ਕਪੂਰਥਲਾ— ਮਿਹਨਤ ਜੇਕਰ ਕੋਈ ਕਰਦਾ ਹੈ ਤਾਂ ਇਕ ਨਾ ਇਕ ਦਿਨ ਉਸ ਦਾ ਫਲ ਜ਼ਰੂਰ ਮਿਲਦਾ ਹੈ। ਅਜਿਹਾ ਫਲ ਹੀ ਜੀਅ ਤੋੜ ਮਿਹਨਤ ਕਰਨ ਵਾਲੀ ਕਪੂਰਥਲਾ ਦੀ ਸ਼ਵੇਤ ਨੂੰ ਮਿਲਿਆ ਹੈ। ਸ਼ਵੇਤਾ ਆਪਣੀ ਜੀਅ ਤੋੜ ਮਿਹਨਤ ਨਾਲ ਪੀ. ਸੀ. ਐੱਸ. (ਸੂਬਾਈ ਸਿਵਲ ਸੇਵਾ) ਦੀ ਪ੍ਰੀਖਿਆ ‘ਚੋਂ ਪੰਜਾਬ ਭਰ ‘ਚ ਤੀਜਾ ਰੈਂਕ ਹਾਸਲ ਕਰਕੇ ਜੱਜ ਬਣੀ ਹੈ।
ਜਗ ਬਾਣੀ ਨਾਲ ਗੱਲ ਕਰਦੇ ਹੋਏ ਸ਼ਵੇਤਾ ਨੇ ਦੱਸਿਆ ਕਿ ਇਹ ਸੁਪਨਾ ਉਸ ਦੀ ਮਾਂ ਦਾ ਸੀ ਕਿ ਉਹ ਇਕ ਜੂਡੀਸ਼ੀਅਲ ਅਫਸਰ ਬਣੇ। ਉਸ ਨੇ ਕਿਹਾ ਕਿ ਉਹ ਆਪਣੀ ਮਾਂ ਤੇ ਭਰਾ ਦੀ ਬਦੌਲਤ ਜੱਜ ਬਣੀ ਹੈ ਕਿਉਂਕਿ ਉਨ੍ਹਾਂ ਨੇ ਕਦੇ ਵੀ ਉਸ ਨੂੰ ਕਿਸੇ ਵੀ ਪੱਖੋਂ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ। ਸ਼ਵੇਤਾ ਨੇ ਕਿਹਾ ਕਿ ਉਸ ਨੂੰ ਆਪਣੇ ‘ਤੇ ਪੂਰਾ ਵਿਸ਼ਵਾਸ ਸੀ ਕਿ ਉਹ ਇਸ ਪ੍ਰੀਖਿਆ ‘ਚ ਵਧੀਆ ਰੈਂਕ ਹਾਸਲ ਕਰ ਲਵੇਗੀ ਅਤੇ ਅੱਜ ਉਸ ਦਾ ਇਹ ਸੁਪਨਾ ਪੂਰਾ ਹੋ ਗਿਆ ਹੈ। ਸ਼ਵੇਤਾ ਨੇ ਆਪਣੇ ਪਰਿਵਾਰ ਬਾਰੇ ਦੱਸਦੇ ਹੋਏ ਕਿਹਾ ਕਿ ਉਸ ਦੇ ਘਰ ‘ਚ ਉਸ ਦੀ ਮਾਂ ਅਤੇ ਭਰਾ ਹਨ ਅਤੇ ਉਸ ਦੇ ਪਿਤਾ ਦੀ ਮੌਤ ਹੋ ਚੁਕੀ ਹੈ, ਜਿਸ ਪਿਛੋਂ ਉਸ ਦੇ ਭਰਾ ਤੇ ਮਾਂ ਨੇ ਉਸ ਦਾ ਪੂਰਾ ਸਹਿਯੋਗ ਦਿੱਤਾ ਅਤੇ ਉਸ ਦੀ ਹਰ ਲੋੜ ਨੂੰ ਪੂਰਾ ਕੀਤਾ। ਇਸ ਦੇ ਨਾਲ ਹੀ ਉਸ ਦੀ ਪੜਾਈ ਅਤੇ ਹੋਰ ਕਿਸੇ ਵੀ ਪੱਖੋਂ ਉਸ ਨੂੰ ਪਰੇਸ਼ਾਨ ਨਹੀਂ ਰਹਿਣ ਦਿੱਤਾ।