ਲੁਧਿਆਣਾ:ਗੁਰਦੁਆਰੇ ਸਿੱਖੀ ਜੀਵਨ ਦੇ ਸੋਮੇ ਹਨ। ਇਹ ਕੇਵਲ ਪੂਜਾ ਪਾਠ ਲਈ ਧਾਰਮਿਕ ਅਸਥਾਨ ਹੀ ਨਹੀਂ, ਸਗੋਂ ਸਿੱਖਾਂ ਦੇ ਸਮਾਜਿਕ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਵੀ ਹਨ। ਪ੍ਰਸਿੱਧ ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਗੁਰਦੁਆਰੇ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਹੈ, ‘ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ-ਜਗਿਆਸਾ ਲਈ ਗਿਆਨ-ਉਪਦੇਸ਼ਕ ਅਚਾਰੀਆ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤਿ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਿਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ।’ ਗੁਰਦੁਆਰਿਆਂ ਵਿਚ ਸ਼ਬਦ ਗਾਇਨ, ਕਥਾ ਤੇ ਕਵੀਸ਼ਰੀ ਆਦਿ ਰਾਹੀਂ ਅਧਿਆਤਮਿਕ ਗਿਆਨ ਦਾ ਪ੍ਰਚਾਰ ਤਾਂ ਹੋ ਰਿਹਾ ਹੈ, ਜਿਸ ਤੋਂ ਸੰਗਤਾਂ ਸਰਸ਼ਾਰ ਹੋ ਰਹੀਆਂ ਹਨ। ਪੁਰਾਣੇ ਸਮਿਆਂ ਵਿਚ ਸਕੂਲ ਤਾਂ ਬਹੁਤ ਘੱਟ ਹੁੰਦੇ ਸਨ, ਗੁਰਦੁਆਰਿਆਂ ਵਿਚ ਹੀ ਪੜ੍ਹਨ-ਲਿਖਣ ਜੋਗੀ ਪੰਜਾਬੀ ਪੜ੍ਹਾਈ ਜਾਂਦੀ ਸੀ। ਪਹਿਲੇ ਸਮੇਂ ਵਿਚ ਬਹੁਤੇ ਗੁਰਦੁਆਰੇ ਇਸ ਤਰ੍ਹਾਂ ਦੇ ਹੀ ਹੁੰਦੇ ਸਨ। ਆਪਣੀ ਕੈਨੇਡਾ ਯਾਤਰਾ ਦੌਰਾਨ ਇਸ ਲੇਖਕ ਨੇ ਦੇਖਿਆ ਕਿ ਪ੍ਰਵਾਸ ਕਰਕੇ ਗਏ ਪੰਜਾਬੀਆਂ ਲਈ ਉਥੋਂ ਦੇ ਗੁਰਦੁਆਰੇ ਉਨ੍ਹਾਂ ਲਈ ਧਾਰਮਿਕ ਅਸਥਾਨ ਹੋਣ ਤੋਂ ਬਿਨਾਂ ਸਮਾਜਿਕ ਕੇਂਦਰ ਵੀ ਹਨ।
ਹਰ ਸਨਿਚਰਵਾਰ ਤੇ ਐਤਵਾਰ ਛੁੱਟੀ ਹੋਣ ਕਰਕੇ ਇਨ੍ਹਾਂ ਧਾਰਮਿਕ ਸਥਾਨਾਂ ਦੀ ਰੌਣਕ ਦੇਖਣ ਵਾਲੀ ਹੁੰਦੀ ਹੈ। ਬਹੁਤੇ ਲੋਕ ਅਪਣੇ ਪਰਿਵਾਰ ਸਮੇਤ ਮੱਥਾ ਟੇਕਣ ਆਉਂਦੇ ਹਨ, ਲੰਗਰ ਵਿਚ ਸੇਵਾ ਕਰਦੇ ਹਨ। ਇਨ੍ਹਾਂ ਧਾਰਮਿਕ ਸਥਾਨਾਂ ਦੇ ਨਾਲ ‘ਕਮਿਊਨਿਟੀ ਸੈਂਟਰ’ ਵੀ ਬਣੇ ਹੋਏ ਹਨ, ਜਿਥੇ ਬਜ਼ੁਰਗ ਬੈਠ ਕੇ ਲਾਇਬ੍ਰੇਰੀ ਵਿਚ ਅਖ਼ਬਾਰ ਤੇ ਪੁਸਤਕਾਂ ਪੜ੍ਹਦੇ ਹਨ ਤੇ ਕਈ ਵਾਰੀ ਕੋਈ ਇਨਡੋਰ ਗੇਮ ਵੀ ਖੇਡ ਲੈਂਦੇ ਹਨ। ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ, ਕਈ ਥਾਵਾਂ ‘ਤੇ ਸੰਗੀਤ ਤੇ ਸ਼ਬਦ-ਕੀਰਤਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਸਾਰੇ ਲੋਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਡਟ ਕੇ ਕੰਮ ਕਰਦੇ ਹਨ। ਅਕਸਰ ਵਿਆਹ-ਸ਼ਾਦੀ ਦੇ ਸਮਾਗਮ ਵੀ ਸਨਿਚਰਵਾਰ ਤੇ ਐਤਵਾਰ ਨੂੰ ਹੁੰਦੇ ਹਨ, ਜੋ ਅਕਸਰ ਕਿਸੇ ਗੁਰਦੁਆਰੇ ਵਿਚ ਹੀ ਹੁੰਦੇ ਹਨ। ਸ਼ਾਮ ਨੂੰ ਮੁੰਡੇ ਵਾਲੇ ਕਿਸੇ ਹੋਟਲ ਵਿਚ ਪਾਰਟੀ ਦੇ ਦਿੰਦੇ ਹਨ। ਇਸੇ ਤਰ੍ਹਾਂ ਪਰਿਵਾਰ ਵਿਚ ਕੋਈ ਮੌਤ ਹੋ ਜਾਵੇ, ਉਸ ਦੀ ਯਾਦ ਵਿਚ ਅੰਤਿਮ ਅਰਦਾਸ ਤੇ ਭੋਗ ਦੀ ਰਸਮ ਕਿਸੇ ਗੁਰਦੁਆਰੇ ਵਿਚ ਹੀ ਸਨਿਚਰਵਾਰ ਜਾਂ ਐਤਵਾਰ ਨੂੰ ਹੁੰਦੀ ਹੈ। ਸਾਡੇ ਗੁਰਦੁਆਰੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਦਾ ਗਿਆਨ ਦੇਣ ਵਾਲੇ ਕੇਂਦਰ ਵੀ ਬਣ ਜਾਣੇ ਚਾਹੀਦੇ ਹਨ।
ਇਕ ਚੰਗੀ ਪੁਸਤਕ ਇਕ ਚੰਗਾ ਦੋਸਤ, ਫਿਲਾਸਫਰ ਤੇ ਗਾਈਡ ਹੋ ਸਕਦੀ ਹੈ। ਕਈ ਵਾਰੀ ਇਕ ਪੁਸਤਕ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ। ਇਕ ਸੁਝਾਅ ਹੈ ਕਿ ਗੁਰਦੁਆਰਿਆਂ ਵਿਚ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਜਾਣ, ਜਿਥੇ ਸਿੱਖ ਧਰਮ, ਫਿਲਾਸਫੀ ਤੇ ਨੈਤਿਕ ਕਦਰਾਂ-ਕੀਮਤਾਂ ਦਾ ਗਿਆਨ ਦੇਣ ਵਾਲੀਆਂ ਪੁਸਤਕਾਂ ਹੋਣ। ਦੇਸ਼ ਦੀ ਆਜ਼ਾਦੀ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬੇ ਲਈ ਸੰਘਰਸ਼ ਤੇ ਚੰਗੇ ਸਾਹਿਤ ਬਾਰੇ ਵੀ ਪੁਸਤਕਾਂ ਹੋਣ। ਸਮਾਜ ਵਿਚ ਹਰ ਧਰਮ ਦੇ ਲੋਕ ਰਹਿੰਦੇ ਹਨ, ਦੂਜੇ ਧਰਮਾਂ ਬਾਰੇ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਵੀ ਰੱਖੀਆਂ ਜਾ ਸਕਦੀਆਂ ਹਨ।
ਗੁਰਦੁਆਰਾ ਗੋਲਕ ਵਿਚੋਂ ਲਾਇਬ੍ਰੇਰੀ ਤੇ ਪੁਸਤਕਾਂ ਖਰੀਦਣ ਲਈ ਖਰਚ ਕੀਤਾ ਜਾ ਸਕਦਾ ਹੈ। ਆਪਣੇ ਹਲਕੇ ਦੇ ਮੈਂਬਰ ਦੀ ਸਿਫਾਰਿਸ਼ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਧਾਰਮਿਕ ਪੁਸਤਕਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਲਾਇਬ੍ਰੇਰੀ ਵਿਚ ਅਖ਼ਬਾਰ ਵੀ ਮੰਗਵਾਏ ਜਾ ਸਕਦੇ ਹਨ, ਗੁਰਦੁਆਰੇ ਆਉਣ ਵਾਲੇ ਸ਼ਰਧਾਲੂ ਸ਼ਬਦ ਕੀਰਤਨ ਤੇ ਕਥਾ ਆਦਿ ਸਰਵਣ ਕਰਨ ਪਿੱਛੋਂ ਇਹ ਅਖ਼ਬਾਰ ਪੜ੍ਹ ਸਕਦੇ ਹਨ। ਲੁਧਿਆਣੇ ਸਰਾਭਾ ਨਗਰ ਤੇ ਭਾਈ ਰਣਧੀਰ ਸਿੰਘ ਨਗਰ, ਈ ਬਲਾਕ ਦੇ ਗੁਰਦੁਆਰਿਆਂ ਵਿਚ ਅਖ਼ਬਾਰ ਪੜ੍ਹਨ ਲਈ ਲਾਇਬ੍ਰੇਰੀ ਵਾਲੇ ਕਮਰੇ ਵਿਚ ਵੱਡੇ-ਵੱਡੇ ਮੇਜ਼ ਲਗਾਏ ਹੋਏ ਹਨ।
ਹੋਰ ਵੀ ਧਾਰਮਿਕ ਸਥਾਨਾਂ ਵਿਚ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਜਾ ਸਕਦੀਆਂ ਹਨ।