ਬੀਜਿੰਗ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਾਂ ਵਿੱਚ ਚੱਲ ਰਹੇ ਵਿਸ਼ਵ ਸਿਹਤ ਸੰਗਠਨ ਨੂੰ ਫੰਡ ਦੇਣ ‘ਤੇ ਬੈਨ ਲਗਾਉਣ ਤੋਂ ਬਾਅਦ ਹੁਣ ਚੀਨ ਨੇ ਮਦਦ ਦੀ ਰਾਸ਼ੀ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਚੀਨ ਨੇ ਕਿਹਾ ਹੈ ਕਿ ਉਹ ਕਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਮੁਕਾਬਲੇ ਦੇ ਲਈ ਵਿਸ਼ਵ ਸਿਹਤ ਸੰਗਠਨ ਨੂੰ 3 ਕਰੋੜ ਡਾਲਰ ਦੀ ਵਾਧੂ ਰਾਸ਼ੀ ਦਾਨ ਕਰੇਗਾ। ਇਸ ਤੋਂ ਪਹਿਲਾਂ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ 2 ਕਰੋੜ ਡਾਲਰ ਦਿੱਤਾ ਸੀ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੂਆਂਗ ਨੇ ਆਖਿਆ ਹੈ ਕਿ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ 3 ਕਰੋੜ ਡਾਲਰ ਵਾਧੂ ਦਾਨ ਕਰਨ ਦਾ ਫ਼ੈਸਲਾ ਲਿਆ ਹੈ। ਇਹ ਰਾਸ਼ੀ ਪਹਿਲਾਂ ਦਿੱਤੀ ਗਈ 2 ਕਰੋੜ ਡਾਲਰ ਦੀ ਰਾਸ਼ੀ ਤੋਂ ਵੱਖਰੀ ਹੋਵੇਗੀ। ਇਸ ਦਾ ਮਕਸਦ ਕਰੋਨਾ ਵਾਇਰਸ ਦੇ ਵਿਰੁੱਧ ਵਿਸ਼ਵ ਪੱਧਰੀ ਜੰਗ ਵਿੱਚ ਸਹਾਇਤਾ ਦੇਣਾ ਅਤੇ ਵਿਕਾਸ਼ਸ਼ੀਲ ਦੇਸ਼ਾਂ ਨੂੰ ਸਿਹਤ ਸਹੂਲਤਾਂ ਮਜ਼ਬੂਤ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਚੀਨ ਦਾ ਇਹ ਯੋਗਦਾਨ ਸੰਯੁਕਤ ਰਾਸ਼ਟਰ ਦੀ ਏਜੰਸੀ ‘ਤੇ ਚੀਨ ਸਰਕਾਰ ਅਤੇ ਸਾਡੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੇਡ੍ਰੋਸ ਨੇ ਕੁੱਝ ਅਮਰੀਕੀ ਸਾਂਸਦਾਂ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਨੂੰ ਨਜ਼ਰਅੰਦਾਜ਼ ਕਰਦੇ ਹੋਏ ਬੀਤੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਉਨ੍ਹਾਂ ਦੀ ਏਜੰਸੀ ਨੂੰ ਵਿੱਤ ਸਹਾਇਤਾ ‘ਤੇ ਰੋਕ ਲਗਾਉਣ ਦੇ ਫ਼ੈਸਲੇ ‘ਤੇ ਮੁੜ ਵਿਚਾਰ ਕਰੇਗਾ।