ਚੰਡੀਗੜ੍ਹ : ਭਾਰਤੀ ਹਵਾਈ ਫੌਜ ਨੇ 10,000 ਕਿਲੋਗ੍ਰਾਮ ਦੀ ਸਮਰਥਾ ਵਾਲੇ 4 ਚਿਨੂਕ ਹੈਲੀਕਾਪਟਰ ਨੂੰ ਆਪਣੇ ਬੇੜੇ ‘ਚ ਸ਼ਾਮਲ ਕਰ ਲਿਆ ਹੈ। ਚਿਨੂਕ ਇਕ ਉਨਤ ਮਲਟੀ-ਮਿਸ਼ਨ ਹੈਲੀਕਾਪਟਰ ਹੈ, ਜੋ ਭਾਰਤੀ ਹਵਾਈ ਫੌਜ ਨੂੰ ਲੜਾਕੂ ਅਤੇ ਮਨੁੱਖੀ ਮਸ਼ੀਨਾਂ ਦੇ ਪੂਰੇ ਸਪੈਕਟ੍ਰਮ ਵਿਚ ਬੇਜੋੜ ਸਾਮਰਿਕ ਏਅਰਲਿਫਟ ਸਮਰਥਾ ਪ੍ਰਦਾਨ ਕਰੇਗਾ। ਭਾਰੀ ਸਾਮਾਨਾਂ ਨੂੰ ਢੋਹਣ ਵਾਲਾ ਇਹ ਹੈਲੀਕਾਪਟਰ ਇਕ ਸਮੇਂ ਵਿਚ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਨਾਲ ਕਰੀਬ 300 ਫੌਜੀਆਂ ਨੂੰ ਲਿਜਾ ਸਕਦਾ ਹੈ।
ਮਲਟੀ ਮਿਸ਼ਨ ਵਾਲੇ ਚਿਨੂਕ ਹੈਲੀਕਾਪਟਰ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਚੰਡੀਗੜ੍ਹ ਸਥਿਤ ਭਾਰਤੀ ਹਵਾਈ ਫੌਜ ਸਟੇਸ਼ਨ ਵਿਚ ਏਅਰ ਚੀਫ ਮਾਰਸ਼ਲ ਬੀ. ਐਸ. ਧਨੋਆ ਨੇ ਕਿਹਾ ਕਿ, ‘ਦੇਸ਼ ਉਚ ਪੱਧਰੀ ਸੁਰੱਖਿਆ ਚੁਨੌਤੀਆਂ ਦਾ ਸਾਹਮਣਾ ਕਰਦਾ ਹੈ, ਸਾਨੂੰ ਵੱਖ-ਵੱਖ ਖੇਤਰ ਵਿਚ ਵਰਟੀਕਲ ਲਿਫਟ ਸਮਰੱਥਾ ਵਾਲੇ ਹੈਲੀਕਾਪਟਰ ਦੀ ਜ਼ਰੂਰਤ ਸੀ, ਚਿਨੂਕ ਨੂੰ ਵਿਸ਼ੇਸ਼ ਰੂਪ ਤੋਂ ਭਾਰਤੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ, ਇਹ ਇਕ ਰਾਸ਼ਟਰੀ ਜਾਇਦਾਦ ਹੈ।’
ਚਿਨੂਕ ਹੈਲੀਕਾਟਰ ਦੀ ਤਾਕਤ ਬਾਰੇ ਦੱਸਦੇ ਹੋਏ ਹਵਾਈ ਫੌਜ ਦੇ ਮੁਖੀ ਨੇ ਕਿਹਾ, ਚਿਨੂਕ ਹੈਲੀਕਾਪਟਰ ਨਾ ਸਿਰਫ ਦਿਨ ਵਿਚ ਸਗੋਂ ਰਾਤ ਵਿਚ ਵੀ ਫੌਜੀ ਆਪਰੇਸ਼ਨ ਕਰ ਸਕਦਾ ਹੈ। ਇਸ ਦੀ ਦੂਜੀ ਯੂਨਿਟ ਪੂਰਬ ਵਿਚ ਦਿਨਜਾਨ (ਅਸਮ) ਵਿਚ ਹੋਵੇਗੀ। ਚਿਨੂਕ ਨੂੰ ਸ਼ਾਮਲ ਕੀਤਾ ਜਾਣਾ ਗੇਮ ਚੇਂਜਰ ਹੋਵੇਗਾ ਜਿਵੇਂ ਰਾਫੇਲ ਲੜਾਕੂ ਬੇੜੇ ਵਿਚ ਹੋਣ ਜਾ ਰਿਹਾ ਹੈ। ਭਾਰਤ ਏਅਰਸਪੇਸ ਕੰਪਨੀ ਬੋਇੰਗ ਵਲੋਂ 15 ਚਿਨੂਕ ਹੈਲੀਕਾਪਟਰਾਂ ਤੋਂ ਇਲਾਵਾ 22 ਏ.ਐਚ- 64ਈ ਅਪਾਚੇ ਹੈਲੀਕਾਪਟਰਾਂ ਨੂੰ ਖਰੀਦ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਨੇ ਸਤੰਬਰ 2015 ਵਿਚ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਵਲੋਂ 22 ‘ਏ.ਐਚ-64ਈ’ ਅਪਾਚੇ ਲੜਾਕੂ ਹੈਲੀਕਾਪਟਰ ਅਤੇ 15 ‘ਸੀ.ਐਚ-47ਐਫ’ ਚਿਨੂਕ ਹੈਲੀਕਾਪਟਰ ਖਰੀਦਣ ਦੇ ਸੌਦੇ ਨੂੰ ਆਖਰੀ ਰੂਪ ਦਿੱਤਾ ਸੀ। ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਦੇ ਪਾਇਲਟਾਂ ਨੂੰ ਪਿਛਲੇ ਸਾਲ ਅਕਤੂਬਰ ਵਿਚ ਅਮਰੀਕਾ ਦੇ ਡੇਲਾਵਰ ਵਿਚ ਚਿਨੂਕ ਹੇਲੀਕਾਪਟਰਾਂ ਨੂੰ ਉਡਾਣ ਦੀ ਸਿਖਲਾਈ ਲੈਣ ਲਈ ਭੇਜਿਆ ਗਿਆ ਸੀ।