ਪਾਕਿਸਤਾਨੀ ਪੰਜਾਬ ਦੇ ਜਿਹਲਮ ਜਿਲ੍ਹੇ ਵਿੱਚ ਸ਼ਾਹ ਰਾਹ ਤੋਂ ਕੁਝ ਕਿਲੋਮੀਟਰ ਦੂਰ ਘਨ ਝੀਲ ਦੇ ਕਿਨਾਰੇ ਇੱਕ ਗੁਰਦੁਆਰਾ ਚੋਆ ਸਾਹਿਬ ਦੀ ਬਹੁਤ ਸੁੰਦਰ ਇਮਾਰਤ ਹੈ।ਇਤਿਹਾਸ ਮੁਤਾਬਕ ਰੋਹਤਾਸ ਦੇ ਕਿਲੇ ਦੀ ਫਸੀਲ ਵਿੱਚ ਪੈਂਦੇ ਇਸ ਇਤਿਹਾਸਕ ਸਥਾਨ ‘ਤੇ ਗੁਰੂ ਨਾਨਕ ਮੱਕੇ ਵੱਲ ਜਾਣ ਸਮੇਂ ਰਾਹ ਵਿੱਚ ਇੱਥੇ ਰੁਕੇ ਅਤੇ ਕੁਝ ਦੇਰ ਆਰਾਮ ਕੀਤਾ ਸੀ।ਰੋਹਤਾਸ ਦੇ ਕਿਲ੍ਹੇ ਦੀ ਉਸਾਰੀ ਸ਼ੇਰ ਸ਼ਾਹ ਸੂਰੀ ਨੇ ਕਰਵਾਈ ਸੀ।ਮਹਾਰਾਜਾ ਰਣਜੀਤ ਸਿੰਘ ਨੇ ਇਸ ਇਤਿਹਾਸਕ ਸਥਾਨ ਦੀ ਮਹੱਤਤਾ ਉਜਾਗਰ ਕਰਨ ਲਈ ਆਪਣੇ ਰਾਜ ਕਾਲ ਦੌਰਾਨ 1834 ਵਿੱਚ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।ਗੁਰਦੁਆਰੇ ਦੀ ਇਮਾਰਤ ਆਪਣੀਆਂ 23 ਖਿੜਕੀਆਂ ਅਤੇ ਚਾਰ- ਚਾਰ ਫੁੱਟ ਚੌੜੀਆਂ ਕੰਧਾਂ ਸਦਕਾ ਇਮਾਰਤ ਸਾਜ਼ੀ ਦਾ ਸ਼ਾਹਕਾਰ ਇੱਕ ਨਮੂਨਾ ਹੈ।
ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਗਏ ਹੋਰ ਸਿੱਖ ਧਾਰਮਿਕ ਸਥਾਨਾਂ ਵਾਂਗ ਹੀ ਇਹ ਗੁਰਦੁਆਰਾ ਚੋਆ ਸਾਹਿਬ ਵੀ ਅਣਦੇਖੀ ਦਾ ਸ਼ਿਕਾਰ ਰਿਹਾ। ਜਿਸ ਕਾਰਨ ਇਸ ਦੀ ਇਮਾਰਤ ਬੁਰੀ ਹਾਲਤ ਵਿੱਚ ਆ ਗਈ ਸੀ।ਹਾਲ ਹੀ ਵਿੱਚ ਪਾਕਿਸਤਾਨ ਨੇ ਜਿਹਲਮ ਵਿੱਚ ਸਥਿਤ ਤਿੰਨ ਸਿੱਖ ਗੁਰਦੁਆਰਿਆਂ ਨੂੰ ਉਨ੍ਹਾਂ ਦਾ ਖੁੱਸਿਆ ਰੂਪ ਵਾਪਸ ਦਿਵਾਉਣ ਦਾ ਫੈਸਲਾ ਕੀਤਾ ਹੈ। ਗੁਰਦੁਆਰਾ ਚੋਆ ਸਾਹਿਬ ਉਨ੍ਹਾਂ ਤਿੰਨਾਂ ਗੁਰਦੁਆਰਿਆਂ ਵਿੱਚੋਂ ਇੱਕ ਹੈ।ਪ੍ਰੋਜੈਕਟ ਦੀ ਨਿਗਰਾਨ ਜਿਹਲਮ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸੈਫ਼ ਅਨਵਰ ਨੇ ਇਸ ਬਾਰੇ ਦੱਸਿਆ, “ਇਸ ਦਾ ਸੁਨੇਹਾ ਸਪਸ਼ਟ ਹੈ, ਸਰਹੱਦਾਂ ਇੱਕ ਸਚਾਈ ਹਨ, ਪਰ ਅਸੀਂ ਨਾ ਸਿਰਫ (ਦੂਸਰੇ ਧਰਮਾਂ ਦੇ) ਧਾਰਮਿਕ ਸਥਾਨਾਂ ਇਜ਼ਤ ਕਰਦੇ ਹਾਂ ਸਗੋਂ ਉਨ੍ਹਾਂ ਨੂੰ ਜਿਊਂ-ਦੇ-ਤਿਊਂ ਕਾਇਮ ਵੀ ਰੱਖਣਾ ਚਾਹੁੰਦੇ ਹਾਂ” ਉਨ੍ਹਾਂ ਅੱਗੇ ਕਿਹਾ, “ਕਰਤਾਰਪੁਰ ਵਿੱਚ ਬਣਾਏ ਲਾਂਘੇ ਨੂੰ ਅਸੀਂ ਜਿਹਲਮ ਤੱਕ ਲਿਆਉਣਾ ਚਾਹੁੰਦੇ ਹਾਂ” ਗੁਰਦੁਆਰਾ ਕਰਮ ਸਿੰਘ ਦੀ ਇਮਾਰਤ ਦੀ ਵੀ ਕਾਰ-ਸੇਵਾ ਇਸੇ ਪ੍ਰੋਜੈਕਟ ਦੇ ਹਿੱਸੇ ਵਜੋਂ ਚੱਲ ਰਹੀ ਹੈ। ਇਹ ਗੁਰਦੁਆਰਾ, ਜਿਹਲਮ ਦੇ ਐਨ ਵਿਚਕਾਰ ਸਥਿਤ ਹੈ। ਇਸ ਦੀ ਉਸਾਰੀ ਸ਼ਰਧਾਲੂਆਂ ਤੋਂ ਚੰਦਾ ਇਕੱਠਾ ਕਰਕੇ ਲਗਪਗ ਇੱਕ ਸਦੀ ਤੋਂ ਪਹਿਲਾਂ ਕੀਤੀ ਗਈ ਸੀ ਅਤੇ ਇਸ ਦੀ ਸਾਲ 1944 ਵਿੱਚ ਮੁੜ ਕਾਰ-ਸੇਵਾ ਕੀਤੀ ਗਈ ਸੀ।
ਦਹਾਕਿਆਂ ਤੱਕ ਇਹ ਇਮਾਰਤ ਪੰਜਾਬ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰਨ ਵਾਲੇ ਕੇਂਦਰ ਵਜੋਂ ਕੀਤੀ ਜਾਂਦੀ ਸੀ। ਸਾਲ 1992 ਵਿੱਚ ਸ਼ਹਿਰ ਵਿੱਚ ਹੜ੍ਹ ਆਏ ਜਿਸ ਕਾਰਨ ਗੁਰਦੁਆਰੇ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦਾ ਇੱਕ ਹਿੱਸਾ ਤਾਂ ਜ਼ਮੀਨ ਵਿੱਚ ਹੀ ਧਸ ਗਿਆ ਤੇ ਕੁਝ ਹਿੱਸਿਆਂ ਦੀਆਂ ਛੱਤਾਂ ਡਿੱਗ ਗਈਆਂ।
ਪੁਲਿਸ ਨੇ ਵੀ ਕੁਝ ਨਵੀਂ ਉਸਾਰੀ ਕਰਵਾਈ ਹੈ ਜੋ ਕਿ ਬਰਤਾਨਵੀ ਭਵਨ ਕਲਾ ਨਾਲ ਬਣੇ ਇਸ ਗੁਰਦੁਆਰੇ ਦੀ ਇਮਾਰਤ ਵਿੱਚ ਰੜਕਦੀ ਹੈ।ਪਾਕਿਸਤਾਨ ਨੇ ਇਨ੍ਹਾਂ ਗੁਰੂ ਘਰਾਂ ਦੀ ਮੁਰੰਮਤ ਕਰਕੇ ਪੁਰਾਣਾ ਰੂਪ ਬਹਾਲ ਕਰਨ ਦਾ ਜਿੰਮਾ ਲਾਹੌਰ ਅਥਾਰਟੀ ਨੂੰ ਸੋਂਪਿਆ ਹੈ। ਲਾਹੌਰ ਦੇ ਪੁਰਾਣੇ ਘਰਾ, ਗਲੀਆਂ ਦੀ ਸਾਂਭ ਸੰਭਾਲ ਲਈ ਇਹ ਅਥਾਰਟ ਕੁਝ ਸਾਲ ਪਹਿਲਾਂ ਹੀ ਬਣਾਈ ਗਈ ਸੀ। ਇਸ ਅਥਾਰਟੀ ਨੂੰ ਇਤਿਹਾਸਕ ਇਮਾਰਤਾਂ ਦੀ ਮੁਰੰਮਤ ਵਿੱਚ ਮੁਹਾਰਤ ਹਾਸਲ ਹੈ।ਜਦੋਂ ਅਸੀਂ ਗੁਰਦੁਆਰਾ ਕਰਮ ਸਿੰਘ ਪਹੁੰਚੇ ਅਥਾਰਟੀ ਦੀ ਇੱਕ ਟੀਮ ਇਸ ਦੀਆਂ ਤਸਵੀਰਾਂ ਲੈ ਰਹੀ ਸੀ ਅਤੇ ਮਿਣਤੀਆਂ ਕਰ ਰਹੀ ਸੀ।
ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਕੰਮ ਕਰਨ ਵਾਲੇ ਮੁੰਹਮਦ ਵਕਾਰ ਵੀ ਇਸ ਟੀਮ ਦੇ ਮੈਂਬਰ ਹਨ। ਉਨ੍ਹਾਂ ਦੱਸਿਆ, ਅਸੀਂ ਇੱਕ ਮੋਟਾ ਅਨੁਮਾਨ ਲਾ ਰਹੇ ਹਾਂ, ਜਿਸ ਨੂੰ ਤੁਸੀਂ ਹੱਥਾਂ ਨਾਲ ਕੀਤਾ ਜਾਣ ਵਾਲਾ ਦਸਤਾਵੇਜ਼ੀਕਰਣ ਵੀ ਕਹਿ ਸਕਦੇ ਹੋ। ਅਸੀਂ ਇਮਾਰਤ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੇ ਵੇਰੇਵੇ ਦਰਜ ਕਰ ਰਹੇ ਹਾਂ।” ਵਕਾਰ ਨੇ ਦੱਸਿਆ ਕਿ ਦੂਸਰੇ ਪੜਾਅ ਵਿੱਚ 3-ਡੀ ਸਕੈਨਰ ਦੀ ਵਰਤੋਂ ਵੀ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਮੁਰੰਮਤ ਦੀ ਲਾਗਤ ਦਾ ਅਨੁਮਾਨ ਲਾਇਆ ਜਾਵੇਗਾ। ਵਕਾਰ ਨੂੰ ਯਕੀਨ ਹੈ ਕਿ ਇਮਾਰਤ ਦੇ ਕੁਝ ਹਿੱਸਿਆਂ ਨੂੰ ਤਾਂ ਨਵੇਂ ਸਿਰੇ ਤੋਂ ਹੀ ਉਸਾਰਨਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਯਕੀਨ ਦਵਾਇਆ ਕਿ ਨਵੇਂ ਹਿੱਸੇ ਪੁਰਾਣੇ ਵਰਗੇ ਹੀ ਹੋਣਗੇ ਅਤੇ ਉਸ ਨਾਲ ਮੇਲ ਖਾਣਗੇ।
ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਵੀ ਇਸ ਪ੍ਰੋਜੈਕਟ ਲਈ ਫੰਡ ਦੇਣ ਦੀ ਰੁਚੀ ਜ਼ਾਹਰ ਕੀਤੀ ਹੈ। ਰਜ਼ਾ ਵਕਾਰ ਇੱਕ ਸਥਾਨਕ ਪੱਤਰਕਾਰ ਅਤੇ ਕਾਰਕੁਨ ਹਨ। ਉਨ੍ਹਾਂ ਨੂੰ ਜਿਹਲਮ ਵਿਚਲੀਆਂ ਸਿੱਖ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਸੰਘਰਸ਼ ਕਰਦਿਆਂ ਲਗਪਗ ਇੱਕ ਦਹਾਕਾ ਹੋ ਗਿਆ ਹੈ।