ਨਵੀਂ ਦਿੱਲੀ : ਕੋਰੋਨਾ ਵਾਇਰਸ ਲਾਗ ਕਾਰਨ ਪੂਰੀ ਦੁਨੀਆਂ ‘ਚ ਆਮ ਡਾਕਟਰੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਬਹੁਤ ਸਾਰੇ ਦੇਸ਼ਾਂ ‘ਚ ਲੌਕਡਾਊਨ ਕਾਰਨ ਭੋਜਨ ਦੀ ਉਪਲੱਬਧਤਾ ‘ਚ ਵੀ ਕਮੀ ਆਈ ਹੈ। ਇਸ ਕਾਰਨ ਮਾਂ ਤੇ ਬੱਚੇ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਅਮਰੀਕਾ ਦੀ ਜੌਨ ਹੌਪਕਿਨਜ਼ ਯੂਨੀਵਰਸਿਟੀ ਦੀ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਗਲੇ 6 ਮਹੀਨਿਆਂ ‘ਚ 5 ਸਾਲ ਤਕ ਦੀ ਉਮਰ ਦੇ 2.53 ਲੱਖ ਬੱਚਿਆਂ ਦੀ ਮੌਤ ਹੋ ਸਕਦੀ ਹੈ।
ਜੌਨ ਹੌਪਕਿਨਜ਼ ਯੂਨੀਵਰਸਿਟੀ ਦੀ ਖੋਜ ਨੂੰ ਲਾਸੇਂਟ ਜਰਨਲ ਦੇ ਤਾਜ਼ਾ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 118 ਘੱਟ ਤੇ ਦਰਮਿਆਨੀ ਆਮਦਨੀ ਵਾਲੇ ਦੇਸ਼ ਦੀਆਂ ਸਿਹਤ ਸੇਵਾਵਾਂ ਕੋਰੋਨਾ ਵਾਇਰਸ ਦੀ ਲਾਗ ਦੇ ਇਲਾਜ ‘ਤੇ ਧਿਆਨ ਕੇਂਦਰਿਤ ਕਰਨ ਕਰਕੇ ਮਾਂ ਤੇ ਬੱਚਿਆਂ ਨਾਲ ਸਬੰਧਤ ਡਾਕਟਰੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ।
ਦੂਜਾ, ਬਿਮਾਰੀ ਦੇ ਡਰ, ਲੌਕਡਾਊਨ ਆਦਿ ਕਾਰਨ ਲੋਕ ਸਿਹਤ ਸੇਵਾਵਾਂ ਤਕ ਪਹੁੰਚ ਨਹੀਂ ਪਾ ਰਹੇ ਹਨ। ਤੀਜਾ, ਇਸ ਮਿਆਦ ਦੌਰਾਨ ਘੱਟ ਆਮਦਨੀ ਵਾਲੇ ਲੋਕਾਂ ਦੇ ਕੰਮ-ਧੰਦੇ ਗੁਆਉਣ ਕਾਰਨ ਖਾਣੇ ਤਕ ਪਹੁੰਚ ਘੱਟ ਗਈ ਹੈ, ਜਿਸ ਕਾਰਨ ਕੁਪੋਸ਼ਣ ‘ਚ ਵਾਧਾ ਹੋਣ ਦੀ ਸੰਭਾਵਨਾ ਹੈ, ਜੋ ਮਾਂ ਤੇ ਬੱਚੇ ਦੀ ਮੌਤ ਦਾ ਵੱਡਾ ਕਾਰਨ ਬਣਦੀ ਹੈ।
ਮੌਤ ਦਰ ‘ਚ 18.5% ਦੇ ਵਾਧੇ ਦੀ ਸੰਭਾਵਨਾ :
ਖੋਜਕਰਤਾਵਾਂ ਨੇ ਕਿਹਾ ਕਿ ਜੇ ਇਨ੍ਹਾਂ ਸਥਿਤੀਆਂ ਦੇ ਘੱਟ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਵੇ ਤਾਂ 9.8 ਤੋਂ 18.5% ਤਕ ਮੌਤ ਦੀ ਦਰ ‘ਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ 6 ਮਹੀਨਿਆਂ ‘ਚ 5 ਸਾਲ ਉਮਰ ਤਕ ਦੇ 2,53,500 ਬੱਚਿਆਂ ਦੀ ਮੌਤ ਹੋ ਸਕਦੀ ਹੈ। ਇਸ ਮਿਆਦ ‘ਚ 12,200 ਮਾਵਾਂ ਦੀਆਂ ਮੌਤਾਂ ਹੋ ਸਕਦੀਆਂ ਹਨ। ਜੇ ਅਸੀਂ ਸਭ ਤੋਂ ਮਾੜੇ ਹਾਲਾਤਾਂ ‘ਤੇ ਵਿਚਾਰ ਕਰੀਏ ਤਾਂ 39.3 ਤੋਂ 51.9% ਤਕ ਮੌਤਾਂ ਵੱਧ ਸਕਦੀਆਂ ਹਨ। ਇਸ ਨਾਲ 11,57,000 ਬੱਚਿਆਂ ਅਤੇ 56,700 ਮਾਵਾਂ ਦੀ ਮੌਤ ਹੋ ਸਕਦੀ ਹੈ।
ਸਰਕਾਰ ਨੂੰ ਐਮਰਜੈਂਸੀ ਯੋਜਨਾ ਬਣਾਉਣੀ ਚਾਹੀਦੀ ਹੈ : ਡਾ. ਮੁਤਰੇਜਾ
ਪਾਪੁਲੇਸ਼ਨ ਫ਼ਾਊਂਡੇਸ਼ਨ ਆਫ਼ ਇੰਡੀਆ (ਪੀਐਫਆਈ) ਦੀ ਕਾਰਜਕਾਰੀ ਨਿਦੇਸ਼ਕ ਡਾ. ਪੂਨਮ ਮੁਤਰੇਜਾ ਨੇ ਕਿਹਾ ਕਿ ਇਹ ਅਧਿਐਨ ਹਕੀਕਤ ਨੂੰ ਦਰਸਾਉਂਦਾ ਹੈ। ਕੋਵਿਡ ਨਾਲ ਲੜਨਾ ਜ਼ਰੂਰੀ ਹੈ ਪਰ ਮਾਂ ਤੇ ਬੱਚਿਆਂ ਦੀਆਂ ਸਿਹਤ ਸੇਵਾਵਾਂ ਨੂੰ ਕਿਸੇ ਵੀ ਤਰਾਂ ਪ੍ਰਭਾਵਿਤ ਨਹੀਂ ਕੀਤਾ ਜਾਣਾ ਚਾਹੀਦਾ। ਪਰ ਸੱਚਾਈ ਇਹ ਹੈ ਕਿ ਉਹ ਪ੍ਰਭਾਵਿਤ ਹੋਏ ਹਨ। ਸਰਕਾਰ ਨੂੰ ਇਸ ਲਈ ਐਮਰਜੈਂਸੀ ਯੋਜਨਾ ਬਣਾਉਣੀ ਚਾਹੀਦੀ ਹੈ। ਮੈਂ ਚਿਤੌੜਗੜ੍ਹ ਜ਼ਿਲ੍ਹਾ ਹਸਪਤਾਲ ਵਿੱਚ ਵੇਖਿਆ ਕਿ ਇੱਥੇ 300 ਬਿਸਤਰੇ ਹਨ, ਜਿਨ੍ਹਾਂ ਵਿੱਚੋਂ 200 ਕੋਵਿਡ ਦੇ ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ।