ਲੰਡਨ — ਕੁੜੀਆਂ ਦੀ ਸਿੱਖਿਆ ਦੇ ਹੱਕ ‘ਚ ਲੜਨ ਵਾਲੀ ਅਤੇ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਰਜ਼ੀ ਦੀ ਤਸਵੀਰ ਨੂੰ ਲੰਡਨ ਦੇ ਨੈਸ਼ਨਲ ਪੋਰਟਰੇਟ ਗੈਲਰੀ ਵਿਚ ਲਾਇਆ ਗਿਆ ਹੈ, ਇਸ ਮੌਕੇ ਮਲਾਲਾ ਖੁਦ ਮੌਜੂਦ ਸੀ। ਮਲਾਲਾ ਨੇ ਆਸ ਪ੍ਰਗਟਾਈ ਹੈ ਕਿ ਨੈਸ਼ਨਲ ਪੋਰਟਰੇਟ ਗੈਲਰੀ ‘ਚ ਲੱਗੀ ਨਵੀਂ ਤਸਵੀਰ ਦੇਖਣ ਵਾਲੇ ਲੋਕਾਂ ਨੂੰ ਯਾਦ ਦਿਵਾਏਗੀ ਕਿ ਦੁਨੀਆ ਭਰ ਦੀਆਂ ਕੁੜੀਆਂ ਤਬਦੀਲੀ ਲਈ ਲੜ ਰਹੀਆਂ ਹਨ।
ਮਲਾਲਾ ਦੀ ਤਸਵੀਰ ਨੂੰ ਈਰਾਨੀ ਮੂਲ ਦੇ ਕਲਾਕਾਰ ਅਤੇ ਫਿਮਲ ਨਿਰਮਾਤਾ ਸੀਰੀਨ ਨੇਸ਼ਤ ਵਲੋਂ ਤਿਆਰ ਕੀਤਾ ਗਿਆ ਹੈ। ਸੀਰੀਨ ਨੇਸ਼ਤ ਨੇ ਕਿਹਾ ਕਿ ਮਲਾਲਾ ਇਕ ਅਜਿਹੀ ਲੜਕੀ ਹੈ, ਜਿਸ ਨੇ ਮੌਤ ਨੂੰ ਵੀ ਮਾਤ ਦੇ ਦਿੱਤੀ। ਉਹ ਔਰਤਾਂ ਦੀ ਹੱਕਾਂ ਖਾਸ ਤੌਰ ‘ਤੇ ਸਿੱਖਿਆ ਦੇ ਹੱਕ ਲਈ ਲੜੀ ਅਤੇ ਛੋਟੀ ਉਮਰ ‘ਚ ਹੀ ਉਸ ਨੂੰ ਨੋਬਲ ਪੁਰਸਕਾਰ ਮਿਲਿਆ। ਇੱਥੇ ਦੱਸ ਦੇਈਏ ਕਿ ਮਲਾਲਾ ਦੀਆਂ ਦੋ ਤਸਵੀਰਾਂ ਹਨ, ਜਿਨ੍ਹਾਂ ‘ਚੋਂ ਇਕ ਨੂੰ ਹੁਣ ਜਨਤਕ ਕੀਤਾ ਗਿਆ ਹੈ। ਦੂਜੀ ਤਸਵੀਰ ਨੂੰ 2020 ‘ਚ ਲੋਕ ਅਰਪਣ ਕੀਤਾ ਜਾਵੇਗਾ, ਜਿਸ ‘ਚ ਮਲਾਲਾ ਇਕ ਸਕੂਲ ਦੇ ਡੈਸਕ ‘ਤੇ ਕਿਤਾਬ ਖੋਲ੍ਹ ਕੇ ਬੈਠੀ ਨਜ਼ਰ ਆਵੇਗੀ। ਮਲਾਲਾ ਨੇ ਕਿਹਾ, ”ਉਸ ਨੂੰ ਖੁਸ਼ੀ ਹੈ ਕਿ ਨੈਸ਼ਨਲ ਪੋਰਟਰੇਟ ਗੈਲਰੀ ਵਿਚ ਉਸ ਨੂੰ ਮਹਾਨ ਲੇਖਕਾਂ, ਕਲਾਕਾਰਾਂ ਅਤੇ ਨੇਤਾਵਾਂ ਨਾਲ ਥਾਂ ਦਿੱਤੀ ਗਈ ਹੈ। ਮੈਂ ਆਸ ਕਰਦੀ ਹਾਂ ਕਿ ਇਹ ਤਸਵੀਰ ਯਾਦ ਦਿਵਾਏਗੀ ਕਿ ਲੜਕੀਆਂ ਅੱਜ ਵੀ ਹਰ ਥਾਂ ਦੇਸ਼ਾਂ ਅਤੇ ਸਮਾਜ ਨੂੰ ਬਦਲਣ ਲਈ ਲੜ ਰਹੀਆਂ ਹਨ।”ਜ਼ਿਕਰਯੋਗ ਹੈ ਕਿ ਕੁੜੀਆਂ ਦੇ ਹੱਕ ਵਿਚ ਲੜਨ ਵਾਲੇ ਮਲਾਲਾ ਦਾ ਜਨਮ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ 12 ਜੁਲਾਈ 1997 ਨੂੰ ਹੋਇਆ। ਤਾਲਿਬਾਨ ਦੇ ਫਰਮਾਨ ਦੇ ਬਾਵਜੂਦ ਮਲਾਲਾ ਨੇ ਕੁੜੀਆਂ ਨੂੰ ਪੜ੍ਹਾਉਣ ਦੀ ਮੁਹਿੰਮ ਚਲਾਈ। ਤਾਲਿਬਾਨ ਅੱਤਵਾਦੀਆਂ ਨੇ ਇਸ ਗੱਲ ਤੋਂ ਨਾਰਾਜ਼ ਹੋ ਕੇ ਉਸ ਨੂੰ ਹਿਟ ਲਿਸਟ ਵਿਚ ਲੈ ਲਿਆ। ਪਾਕਿਸਤਾਨ ਦੇ ਸਵਾਤ ਘਾਟੀ ਵਿਚ ਸਕੂਲ ਤੋਂ ਪਰਤਦੇ ਸਮੇਂ ਉਸ ‘ਤੇ ਅੱਤਵਾਦੀਆਂ ਨੇ 2012 ‘ਚ ਹਮਲਾ ਕਰ ਦਿੱਤਾ ਸੀ। ਇਸ ਹਮਲੇ ਮਗਰੋਂ ਮਲਾਲਾ ਨੇ ਮੌਤ ਨੂੰ ਹਰਾ ਦਿੱਤਾ।