ਪਿਉਂਗਯਾਂਗ : ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕਿਹਾ ਹੈ ਕਿ ਉਹ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਪ੍ਰਤੀ ਵਚਨਵੱਧ ਹਨ ਪਰ ਉਨ੍ਹਾਂ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਦੇਸ ‘ਤੇ ਪਾਬੰਦੀਆਂ ਬਰਕਰਾਰ ਰੱਖਦਾ ਹੈ ਤਾਂ ਉਨ੍ਹਾਂ ਦਾ ਇਰਾਦਾ ਬਦਲ ਵੀ ਸਕਦਾ ਹੈ। ਕਿਮ ਜੋਂਗ ਉਨ ਨੇ ਇਹ ਗੱਲ ਦੇਸ ਨੂੰ ਸੰਬੋਧਨ ਕਰਦਿਆਂ ਨਵੇਂ ਸਾਲ ਦੇ ਭਾਸ਼ਣ ‘ਚ ਕਹੀ ਹੈ। ਪਿਛਲੇ ਸਾਲ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੇਸ ਦੇ ਸੰਬੰਧ ਦੱਖਣੀ ਕੋਰੀਆ ਅਤੇ ਅਮਰੀਕਾ ਨਾਲ ਬਿਹਤਰ ਕੀਤੇ ਸਨ। ਉਨ੍ਹਾਂ ਦੇ ਕੂਟਨੀਤਕ ਕਦਮਾਂ ਨੂੰ ਬੇਮਿਸਾਲ ਦੱਸਿਆ ਜਾ ਰਿਹਾ ਸੀ। ਕਿਮ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੂਨ 2018 ‘ਚ ਪਰਮਾਣੂ ਹਥਿਆਰ ਨਸ਼ਟ ਕਰਨ ਬਾਰੇ ਮੁਲਾਕਾਤ ਕੀਤੀ ਸੀ ਪਰ ਇਸ ਦੇ ਅਜੇ ਕੁਝ ਹੀ ਸਿੱਟੇ ਸਾਹਮਣੇ ਆਏ ਹਨ। 2017 ‘ਚ ਉੱਤਰ ਕੋਰੀਆ ਵੱਲੋਂ ਪਰਮਾਣੂ ਮਿਜ਼ਾਇਲ ਦੇ ਪਰੀਖਣ ਤੋਂ ਬਾਅਦ ਅਮਰੀਕਾ ਅਤੇ ਉੱਤਰ ਕੋਰੀਆਂ ਵਿਚਾਲੇ ਤਲਖ਼ੀਆਂ ਵੱਧ ਗਈਆਂ ਸਨ। ਉੱਤਰ ਕੋਰੀਆ ਦਾ ਦਾਅਵਾ ਸੀ ਕਿ ਉਸ ਦੀ ਮਿਜ਼ਾਇਲ ਅਮਰੀਕਾ ਤੱਕ ਜਾ ਸਕਦੀ ਹੈ। ਦੋਵਾਂ ਦੇਸਾਂ ਵਿਚਾਲੇ ਜੰਗ ਛਿੜਨ ਤੱਕ ਦੀ ਗੱਲ ਹੋ ਰਹੀ ਸੀ। ਇਸ ਤੋਂ ਬਾਅਦ ਦੋਵਾਂ ਦਾ ਮੇਲ-ਮਿਲਾਪ ਹੋਇਆ।ਕਿਮ ਨੇ ਕੀ-ਕੀ ਕਿਹਾ
ਮੰਗਲਵਾਰ ਦੀ ਸਵੇਰ ਸਰਕਾਰੀ ਚੈਨਲ ‘ਤੇ ਦਿੱਤੇ ਆਪਣੇ ਭਾਸ਼ਣ ‘ਚ ਕਿਮ ਨੇ ਕਿਹਾ, “ਜੇਕਰ ਅਮਰੀਕਾ ਪੂਰੀ ਦੁਨੀਆਂ ਸਾਹਮਣੇ ਕੀਤੇ ਵਾਅਦੇ ਨੂੰ ਨਹੀਂ ਨਿਭਾਉਂਦਾ ਅਤੇ ਸਾਡੇ ਗਣਰਾਜ ‘ਤੇ ਦਬਾਅ ਤੇ ਪਾਬੰਦੀ ਲਗਾਉਂਦਾ ਹੈ ਤਾਂ ਸਾਨੂੰ ਆਪਣੇ ਹਿੱਤ ਅਤੇ ਪ੍ਰਭੂਸੱਤਾ ਨੂੰ ਸੁਰੱਖਿਅਤ ਰੱਖਣ ਦੇ ਨਵੇਂ ਰਸਤੇ ਦੀ ਚੋਣ ਕਰਨੀ ਪਵੇਗੀ।” ਉਨ੍ਹਾਂ ਨੇ ਕਿਹਾ ਕਿ ਉਹ ਟਰੰਪ ਨਾਲ ਕਦੇ ਵੀ ਅਤੇ ਕਿਸੇ ਵੀ ਵੇਲੇ ਮਿਲਣ ਲਈ ਤਿਆਰ ਹਨ।

ਉੱਤਰ ਕੋਰੀਆ ਦੇ ਪਰਮਾਣੂ ਅਤੇ ਬੈਲਿਸਟਿਕ ਮਿਜ਼ਾਇਲ ਹਥਿਆਰ ਪ੍ਰੋਗਰਾਮਾਂ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਉਸ ‘ਤੇ ਪਾਬੰਦੀਆਂ ਲਗਾਈਆਂ ਹਨ। ਪਿਛਲੇ ਸਾਲ ਉੱਤਰ ਕੋਰੀਆ ਨੇ ਰਿਸ਼ਤੇ ਸਵਾਰੇ ਪਿਛਲੇ ਸਾਲ ਆਪਣੇ ਨਵੇਂ ਸਾਲ ਦੇ ਭਾਸ਼ਣ ‘ਚ ਕਿਮ ਨੇ ਐਲਾਲ ਕੀਤਾ ਸੀ ਕਿ ਉਨ੍ਹਾਂ ਦਾ ਦੇਸ ਦੱਖਣੀ ਕੋਰੀਆ ‘ਚ ਹੋਣ ਵਾਲੀਆਂ ਵਿੰਟਰ ਓਲੰਪਿਕ ‘ਚ ਹਿੱਸਾ ਲਵੇਗਾ, ਜਿਸ ਕਾਰਨ ਦੋਵਾਂ ਦੇਸਾਂ ਦੇ ਸੰਬੰਧਾਂ ‘ਚ ਥੋੜ੍ਹੀ ਮਿਠਾਸ ਆਈ। ਇਸ ਤੋਂ ਬਾਅਦ ਪਿਛਲੇ ਸਾਲ ਜੂਨ ‘ਚ ਹੀ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਅੰਤਰ-ਕੋਰੀਆਈ ਸੀਮਾ ‘ਤੇ ਇੱਕ ਸੰਮੇਲਨ ‘ਚ ਹਿੱਸਾ ਲਿਆ ਸੀ।
ਪਿਛਲੇ ਸਾਲ ਜੂਨ ‘ਚ ਹੀ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਸੰਮੇਲਨ ਵਿੱਚ ਹਿੱਸਾ ਲਿਆ ਸੀ ਉਹ ਦੋਵੇਂ ਦੋ ਵਾਰ ਮਿਲੇ ਪਰ ਪਿਛਲੇ ਸਾਲ ਦੀ ਸਭ ਤੋਂ ਖ਼ਾਸ ਮੁਲਾਕਾਤ ਕਿਮ ਅਤੇ ਟਰੰਪ ਵਿਚਾਲੇ ਰਹੀ। ਇਹ ਇਤਿਹਾਸਕ ਸੰਮੇਲਨ ਸਿੰਗਾਪੁਰ ਵਿੱਚ ਹੋਇਆ ਜਿੱਥੇ ਉੱਤਰੀ ਕੋਰੀਆ ਅਤੇ ਅਮਰੀਕਾ ਦੇ ਨੇਤਾ ਆਪਸ ਵਿੱਚ ਮਿਲੇ। ਅਜਿਹਾ ਪਹਿਲੀ ਵਾਰ ਸੀ ਜਦੋਂ ਕਿਸੇ ਉੱਤਰ ਕੋਰੀਆ ਦੇ ਨੇਤਾ ਨੇ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਉਸ ਵੇਲੇ ਦੋਵਾਂ ਨੇ ਪਰਮਾਣੂ ਹਥਿਆਰ ਨਸ਼ਟ ਕਰਨ ਬਾਰੇ ਇਕੱਠੇ ਕੰਮ ਕਰਨ ‘ਤੇ ਸਹਿਮਤੀ ਜਤਾਈ।