀ ਗਤਕੇ ਦੇ ਮੇਲੇ ਲਗਦੇ ਨੇ । ਅਸੀਂ ਜਹਾਨਦਾਦ ਖਾਨ ਰਾਹੀਂ ਮਿਲੀ ਖੈਬਰ ਪਖ਼ਤੋਨਖ਼ਵਾ ਦੀ ਇਹ ਵੀਡੀਓ ਸਾਂਝੀ ਕਰ ਰਹੇ ਹਾ ।
ਚੜ੍ਹਦੇ ਪੰਜਾਬ ‘ਚ ਗਤਕਾ ਬਾ-ਵਰਦੀ ਖੇਡਿਆ ਜਾਂਦਾ ਹੈ । ਗੁਰੂ ਸਾਹਿਬਾਂ ਨੇ ਗਤਕੇ ਨੂੰ ਯੁਧ ਕਲਾ ਦੇ ਰੂਪ ਵਿੱਚ ਸਰਪ੍ਰਸਤੀ ਦਿੱਤੀ ।
ਪਿਛਲੇ ਕੁਝ ਦਹਾਕਿਆਂ ਵਿੱਚ ਇਹ ਖੇਡ ਪਿੰਡਾਂ, ਗਲੀਆਂ ਤੇ ਲੋਕ ਅਖਾੜਿਆਂ ਤੋਂ ਦੂਰ ਹੋਈ ਹੈ ਅਤੇ ਟੀ ਵੀ ਦੇ ਰਿਐਲਟੀ ਸ਼ੋਅ ਦੇ ਸਟੇਜੀਕਰਨ ਵੱਲ ਵਧੀ ਹੈ । ਚੰਗਾ ਹੋਵੇ ਜੇ ਸਟੰਟਬਾਜੀ ਛੱਡ ਕੇ ਗਤਕੇ ਦਾ ਮੂਲ ਰੂਪ ਨੂੰ ਕਾਇਮ ਰੱਖਿਆ ਜਾਵੇ ।
ਏਸ ਪੰਜਾਬੋਂ ਨਾਨਕ ਤੁਰਿਆ , ਤੁਰਿਆ ਚਹੁੰ ਦਿਸਾਏ
ਏਸ ਪੰਜਾਬੇ ਗੋਬਿੰਦ ਦੇ ਸਿੱਖ , ਗੱਤਕਾ ਖੇਡਣ ਆਏ
ਏਸ ਪੰਜਾਬ ਨੂੰ ਰੱਜ ਕੇ ਲੁੱਟਿਆ , ਹਾਥੀਆਂ-ਘੋੜੇ ਧਾਏ
ਜਿਹੜੇ ਇਸ ਦੇ ਟੁਕੜੇ ਹੋ ਗਏ , ਮੁੜ ਕੇ ਨਾ ਫ਼ਿਰ ਥ੍ਹਿਆਏ