ਵਕਾਰ ਨੇ ਖ਼ੁਸ਼ੀ ਦੇ ਭਾਵਾਂ ਨਾਲ ਕਿਹਾ, “ਇਨ੍ਹਾਂ ਇਮਾਰਤਾਂ ਨਾਲ ਸਾਡੇ ਸ਼ਹਿਰ ਦਾ ਖੁੱਸਿਆ ਮਾਣ ਅਤੇ ਖਿੱਚ ਵਾਪਸ ਆ ਜਾਵੇਗੀ” “ਉਦੇਸ਼ ਇਹ ਸੁਨੇਹਾ ਦੇਣ ਦਾ ਹੈ ਕਿ ਜਦੋਂ ਤੱਕ ਅਸੀਂ ਦੂਸਰੇ ਵਿਸ਼ਵਾਸ਼ਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਨਹੀਂ ਕਰਦੇ ਸਾਡੀ ਧਾਰਮਿਕਤਾ ਸੰਪੂਰਨ ਨਹੀਂ ਹੋ ਸਕਦੀ।” ਵਕਾਰ ਮੁਤਾਬਕ ਸੰਸਾਰ ਭਰ ਤੋਂ ਆਉਣ ਵਾਲੇ ਸਿੱਖਾਂ ਦੀ ਮਹਿਮਾਨ ਨਵਾਜ਼ੀ ਕਰਕੇ ਜਿਹਲਮ ਸ਼ਹਿਰ ਵਾਲਿਆਂ ਨੂੰ ਖ਼ੁਸ਼ੀ ਹੋਵੇਗੀ।ਜਿਹਲਮ ਵਿੱਚ ਹੀ ਜਨਮ-ਸਥਾਨ ਮਾਤਾ ਕੌਰ ਸਾਹਿਬ ਦੀ ਵੀ ਇਸੇ ਪ੍ਰੋਜੈਕਟ ਤਹਿਤ ਮੁਰੰਮਤ ਕੀਤੀ ਜਾ ਰਹੀ ਹੈ। ਕੁਝ ਸਾਲ ਪਹਿਲਾਂ ਧਾਰਮਿਕ ਸਥਾਨਾਂ ਦੀ ਸੰਭਾਲ ਕਰਨ ਵਾਲੇ ਵਿਭਾਗ ਨੇ ਇਸ ਦੀ ਮੁਰੰਮਤ ਕੀਤੀ ਸੀ ਜਿਸ ਵਿੱਚ ਇਸ ਦੀ ਅਸਲੀ ਦਿੱਖ ਬਿਲਕੁਲ ਖ਼ਤਮ ਹੋ ਗਈ ਸੀ।
ਹੁਣ ਉਸ ਨੂੰ ਵੀ ਪੁਰਾਣੀ ਦਿੱਖ ਮੁੜ ਤੋਂ ਦਿੱਤੀ ਜਾਵੇਗੀ।
ਸੰਸਾਰ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਸਿੱਖ ਧਾਰਮਿਕ ਸਥਾਨਾਂ ਦੀ ਮੁਰੰਮਤ ਦੀ ਖ਼ਬਰ ਦਾ ਸਵਾਗਤ ਕੀਤਾ ਹੈ। ਸਿੰਗਾਪੁਰ ਦੇ ਅਮਰਦੀਪ ਸਿੰਘ ਨੇ ਪਾਕਿਸਤਾਨ ਵਿਚਲੇ ਸਿੱਖ ਧਾਰਮਿਕ ਸਥਾਨਾਂ ਦੀ ਨਿੱਘਰਦੀ ਜਾ ਰਹੀ ਹਾਲਤ ਨੂੰ ਸਾਹਮਣੇ ਲਿਆਉਣ ਲਈ ਦੋ ਕਿਤਾਬਾਂ ਲਿਖੀਆਂ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ; ਜਿਹੜੀ ਚੇਤਨਾ ਉਹ ਆਪਣੀਆਂ ਕਿਤਾਬਾਂ ਰਾਹੀਂ ਪੈਦਾ ਕਰਨਾ ਚਾਹੁੰਦੇ ਸਨ ਉਹ, ਇਨ੍ਹਾਂ ਸ਼ਾਨਦਾਰ ਇਮਾਰਤਾਂ ਦੀ ਮੁਰੰਮਤ ਦੇ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਵਿੱਚ ਸਹਾਈ ਹੋਈ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਇਹ ਕੰਮ ਅਗਲੇ ਸਾਲ ਤੋਂ ਪਹਿਲਾਂ ਪੂਰਾ ਹੋ ਜਾਵੇਗਾ ਅਤੇ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ।