ਚੰਡੀਗੜ੍ਹ— ਪੰਜਾਬ ‘ਚ ਰਹਿ ਰਹੇ ਕਸ਼ਮੀਰੀ ਲੋਕਾਂ ਖਾਸ ਕਰ ਕੇ ਵਿਦਿਆਰਥੀਆਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਮਗਰੋਂ ਪੁਲਸ ਨੇ 181 ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਪੁਲਸ ਦੀ ਨੋਟੀਫਿਕੇਸ਼ਨ ਮੁਤਾਬਕ ਕੋਈ ਵੀ ਕਸ਼ਮੀਰੀ ਨਾਗਰਿਕ, ਕਾਰੋਬਾਰੀ ਜਾਂ ਵਿਦਿਆਰਥੀ ਜਿਸ ਨੂੰ ਪੰਜਾਬ ‘ਚ ਕਿਸੇ ਵੀ ਤਰ੍ਹਾਂ ਨਾਲ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਉਹ ਇਸ ਨੰਬਰ ‘ਤੇ ਫੋਨ ਕਰ ਕੇ ਮਦਦ ਲੈ ਸਕਦਾ ਹੈ/ਸਕਦੀ ਹੈ।
ਪੁਲਸ ਮੁਤਾਬਕ ਪੀੜਤ ਕਸ਼ਮੀਰੀ ਜਾਂ ਤਾਂ 181 ‘ਤੇ ਫੋਨ ਕਾਲ ਕਰ ਸਕਦੇ ਹਨ ਜਾਂ 76961-81181 ‘ਤੇ ਵਟਸਐਪ ਕਰ ਸਕਦੇ ਹਨ। ਉਹ ਆਪਣੀ ਸ਼ਿਕਾਇਤ ਫੈਕਸ ਰਾਹੀਂ 0172- 6621181 ‘ਤੇ ਜਾਂ help@181pph.com’ਤੇ ਈ-ਮੇਲ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਮੁਸੀਬਤ ਵਿਚ ਫਸਿਆ ਕੋਈ ਵੀ ਕਸ਼ਮੀਰੀ ਮੋਬਾਈਲ ਨੰਬਰ 94645-00004 ਜਾਂ 0171-2747767 ‘ਤੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਸਰਕਾਰ ਨੇ ਇਹ ਕਦਮ ਉਸ ਸਥਿਤੀ ਵਿਚ ਚੁੱਕਿਆ ਹੈ, ਜਦੋਂ ਕਸ਼ਮੀਰ ਦੇ ਪੁਲਵਾਮਾ ਵਿਚ ਬੀਤੀ 14 ਫਰਵਰੀ ਨੂੰ ਅੱਤਵਾਦੀ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਤੋਂ ਵਧ ਜਵਾਨ ਸ਼ਹੀਦ ਹੋ ਗਏ। ਦੇਸ਼ ‘ਚ ਇਸ ਹਮਲੇ ਨੂੰ ਲੈ ਕੇ ਲੋਕਾਂ ‘ਚ ਗੁੱਸਾ ਹੈ। ਜਿਸ ਕਾਰਨ ਸਮੁੱਚੇ ਦੇਸ਼ ਵਿਚ ਕਸ਼ਮੀਰੀਆਂ ਨੂੰ ਧਮਕੀਆਂ ਮਿਲਣ ਲੱਗ ਪਈਆਂ। ਜਿਸ ਨੂੰ ਦੇਖਦਿਆਂ ਹੋਇਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਕਸ਼ਮੀਰੀ ਨੂੰ ਪਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਕਸ਼ਮੀਰੀ ਵੀ ਹੋਰਨਾਂ ਸਮੂਹ ਭਾਰਤੀਆਂ ਵਾਂਗ ਭਾਰਤ ਦਾ ਅਟੁੱਟ ਅੰਗ ਹਨ।