ਲਗਪਗ 25 ਸਾਲਾਂ ਤੋਂ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਤੇ ਅਧਿਆਪਨ ਨਾਲ ਬਾਵਸਤਾ ਹੁੰਦਿਆਂ ਮੇਰਾ ਵਾਹ ਪੰਜਾਬੀ ਲੇਖਕਾਂ ਦੀਆਂ ਵੰਨ-ਸਵੰਨੀਆਂ ਲਿਖਤਾਂ ਨਾਲ ਪੈਂਦਾ ਰਿਹਾ ਹੈ।ਅਹਿਮ ਲਿਖਤਾਂ ਜ਼ਰੀਏ ਲੇਖਕਾਂ ਤੱਕ ਰਸਾਈ ਹੀ ਮੇਰੀ ਜ਼ਿੰਦਗੀ ਦਾ ਹਾਸਲ ਅਤੇ ਸਬੱਬ ਹੈ।ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਬਤੌਰ ਪਾਠਕ ਪੜ੍ਹਨਾ, ਬਤੌਰ ਅਧਿਆਪਕ ਪੜ੍ਹਾਉਣਾ ਅਤੇ ਜਮਾਤ ਵਿੱਚ ਸੰਵਾਦ ਰਚਾਉਣਾ, ਇਹ ਤਜ਼ਰਬੇ ਮੇਰੀ ਸੂਝ ਨੂੰ ਵਸੀਹ ਕਰਨ ਦਾ ਜ਼ਰੀਆ ਬਣੇ।ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ (1964) ਦੇ ਸਿਲੇਬਸ ਦਾ ਹਿੱਸਾ ਬਣਨ ਦਾ ਮੌਕਾ ਮੇਰੇ ਲਈ ਜਸ਼ਨ ਦੀ ਘੜੀ ਸੀ ਪਰ ਨਾਲ ਹੀ 21ਵੀਂ ਸਦੀ ਦੀਆਂ ਬਰੂਹਾਂ ‘ਤੇ ਖੜ੍ਹੇ ਸ਼ਹਿਰੀ ਵਿਦਿਆਰਥੀਆਂ ਨੂੰ ਨਾਵਲ ਦੇ ਪਾਤਰਾਂ ਨਾਲ ਤੋਰਨ ਦੀ ਚੁਣੌਤੀ ਸੀ।
ਸਮਾਜ ਵਿੱਚ ਥਾਂ ਦਾ ਸਵਾਲ
ਜਾਗੀਰਦਾਰੀ ਪ੍ਰਬੰਧ ਵਿੱਚ ਜਾਤੀ ਤੇ ਜਮਾਤੀ ਵੰਡ ਦਾ ਮਸਲਾ ਇਕੱਲੇ ਕਾਰਲ ਮਾਰਕਸ ਨਾਲ ਨਹੀਂ ਨਜਿੱਠਿਆ ਜਾ ਸਕਦਾ। ਉਸ ਨੇ ਜਮਾਤੀ ਪਾੜੇ ਦੇ ਵਿਸ਼ਲੇਸ਼ਣ ਦਾ ਰਾਹ ਜ਼ਰੂਰ ਮੋਕਲਾ ਕਰ ਦਿੱਤਾ ਹੈ।
ਇੱਥੇ ਤਾਂ ਮਸਲਾ ਜਾਗੀਰਦਾਰੀ ਪ੍ਰਬੰਧ ਦੇ ਵੀ ਖਿੰਡਣ ਅਤੇ ਇਨਸਾਨੀ ਸਦਭਾਵਨਾ ਦੀ ਆਖ਼ਰੀ ਤੰਦ ਹੱਥੋਂ ਛੁੱਟਣ ਦਾ ਸੀ।ਨਾਵਲ ਦੇ ਪਾਤਰਾਂ ਧਰਮ ਸਿੰਘ ਅਤੇ ਜਗਸੀਰ ਦੇ ਮੋਹਵੰਤੇ ਸੰਬੰਧਾਂ ਦੀ ਥਾਂ ਲੈਣ ਲਈ ਭੰਤੇ ਅਤੇ ਉਸ ਦੀ ਮਾਂ ਦੀਆਂ ਤਿਊੜੀਆਂ ਅਤੇ ਘੂਰਦੀਆਂ ਨਜ਼ਰਾਂ ਉਨ੍ਹਾਂ ਦੇ ਕਰੜੇ-ਕੌੜੇ ਬੋਲਾਂ ਸਮੇਤ ਹਾਜ਼ਰ ਸਨ।
ਨਾਵਲ ਦੇ ਅਖ਼ੀਰ ਤੋਂ ਕੁਝ ਪਹਿਲਾਂ ਧਰਮ ਸਿੰਘ ਦਾ ਘਰ ਛੱਡ ਜਾਣਾ ਮੂਲੋਂ ਅਸਹਿ ਸੀ ਤੇ ਫਿਰ ਨੰਦੀ (ਜਗਸੀਰ ਦੀ ਮਾਂ) ਦੀ ਮੌਤ… ਸਥਿਤੀ ਬਹੁਤ ਬੋਝਲ ਹੋ ਗਈ।ਵਿਦਿਆਰਥੀ ਛਟਪਟਾਏ, ਔਖੇ ਹੋਏ, ਜਗਸੀਰ ਦੇ ਕੁਝ ਨਾ ਕਰਨ ਵਾਲੇ ਸੁਭਾਅ ‘ਤੇ ਖਿਝੇ, ਉਦਾਸ ਹੋਏ, ਫਿਰ ਬੇਹੱਦ ਪਰੇਸ਼ਾਨ ਹੋਏ।ਧਰਮ ਸਿੰਘ ਦੀ ਘਾਟ ਮਹਿਸੂਸਦੇ ਵਾਰ-ਵਾਰ ਉਸ ਦੇ ਪਰਤ ਆਉਣ ਦੀ ਤਵੱਕੋ ਕਰਦੇ ਓੜਕ ਸਮਝ ਗਏ ਕਿ ਧਰਮ ਸਿੰਘ ਤੇ ਉਸ ਦੇ ਵਰਗਿਆਂ ਦੀ ਇਸ ਵਸਤ-ਪਾਲ ਸਮਾਜ ਵਿੱਚ ਕੋਈ ਥਾਂ ਨਹੀਂ।ਉਸ ਦੇ ਪਰਿਵਾਰ ਵਿੱਚ ਕੋਈ ਵੀ ਉਸ ਦਾ ਉਡੀਕਵਾਨ ਨਹੀਂ। ਜਾਗੀਰਦਾਰੀ ਤੋਂ ਸਰਮਾਏਦਾਰੀ ਵਿੱਚ ਤਬਦੀਲ ਹੋ ਰਹੇ ਆਰਥਿਕ ਨਿਜ਼ਾਮ ਵਿੱਚ ਘਰ-ਪਰਿਵਾਰ, ਸਮਾਜ, ਪਿੰਡ, ਸਭ ਦਾ ਮੁਹਾਂਦਰਾ ਨਾ ਸਿਰਫ਼ ਬਦਲਿਆ ਸਗੋਂ ਓਪਰਾ ਹੋ ਗਿਆ।ਰਿਸ਼ਤੇ, ਆਪਸੀ ਸੰਬੰਧ, ਸਾਂਝਾਂ, ਸਭ ਮੰਡੀ ਦੀ ਵਸਤ ਬਣ ਗਏ ਹਨ। ਅਰਥਚਾਰਾ ਕਿਵੇਂ ਰਿਸ਼ਤਿਆਂ ਦੀ ਵਿਆਕਰਨ ਘੜਦਾ ਅਤੇ ਕਿਵੇਂ ਸਾਂਝਾਂ ਖੁਰਦੀਆਂ, ਜ਼ਿੰਦਗੀ ਦੇ ਇਨ੍ਹਾਂ ਪੇਚੀਦਾ ਸਵਾਲਾਂ ਨੂੰ ਪਰਤ ਦਰ ਪਰਤ ਖੋਲ੍ਹਦਿਆਂ ਨਜ਼ਰ ਦੀ ਹਰ ਧੁੰਦ ਮਿਟ ਗਈ।
ਮਸਲਾ ਸਿਰਫ਼ ਜਾਤੀ, ਜਮਾਤੀ ਨਹੀਂ
ਦੋ ਦਹਾਕਿਆਂ ਬਾਅਦ ‘ਅੰਨ੍ਹੇ ਘੋੜੇ ਦਾ ਦਾਨ’ ਨਾਵਲ ਨਾਲ ਫਿਰ ਤੋਂ ਇੰਟਰਨੈੱਟੀ ਗਿਆਨ ਅਤੇ ਮਸਨੂਈ ਜਗਤ (ਵਰਚੂਅਲ ਵਰਲਡ) ਦੇ ਸਮੁੱਚੇ ਖਿਲਾਰੇ ਦੇ ਸਨਮੁੱਖ ਮੇਰੇ ਤੇ ਵਿਦਿਆਰਥੀਆਂ ਦੇ ਅੱਗੇ ਨਵੀਂ ਵੰਗਾਰ ਸੀ।
‘ਵਿਹੜੇ ਵਾਲਿਆਂ’ ਦੀ ਜ਼ਮੀਨ-ਜਾਇਦਾਦ ਤੋਂ ਵਾਂਝੀ ਸਮਾਜਿਕ ਸਥਿਤੀ ਸਰਕਾਰ, ਸਰਕਾਰੀ ਕਰਮਚਾਰੀਆਂ, ਸਰਪੰਚ ਤੋਂ ਲੈ ਕੇ ਪੁਲਿਸ ਤਕ, ਸਭ ਦੀ ਇੱਕਜੁੱਟਤਾ ਸਾਹਮਣੇ ਕਿੰਨੀ ਵੀ ਨਿਹੱਥੀ ਕਿਉਂ ਨਾ ਹੋਵੇ, ਹਾਲਾਤ ਅੱਗੇ ਝੁਕਣ ਤੋਂ ਇਨਕਾਰੀ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਚੱਲ ਰਹੇ ‘ਜ਼ਮੀਨ ਪ੍ਰਾਪਤੀ ਸੰਘਰਸ਼’ ਮੋਰਚੇ ਵਿਚਲੇ ਕਾਰਕੁੰਨ ਅਤੇ ਨਾਵਲ ਦੇ ਪਾਤਰ ਅਜਿਹੀ ਜ਼ਮੀਨ ਉਸਾਰਦੇ ਨੇ ਜਿੱਥੇ ਦੋਹਾਂ ਦਾ ਰੋਹ ਰਲ਼ਗੱਡ ਹੋ ਸੰਭਾਵੀ ਹਲ ਲੱਭਣ ਵੱਲ ਤੁਰਦਾ ਹੈ।ਸਾਡੇ ਸੰਵਾਦ ਦਾ ਧੁਰਾ ਸ਼ਹਿਰ ਹਿਜ਼ਰਤ ਕਰਨ ਤੋਂ ਪਹਿਲਾਂ ਅਤੇ ਮਗਰੋਂ, ਦੋਵੇਂ ਹਾਲਾਤ ‘ਤੇ ਟਿਕਿਆ ਰਿਹਾ। ਜੇ ਪਿੰਡ ਹੁਣ ‘ਮੜ੍ਹੀ ਦਾ ਦੀਵਾ’ ਵੇਲੇ ਤੋਂ ਵੀ ਵਧੇਰੇ ਸੰਵੇਦਨਹੀਣ ਹੋ ਗਿਆ ਹੈ ਤਾਂ ਸ਼ਹਿਰ ਕਦੇ ਵੀ ਸਕਾ ਨਹੀਂ ਸੀ।
