ਅਮਰੀਕਾ ਵਿਚ ਕਾਰਨੇਲ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਦੁਆਰਾ ਕੀਤੀ ਗਈ ਇਕ ਖੋਜ ਨਾਲ ਇਹ ਸਾਹਮਣੇ ਆਇਆ ਹੈ ਕਿ ਜੋ ਲੋਕ ਦੁਪਹਿਰ ਨੂੰ 15-20 ਮਿੰਟ ਝਪਕੀ ਲੈਣ ਤੋਂ ਬਾਅਦ ਕੰਮ ਕਰਦੇ ਹਨ, ਉਨ੍ਹਾਂ ਵਿਚ ਜ਼ਿਆਦਾ ਫੁਰਤੀ ਹੁੰਦੀ ਹੈ। ਚੁਸਤ ਹੋਣ ਕਾਰਨ ਵਿਅਕਤੀ ਗ਼ਲਤੀਆਂ ਵੀ ਘੱਟ ਕਰਦਾ ਹੈ ਅਤੇ ਸਾਰੇ ਕੰਮ ਚੁਸਤੀ ਨਾਲ ਕਰ ਲੈਂਦਾ ਹੈ, ਜਦੋਂ ਕਿ ਜੋ ਲੋਕ ਬਿਨਾਂ ਝਪਕੀ ਲਏ ਕੰਮ ਕਰਦੇ ਹਨ, ਉਹ ਘੱਟ ਫੁਰਤੀਲੇ ਪਾਏ ਗਏ। ਇਸ ਖੋਜ ਤੋਂ ਪਹਿਲਾਂ ਇਸ ਗੱਲ ਨੂੰ ਭਾਰਤੀ ਪ੍ਰਾਚੀਨ ਇਲਾਜ ਵਿਧੀਆਂ ਵਿਚ ਵੀ ਮੰਨਿਆ ਗਿਆ ਹੈ ਕਿ ਦੁਪਹਿਰ ਦੇ ਭੋਜਨ ਤੋਂ ਬਾਅਦ ਇਕ ਝਪਕੀ ਲੈਣ ਨਾਲ ਵਿਅਕਤੀ ਜ਼ਿਆਤਾ ਫੁਰਤੀਲਾ ਰਹਿੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕੁਝ ਦੇਰ ਦਾ ਆਰਾਮ ਵਿਅਕਤੀ ਦੀ ਥਕਾਵਟ ਨੂੰ ਦੂਰ ਕਰ ਦਿੰਦਾ ਹੈ ਅਤੇ ਵਿਅਕਤੀ ਚੁਸਤ ਮਹਿਸੂਸ ਕਰਦਾ ਹੈ।
ਵਿਸ਼ਾਣੂਆਂ ਨੂੰ ਖ਼ਤਮ ਕਰਦਾ ਹੈ ਤਾਂਬਾ
ਹਾਲ ਹੀ ਵਿਚ ਕੀਤੀ ਗਈ ਇਕ ਨਵੀਂ ਵਿਗਿਆਨਕ ਖੋਜ ਅਨੁਸਾਰ ਤਾਂਬੇ ਵਿਚ ਖਾਧ ਪਦਾਰਥਾਂ ਨੂੰ ਜ਼ਹਿਰੀਲਾ ਬਣਾਉਣ ਵਾਲੇ ਵਿਸ਼ਾਣੂਆਂ ਨੂੰ ਮਾਰਨ ਦੀ ਅਦਭੁੱਤ ਸਮਰੱਥਾ ਹੈ। ਖੋਜਾਂ ਰਾਹੀਂ ਪਤਾ ਲੱਗਾ ਹੈ ਕਿ ‘ਇਕੋਲੀ-0157’ ਨਾਮਕ ਵਿਸ਼ਾਣੂ ਸਟੀਲ ਦੇ ਭਾਂਡਿਆਂ ਵਿਚ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਜ਼ਿੰਦਾ ਰਹਿ ਸਕਦਾ ਹੈ, ਜਦੋਂ ਕਿ ਤਾਂਬੇ ਦੇ ਭਾਂਡਿਆਂ ਵਿਚ ਇਹ 3-4 ਘੰਟਿਆਂ ਦੇ ਅੰਦਰ ਹੀ ਮਰ ਜਾਂਦਾ ਹੈ। ਵਿਗਿਆਨੀਆਂ ਅਨੁਸਾਰ ਤਾਂਬਾ ਇਕ ਫਾਇਦੇਮੰਦ ਧਾਤੂ ਹੈ। ਚੰਗੀ ਤਰ੍ਹਾਂ ਸ਼ੁੱਧ ਤਾਂਬੇ ਦੇ ਭਾਂਡਿਆਂ ਵਿਚ ਜੇ ਰਾਤ ਭਰ ਪਾਣੀ ਰੱਖ ਕੇ ਸਵੇਰੇ ਪੀਤਾ ਜਾਵੇ ਤਾਂ ਇਸ ਨਾਲ ਕਫ, ਖੰਘ, ਮੋਟਾਪਾ ਅਤੇ ਕਬਜ਼ ਵੀ ਮਿਟ ਜਾਂਦੀ ਹੈ ਅਤੇ ਅੱਖਾਂ ਦੀ ਰੌਸ਼ਨੀ ਵਿਚ ਵੀ ਵਾਧਾ ਹੁੰਦਾ ਹੈ।