ਚੰਡੀਗੜ੍ਹ: ਪੰਜਾਬ ਦੀਆਂ ਸੜਕਾਂ ‘ਤੇ ਅੱਜ ਟਰੈਕਟਰ ਹੀ ਟਰੈਕਟਰ ਦਿਖਾਈ ਦਿੱਤੇ। ਪੰਜਾਬ ਦੀਆਂ 12 ਕਿਸਾਨ ਜਥੇਬੰਦੀਆਂ ਵੱਲੋਂ 21 ਜ਼ਿਲ੍ਹਿਆਂ ਵਿੱਚ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ। ਕਿਸਾਨ ਖੇਤੀ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰਨ, ਬਿਜਲੀ ਐਕਟ 2020 ਵਾਪਸ ਲੈਣ, ਤੇਲ ਦੀਆਂ ਕੀਮਤਾਂ ਅੱਧੀਆਂ ਕਰਨ ਤੇ ਜੇਲ੍ਹ ਡੱਕੇ ਜਮਹੂਰੀ ਕਾਰਕੁਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉੱਤਰੇ ਹਨ।
ਜਥੇਬੰਦੀਆਂ ਦਾ ਦਾਅਵਾ ਹੈ ਕਿ ਹਜ਼ਾਰਾਂ ਕਿਸਾਨ ਦਸ ਹਜ਼ਾਰ ਤੋਂ ਵੱਧ ਟਰੈਕਟਰਾਂ ’ਤੇ ਮੋਦੀ ਸਰਕਾਰ ਦੇ ਮੰਤਰੀਆਂ ਤੇ ਅਕਾਲੀ-ਭਾਜਪਾ ਵਿਧਾਇਕਾਂ ਸਮੇਤ ਇਸ ਗੱਠਜੋੜ ਦੇ ਹੋਰ ਪ੍ਰਮੁੱਖ ਆਗੂਆਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਧਰਨੇ ਵੀ ਦੇ ਰਹੇ ਹਨ।
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੂਬਾਈ ਕਨਵੀਨਰ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਇਹ ਮਾਰਚ ਤੇ ਧਰਨੇ ਕਿਸਾਨ ਯੂਨੀਅਨ ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ), ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਤੇ ਜੈ ਕਿਸਾਨ ਅੰਦੋਲਨ ’ਤੇ ਆਧਾਰਤ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨਾਲ ਸਬੰਧਤ 10 ਕਿਸਾਨ ਜਥੇਬੰਦੀਆਂ ਸਮੇਤ ਕਿਸਾਨ ਯੂਨੀਅਨ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸਾਂਝੇ ਤੌਰ ’ਤੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਟਿਆਲਾ ’ਚ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਸਮੇਤ ਘਰ ਅੱਗੇ ਵੀ ਰੋਸ ਮਾਰਚ ਕੀਤਾ ਜਾ ਰਿਹਾ ਹੈ। ਬਠਿੰਡਾ ਵਿੱਚ ਸਿਕੰਦਰ ਸਿੰਘ ਮਲੂਕਾ ਸਮੇਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਬਾਦਲ ਸਥਿਤ ਦਫ਼ਤਰ ਵਿੱਚ ਵੀ ਕਿਸਾਨਾਂ ਦੇ ਕਾਫ਼ਲੇ ਪੁੱਜੇ ਹਨ।
ਜ਼ਿਲ੍ਹਾ ਤਰਨ ਤਾਰਨ ਵਿੱਚ ਆਦੇਸ਼ ਪ੍ਰਤਾਪ ਕੈਰੋਂ, ਫਗਵਾੜਾ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਨਕੋਦਰ ਵਿੱਚ ਸ੍ਰੀ ਵਡਾਲਾ, ਮਾਨਸਾ ਵਿੱਚ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਕੋਟਕਪੂਰਾ ’ਚ ਮਨਤਾਰ ਬਰਾੜ ਤੇ ਫ਼ਰੀਦਕੋਟ ਵਿੱਚ ਬੰਟੀ ਰੋਮਾਣਾ ਦੇ ਦਫ਼ਤਰਾਂ ਤੇ ਘਰਾਂ ਵੱਲ ਕਿਸਾਨ ਟਰੈਕਟਰ ਮਾਰਚ ਕਰ ਰਹੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਸੁਖਪਾਲ ਨੰਨੂ ਤੇ ਜਨਮੇਜਾ ਸਿੰਘ ਸੇਖੋਂ, ਜ਼ੀਰਾ ਵਿੱਚ ਹਰੀ ਸਿੰਘ ਜ਼ੀਰਾ, ਮੋਗਾ ’ਚ ਤੋਤਾ ਸਿੰਘ ਤੇ ਤਰਲੋਚਨ ਸਿੰਘ, ਅੰਮ੍ਰਿਤਸਰ ਵਿੱਚ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਕਪੂਰਥਲਾ ਵਿੱਚ ਪਰਮਜੀਤ ਸਿੰਘ, ਨਵਾਂ ਸ਼ਹਿਰ ਵਿੱਚ ਸੁਖਵਿੰਦਰ ਸੁੱਖੀ, ਮੁੱਲਾਂਪੁਰ ’ਚ ਮਨਪ੍ਰੀਤ ਇਆਲੀ, ਫ਼ਾਜ਼ਿਲਕਾ ਵਿੱਚ ਸੁਰਜੀਤ ਜਿਆਣੀ, ਪਠਾਨਕੋਟ ਵਿੱਚ ਦਿਨੇਸ਼ ਬੱਬੂ, ਸੰਗਰੂਰ ਵਿੱਚ ਪ੍ਰਕਾਸ਼ ਚੰਦ ਗਰਗ ਦੇ ਘਰਾਂ ਤੇ ਦਫ਼ਤਰਾਂ ਤੱਕ ਟਰੈਕਟਰ ਮਾਰਚ ਹੋ ਰਹੇ ਹਨ ਜਦਕਿ ਗੁਰਦਾਸਪੁਰ ਵਿੱਚ ਸੱਤ ਥਾਂ ਮਾਰਚ ਹੋ ਰਹੇ ਹਨ।