ਨਾਵਲ ਦੇ ਪਾਤਰਾਂ ਮੇਲੂ ਅਤੇ ਉਸ ਦੇ ਬਾਪੂ ਦਾ ਕਰਮਵਾਰ ਪਿੰਡ ਅਤੇ ਸ਼ਹਿਰ ਵੱਲ ਨੂੰ ਪਾਇਆ ਚਾਲਾ ਸਥਿਤੀ ਦੀ ਤ੍ਰਾਸਦੀ ਨੂੰ ਉਭਾਰਦਾ ਹੈ। ਸ਼ਹਿਰ ਹਿਜ਼ਰਤ ਕਰ ਚੁੱਕੇ ਮੇਲੂ ਨੂੰ ਜਿਊਣ ਦਾ ਰਾਹ ਪਿੰਡ ਪਰਤਣ ਵਿੱਚੋਂ ਦਿਸਦਾ ਹੈ।ਪਿੰਡ ਵਿਚਲੇ ਨਿਰਮੋਹੇ ਵਾਤਾਵਰਨ ਵਿੱਚ ਡੌਰ-ਭੌਰ ਹੋਏ ਉਸ ਦੇ ਬਾਪੂ ਦੀ ਉਮੀਦ ਦੀ ਆਖਰੀ ਤੰਦ ਸ਼ਹਿਰ ਨਾਲ ਜੁੜਨ ਲਈ ਮਜਬੂਰ ਹੈ। ਨਾਵਲ ਦੇ ਅੰਤ ਵਿੱਚ ਦੋਵੇਂ ਆਪੋ-ਆਪਣੇ ਸਫ਼ਰ ‘ਤੇ ਹਨ। ਉਨ੍ਹਾਂ ਦਾ ਕਿਧਰੇ ਪਹੁੰਚਣਾ ਜਾਂ ਨਾ-ਪਹੁੰਚਣਾ ਬੇ-ਮਾਅਨੇ ਹੈ, ਜਦੋਂ ਤਕ ਹੋ ਰਹੀ ਲੁੱਟ ਪ੍ਰਤੀ ਚੇਤੰਨ ਨਹੀਂ।ਪਿੰਡ ਵਿੱਚ ਉਠਿਆ ਨਵਾਂ ਪੋਚ ਨਵੀਆਂ ਸੰਭਾਵਨਾਵਾਂ ਦਾ ਦਰ ਖੋਲ੍ਹਦਾ ਹੈ, ਜੋ ਵਧੀਕੀਆਂ ਖ਼ਿਲਾਫ਼ ਅਤੇ ਹੱਕ-ਸੱਚ ਲਈ ਲੜਨ ਦੀ ਲੋੜ ਨੂੰ ਸਮਝ ਰਿਹਾ ਹੈ।ਰਵਾਇਤਾਂ ਦੇ ਨਾਂ ‘ਤੇ ਖੋਹੇ ਜਾ ਰਹੇ ਹੱਕਾਂ ਖ਼ਿਲਾਫ਼ ਸੰਘਰਸ਼ ਵਿੱਢਣਾ ਵੀ ਇਸ ਨਾਵਲ ਦਾ ਹਾਸਿਲ ਹੈ। ਅੰਨ੍ਹੇ ਘੋੜੇ ਦੀ ਮਿੱਥ ਜਰੀਏ ਸਦੀਆਂ ਤੋਂ ਦਾਨ ਦੇ ਕੇ ਵਰਚਾਉਣ ਅਤੇ ਹੱਕ ਨਾ ਦੇਣ ਦੀ ਸਾਜ਼ਿਸ਼ ਦਾ ਖੁਲਾਸਾ ਹੈ ਨਾਵਲ ਦੇ ਆਖਿਰ ਵਿੱਚ ਦਲਿਤਾਂ ਦੁਆਰਾ ਗ੍ਰਹਿਣ ਦੇ ਦਿਨ ਦਾਨ ਲੈਣ ਤੋਂ ਇਨਕਾਰ ਕਰਨਾ ਦਰਅਸਲ ਹੋ ਰਹੀ ਲੁੱਟ ਖ਼ਿਲਾਫ਼ ਜੱਦੋਜਹਿਦ ਦਾ ਆਗ਼ਾਜ਼ ਹੈ।ਹੁਣ ਉਹ ਦਾਨ ਨਹੀਂ ਸਗੋਂ ਬਣਦਾ ਹੱਕ ਲੈਣ ਵਾਸਤੇ ਜੂਝਣ ਲਈ ਉੱਠ ਖੜ੍ਹੇ ਹਨ। ਰਹਿੰਦ-ਖੂੰਹਦ ‘ਤੇ ਪਰਚਣ ਦੀ ਥਾਂ ਉਹ ਆਪਣੇ ਹਕੂਕ ਦੀ ਰਾਖੀ ਕਰਨ ਲਈ ਤਿਆਰ ਹਨ।
