ਬਠਿੰਡਾ : ਹਰ ਇਨਸਾਨ ਵਿਚ ਕੁੱਝ ਨਾ ਕੁੱਝ ਵੱਖਰਾ ਕਰਨ ਦੀ ਚਾਹਤ ਹੁੰਦੀ ਹੈ। ਆਪਣੀ ਇਸ ਚਾਹਤ ਦੇ ਚੱਲਦਿਆਂ ਬਠਿੰਡਾ ਦੇ ਪਿੰਡ ਸੇਮਾਂ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਪੰਜਾਬ ਦੀ ਵਿਰਾਸਤ ਨੂੰ ਕੁੱਝ ਇਸ ਤਰੀਕੇ ਨਾਲ ਸੰਭਾਲਿਆ ਹੈ। ਦਰਅਸਲ ਬਲਵਿੰਦਰ ਸਿੰਘ ਨੇ ਪੁਰਾਣੀ ਕੱਚ ਦੀਆਂ ਬੋਤਲਾਂ ਅਤੇ ਪੁਰਾਣੇ ਬਲਬਾਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਵਿਚ ਪੰਜਾਬ ਦੀ ਵਿਰਾਸਤ ਦੇ ਮਾਡਲ ਬਣਾਏ ਹਨ।
ਆਪਣੇ ਇਸ ਅਨੋਖੇ ਟੈਲੈਂਟ ਨੂੰ ਬਿਆਨ ਕਰਦੇ ਹੋਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸ਼ੌਕ ਹੈ। ਬਲਵਿੰਦਰ ਦਾ ਕਹਿਣਾ ਹੈ ਕਿ ਉਸ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੋਈ ਜਦੋਂ ਉਸ ਨੇ ਬਲਬ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਬਣਾਇਆ ਅਤੇ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਾਉਣਾ ਚਾਹੁੰਦਾ ਹੈ। ਬਲਵਿੰਦਰ ਮੁਤਾਬਕ ਪੰਜਾਬ ਦੀ ਨੌਜਵਾਨ ਪੀੜ੍ਹੀ ਅਤੇ ਹਰ ਨਾਗਰਿਕ ਨੂੰ ਆਪਣੇ ਸੱਭਿਆਚਾਰ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ।