ਨਵੀਂ ਦਿੱਲੀ : ਦੇਸ਼ ਵਿੱਚ ਕਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੁੱਲ ਕੇਸਾਂ ਦੀ ਗਿਣਤੀ 70 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ ਪਰ ਇਸ ਦਰਮਿਆਨ ਇਕ ਰਾਹਤ ਵਾਲੀ ਖ਼ਬਰ ਇਹ ਹੈ ਕਿ ਲਗਾਤਾਰ ਵਧ ਰਹੇ ਮੌਤ ਦੇ ਅੰਕੜੇ ਵਿੱਚ ਦੋ ਦਿਨ ਬਾਅਦ ਗਿਰਾਵਟ ਦੇਖਣ ਨੂੰ ਮਿਲੀ ਹੈ। ਮੌਤ ਦਾ ਅੰਕੜਾ ਹੁਣ ਤਿੰਨ ਨੰਬਰਾਂ ਦੀ ਥਾਂ ਦੋ ਨੰਬਰਾਂ ਵਿੱਚ ਆ ਗਿਆ ਹੈ। ਬੀਤੇ ਸੋਮਵਾਰ ਇਸ ਨਾਮੁਰਾਦ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 82 ਰਹੀ ਜਦਕਿ ਬੀਤੇ ਸਨਿਚਰਵਾਰ ਨੂੰ ਇਹ ਅੰਕੜਾ 100 ਤੋਂ ਉਪਰ ਦਰਜ ਕੀਤਾ ਗਿਆ ਸੀ। ਦੋਨਾਂ ਹੀ ਦਿਨ ਦੇਸ਼ ਵਿੱਚ 113 ਲੋਕਾਂ ਨੇ ਕਰੋਨਾ ਨਾਲ ਦਮ ਤੋੜਿਆ ਸੀ। ਸੋਮਵਾਰ ਨੂੰ ਇਹ ਅੰਕੜਾ ਹੇਠਾਂ ਆ ਗਿਆ ਅਤੇ ਸਿਰਫ 82 ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ। ਜੇਕਰ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਉਥੇ 36 ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ ਕੁੱਲ 868 ਲੋਕ ਕਰੋਨਾ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਸਿਰਫ ਮੁੰਬਈ ਵਿੱਚ ਹੀ 528 ਮੌਤਾਂ ਹੋਈਆਂ ਹਨ। ਰਾਜਧਾਨੀ ਦਿੱਲੀ ਵਿੱਚ ਸੋਮਵਾਰ ਨੂੰ ਕਰੋਨਾ ਕਾਰਨ ਕੋਈ ਮੌਤ ਨਹੀਂ ਹੋਈ। ਦਿੱਲੀ ਵਿੱਚ ਬੀਤੇ ਸੋਮਵਾਰ ਲਾਗ ਦੇ 310 ਸੱਜਰੇ ਮਾਮਲੇ ਸਾਹਮਣੇ ਆਏ ਜਿਸ ਕਾਰਨ ਕੁੱਲ ਮਾਮਲੇ ਵੱਧਕੇ 7233 ਹੋ ਗਏ।
ਪੂਰੇ ਦੇਸ਼ ਵਿੱਚ ਕਰੋਨਾ ਦਾ ਕਹਿਰ ਬੀਤੇ ਸੋਮਵਾਰ ਥੋੜਾ ਥਮਿਆ ਹੋਇਆ ਨਜ਼ਰ ਆਇਆ। ਬੀਤੇ ਐਤਵਾਰ ਨੂੰ 4308 ਮਾਮਲੇ ਆਏ ਸਨ ਜੋ ਕਿ ਹੁਣ ਤੱਕ ਦੇ ਸੱਭ ਤੋਂ ਜ਼ਿਆਦਾ ਮਾਮਲੇ ਹਨ। ਬੀਤੇ ਸੋਮਵਾਰ ਨੂੰ 3607 ਨਵੇਂ ਮਾਮਲੇ ਸਾਹਮਣੇ ਆਏ। ਕੁੱਲ 70799 ਮਾਮਲਿਆਂ ਵਿੱਚੋਂ 66 ਫੀਸਦੀ ਸਿਰਫ ਚਾਰ ਰਾਜਾਂ ਵਿੱਚ ਦਰਜ ਕੀਤੇ ਗਏ ਹਨ। ਜਿਨ•ਾਂ ਵਿੱਚ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਅਤੇ ਦਿੱਲੀ ਸ਼ਾਮਲ ਹੈ।
ਮਹਾਰਾਸ਼ਟਰ ਸੂਬਾ ਅਜਿਹਾ ਸੂਬਾ ਹੈ ਜਿਥੇ ਸੱਭ ਤੋਂ ਜ਼ਿਆਦਾ ਲਾਗ ਦੇ ਮਾਮਲੇ ਹਨ ਪਰ ਬੀਤੇ ਸੋਮਵਾਰ ਮਹਾਰਾਸ਼ਟਰ ਵਿੱਚ ਵੀ ਕਰੋਨਾ ਦੇ ਮਾਮਲਿਆਂ ਵਿੱਚ ਕਮੀ ਨਜ਼ਰ ਆਈ। ਬੀਤੇ ਸੋਮਵਾਰ ਕੁੱਲ 1230 ਮਾਮਲੇ ਹੀ ਦਰਜ ਕੀਤੇ ਗਏ ਜਦਕਿ ਬੀਤੇ ਐਤਵਾਰ ਇਹ ਗਿਣਤੀ 1276 ਸੀ।
ਮਹਾਰਾਸ਼ਟਰ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੇ ਲਗਾਤਾਰ 6 ਦਿਨ ਤੋਂ ਰੋਜ਼ਾਨਾ ਇਕ ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਤਾਮਿਲਨਾਡੂ ਵਿੱਚ ਵੀ ਕਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ। ਇਥੇ ਸੋਮਵਾਰ ਨੂੰ 798 ਮਾਮਲਿਆਂ ਦੀ ਪੁਸ਼ਟੀ ਹੋਈ ਜੋ ਕਿ ਇਕ ਵਿੱਚ ਸੱਭ ਤੋਂ ਵੱਧ ਮਾਮਲਿਆਂ ਦਾ ਰਿਕਾਰਡ ਹੈ।