ਦੋਵੇਂ ਨਾਵਲ ਵੱਖ-ਵੱਖ ਸਮੇਂ ‘ਤੇ ਲਿਖੀ ਅਜਿਹੀ ਇਬਾਰਤ ਹੋ ਨਿੱਬੜਦੇ ਹਨ ਜੋ ਇਨਸਾਨੀ ਸੰਘਰਸ਼ ਦਾ ਗੌਰਵ ਬਰਕਰਾਰ ਰੱਖਦੇ ਹਨ।ਕਦੇ ਧੀਮੇ, ਕਦੇ ਉੱਚੇ, ਰੋਹਮਈ ਬੋਲਾਂ ਜਰੀਏ ਮਨੁੱਖੀ ਜ਼ਿੰਦਗੀ ਦੇ ਹਰ ਹਾਲ ਜਿਊਣ ਨਹੀਂ ਅਤੇ ਹਰ ਪਲ ਜਿਊਣ ਦੀ ਅਮਰ-ਗਾਥਾ ਲਿਖਦਿਆਂ, ਗੁਰਦਿਆਲ ਸਿੰਘ ਪਾਤਰਾਂ ਨੂੰ ਉਨ੍ਹਾਂ ਦੇ ਮੌਜੂਦਾ ਸਮਾਜੋ-ਆਰਥਕ ਹਾਲਾਤ ਵਿੱਚੋਂ ਨਿਕਲਣ ਲਈ ਸੰਘਰਸ਼ ਦੇ ਰਾਹੇ ਤੋਰਦਾ ਹੈ। ਸੰਘਰਸ਼ ਜੋ ਹੋਣ ਦਾ ਵੀ ਹੈ, ਥੀਣ ਦਾ ਵੀ ਹੈ।ਅੱਜ ਦੀ ਪੀੜ੍ਹੀ ਜਦੋਂ ਜ਼ਮੀਨ ਅਤੇ ਸਾਧਨਾਂ ਦੀ ਅਸਾਵੀਂ ਵੰਡ ਤੇ ਅਸਾਂਝੀ ਮਾਲਕੀ ਅਤੇ ਜਾਤਾਂ ਦੀ ਹੁਣਵੇਂ ਸਮਾਜ ਵਿਚਲੀ ਥਾਂ ਬਾਰੇ ਸਵਾਲ ਕਰਦੀ ਹੈ ਤਾਂ ਮੁੱਦਾ ਸਮਾਜ ਅਤੇ ਸੋਚ ਦੇ ਬਦਲਣ ਦੇ ਨਾਲ-ਨਾਲ ਮੌਜੂਦਾ ਪ੍ਰਬੰਧ ਵਿੱਚ ਸਰਕਾਰਾਂ ਦੀ ਕਾਰਗੁਜ਼ਾਰੀ ਅਤੇ ਨੀਤੀਆਂ ਦੀ ਪੜਚੋਲ ਦਾ ਵੀ ਬਣਦਾ ਹੈ।ਕਿਸੇ ਵੀ ਕਿਸਮ ਦੇ ਵਿਤਕਰੇ ‘ਤੇ ਸਵਾਲ ਪੁੱਛਦੇ ਉਹ ਪੰਜਾਬ ਦੀ ਨਾਬਰੀ ਦੀ ਰਵਾਇਤ ਨੂੰ, ਆਪਣੇ ਅੰਦਰਲੇ ਵਿਵੇਕ ਨੂੰ ਮੁਖ਼ਾਤਿਬ ਹਨ। ਗੁਰਦਿਆਲ ਸਿੰਘ ਦੇ ਪਾਤਰਾਂ ਬਾਰੇ ਫ਼ਿਕਰਮੰਦ ਹੁੰਦਿਆਂ ਉਹ ਇਨਸਾਨੀਅਤ ਨੂੰ, ਅੱਜ ਦੇ ਸਮਿਆਂ ਨੂੰ ਮੁਖ਼ਾਤਿਬ ਹਨ।