ਜੀਰਕਪੁਰ : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅੰਤਰਰਾਸਟਰੀ ਹਵਾਈ ਅੱਡੇ ਦੀ ਸੁਰਖਿਆ ਦੇ ਮੱਦੇਨਜਰ ਇਸ ਸੀ ਦੀਵਾਰ ਦੇ 100 ਮੀਟਰ ਘੇਰੇ ਵਾਲੇ ਮਨਾਹੀ ਖੇਤਰ ਵਿੱਚ ਬਣੀਆ ਉਸਾਰੀਆਂ ਨੂੰ ਢਾਹੁਣ ਦੇ ਹੁਕਮ ਦੇਣ ਤੋਂ ਬਾਅਦ ਭਬਾਤ ਖੇਤਰ ਦੇ ਪ੍ਰਭਾਵਿਤ ਲੋਕਾਂ ਵਲੋਂ ਅਦਾਲਤ ਤੋਂ ਰਹਿਮ ਦੀ ਅਪੀਲ ਕੀਤੀ ਗਈ ਹੈ ਜਿਸ ਲਈ ਪਹਿਲਾਂ ਮੰਗਲਵਾਰ ਨੂੰ ਸੁਣਵਾਈ ਹੋਣੀ ਸੀ ਪਰ ਹੁਣ ਇਸ ਲਈ ਹੁਣ ਬੁੱਧਵਾਰ ਦਾ ਸਮਾ ਨਿਰਧਾਰਤ ਕੀਤਾ ਗਿਆਂ ਹੈ। ਪਰ ਕਾਨੂੰਨੀ ਮਾਹਰਾਂ ਅਨੁਸਾਰ ਅਦਾਲਤ ਵਲੋਂ ਇਹ ਹੁਕਮ ਦੇਸ਼ ਦੀ ਸੁਰਖਿਆ ਨੂੰ ਮੁੱਖ ਰੱਖਦੇ ਹੋਏ ਜਾਰੀ ਕੀਤੇ ਗਏ ਹਨ ਲਿਹਾਜਾ ਇਹਨਾਂ ਪੀੜਤ ਲੋਕਾਂ ਨੂੰ ਅਦਾਲਤ ਵਲੋਂ ਵੀ ਰਾਹਤ ਮਿਲਣ ਦੇ ਆਸਾਰ ਘੱਟ ਹੀ ਨਜਰ ਆਉਂਦੇ ਜਾਪਦੇ ਹਨ ਲਿਹਾਜਾ ਅਜਿਹੀਆਂ ਉਸਾਰੀਆਂ ਤੇ ਜਲਦੀ ਹੀ ਮੁਕੰਮਲ ਤੌਰ ਤੇ ਪੀਲਾ ਪੰਜਾ ਚੱਲ ਸਕਦਾ ਹੈ। ਜਿਕਰਯੋਗ ਹੈ ਕਿ ਅਦਾਲਤ ਦੇ ਹੁਕਮਾ ਤੇ ਸਥਾਨਕ ਪ੍ਰਸ਼ਾਸ਼ਨ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਅਦਾਲਤ ਵਿੱਚ ਪਹੁੰਚ ਕੀਤੀ ਸੀ ਜਿਸ ਤੇ ਬੁਧਵਾਰ ਨੂੰ ਫੈਸਲਾ ਆਉਣਾ ਬਾਕੀ ਹੈ। ਬੀਤੇ ਕਲ ਪ੍ਰਸ਼ਾਸ਼ਨ ਵਲੋਂ ਜਿਨ•ਾ ਉਸਾਰੀਆਂ ਨੂੰ ਢਾਹਿਆਂ ਗਿਆਂ ਸੀ ਉਹਨਾਂ ਮਾਲਕਾਂ ਸਮੇਤ ਹੋਰਨਾ ਵਲੋਂ ਵੀ ਅਪਣੀਆ ਉਸਾਰੀਆਂ ਨੂੰ ਢਾਹੁਣ ਲਈ ਅਦਾਲਤ ਦੇ ਆਉਣ ਵਾਲੇ ਹੁਕਮਾ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਵਿੱਚ ਇਸ ਗੱਲ ਨੂੰ ਵੀ ਲੈ ਕੇ ਰੋਸ ਹੈ ਕਿ ਜਿਸ ਸਮੇ ਉਹ ਉਸਾਰੀਆਂ ਕਰ ਰਹੇ ਸਨ ਤਾਂ ਉਸ ਸਮੇ ਕਿਸੇ ਵੀ ਜਿੰਮੇਵਾਰ ਅਧਿਕਾਰੀ ਵਲੋਂ ਉਹਨਾਂ ਨੂੰ ਰੋਕ ਸਬੰਧੀ ਜਾਣਕਾਰੀ ਨਹੀ ਦਿੱਤੀ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹ ਬੀਤੇ ਕਈ ਸਾਲਾਂ ਤੋਂ ਬਿਜਲੀ ਪਾਣੀ ਅਤੇ ਪ੍ਰਾਪਰਟੀ ਟੈਕਸ ਭਰਦੇ ਆ ਰਹੇ ਹਨ ਇਸ ਲਈ ਉਹਨਾਂ ਨੂੰ ਕਿਸ ਤਰਾਂ ਨਜਾਇਜ ਉਸਾਰੀ ਕਰਤਾ ਕਰਾਰ ਦਿੱਤਾ ਜਾ ਸਕਦਾ ਹੈ। ਇਸ ਸਬੰਧੀ ਉੱਘੇ ਵਕੀਲ ਹਾਕਮ ਸਿੰਘ ਪਵਾਰ ਅਤੇ ਕੇ ਐਸ ਨਾਹਰ ਨੇ ਦਸਿਆ ਕਿ ਜੀਰਕਪੁਰ ਦੇ ਭਬਾਤ ਖੇਤਰ ਵਿੱਚ ਵਸੇ ਸੈਂਕੜੇ ਲੋਕਾਂ ਤੇ ਉਜਾੜੇ ਦੀ ਤਲਵਾਰ ਲਟਕਣਾ ਮੰਦਭਾਗਾ ਹੈ ਪਰ ਹਾਈਕੋਰਟ ਵਲੋਂ ਦੇਸ਼ ਅਤੇ ਹਵਾਈ ਅੱਡੇ ਦੀ ਸੁਰਖਿਆ ਨੂੰ ਮੁੱਖ ਰੱਖਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ। ਜਿਸ ਨੂੰ ਵੇਖਦੇ ਹੋਏ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਬਹੁਤ ਹੀ ਘੱਟ ਹੈ।
ਉਸਾਰੀਆਂ ਢਾਹੁਣ ਵਾਲੇ ਮੁਆਵਜੇ ਲਈ ਚੁੱਪ
ਪ੍ਰਭਾਵਿਤ ਲੋਕਾਂ ਨੇ ਅਜੀਤ ਨਾਲ ਰੰਜ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਦੀਆ ਉਸਾਰੀਆਂ ਢਾਹੁਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਉਹਨਾਂ ਦੇ ਘਰਾਂ ਤੇ ਜੇ ਸੀ ਬੀ ਮਸ਼ੀਨਾ ਚਲਾਈਆਂ ਜਾ ਰਹੀਆਂ ਹਨ ਪਰ ਉਹਨਾਂ ਦੇ ਹੋਰ ਰਹੇ ਨੁਕਸਾਨ ਜਾਂ ਉਹਨਾਂ ਦੀਆਂ ਜਮੀਂਨਾਂ ਦੇ ਮੁਆਵਜੇ ਬਾਰੇ ਅਧਿਕਾਰੀਆਂ ਨੇ ਚੁੱਪ ਵੱਟੀ ਹੋਈ ਹੈ। ਉਹਨਾਂ ਕਿਹਾ ਕਿ ਜਦੋਂ ਵੀ ਉਹਨਾਂ ਵਲੋਂ ਅਧਿਕਾਰੀਆਂ ਵਲੋਂ ਇਸ ਸਬੰਧੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਟਾਲਾ ਵੱਟ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਾਵੇ ਉਹਨਾਂ ਤੇ ਕਿਸੇ ਵੀ ਤਰਾਂ ਦੀ ਕਾਰਵਾਈ ਹੋ ਜਾਵੇ ਪਰ ਉਹ ਅਪਣੀ ਅੱਖਾ ਸਾਹਮਣੇ ਅਪਣੇ ਆਸ਼ਿਆਨੇ ਢਹਿਂਦੇ ਨਹੀ ਵੇਖ ਸਕਦੇ ਇਸ ਲਈ ਸਰਕਾਰ ਉਹਨਾਂ ਤੇ ਕਿਸੇ ਤਰਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਨੂੰ ਬਣਦਾ ਮੁਆਵਜਾ ਦੇਵੇ।
ਕੌਂਸਲ ਅਫਸਰ ਅਪਣੀ ਖੱਲ ਬਚਾਉਣ ਲਈ ਕਰ ਰਹੇ ਹਨ ਕਾਰਵਾਈ
ਜਿਸ ਹਿਸਾਬ ਨਾਲ ਬੀਤੇ ਸਮੇ ਦੌਰਾਨ ਹਵਾਈ ਅੱਡੇ ਨੇੜੇ ਮਨਾਹੀ ਖੇਤਰ ਵਿੱਚ ਬੇ ਰੋਕ ਟੋਕ ਉਸਾਰੀਆਂ ਹੋਈਆਂ ਹਨ। ਉਸ ਹਿਸਾਬ ਨਾਲ ਕੌਂਸਲ ਅਧਿਕਾਰੀ ਵੀ ਬੇ-ਮਨ ਨਾਲ ਹੀ ਲੋਕਾਂ ਤੇ ਕਾਰਵਾਈ ਕਰ ਰਹੇ ਹਨ। ਅਧਿਕਾਰੀ ਕਿਸੇ ਵੀ ਵਿਅਕਤੀ ਦਾ ਨੁਕਸਾਨ ਕਰਨ ਦੇ ਹੱਕ ਵਿੱਚ ਨਹੀ ਹਨ ਪਰ ਜਿਸ ਤਰਾਂ ਮਾਣਯੋਗ ਹਾਈਕੋਰਟ ਵਲੋਂ ਇਸ ਮਾਮਲੇ ਵਿੱਚ ਸਖਤ ਹੁਕਮ ਜਾਰੀ ਕੀਤੇ ਗਏ ਹਨ ਅਤੇ ਸਬੰਧਤ ਅਧਿਕਾਰੀਆਂ ਦੀ ਖਿੱਚਾਈ ਕੀਤੀ ਗਈ ਹੈ ਤਾਂ ਅਧਿਕਾਰੀ ਵੀ ਕਿਸੇ ਨਾਲ ਨਰਮਾਈ ਨਹੀ ਵਰਤ ਸਕਦੇ। ਜੇਕਰ ਉਹਨਾਂ ਵਲੋਂ ਕਿਸੇ ਨਾਲ ਵੀ ਨਰਮ ਰੁੱਖ ਵਰਤਿਆ ਗਿਆ ਤਾਂ ਉਹਨਾਂ ਨੂੰ ਅਪਣੀ ਖੱਲ ਬਚਾਉਣੀ ਔਖੀ ਹੋ ਸਕਦੀ ਹੈ।
ਪ੍ਰਭਾਵਿਤ ਲੋਕਾਂ ਨੇ ਅਪਣੇ ਦਸਤਾਵੇਜ ਲੈ ਕੇ ਕੌਂਸਲ ਦਫਤਰ ਵੱਲ ਵਹੀਰਾਂ ਘੱਤੀਆਂ
ਕੌਂਸਲ ਵਲੋਂ ਧਾਰਾ 195 ਤਹਿਤ ਨੋਟਿਸ ਮਿਲਣ ਤੋਂ ਬਾਅਦ ਭਾਵੇ ਲੋਕਾਂ ਵਲੋਂ ਅਦਾਲਤ ਤੋਂ ਰਾਹਤ ਦੀ ਅਪੀਲ ਕੀਤੀ ਗਈ ਹੈ ਅਤੇ ਸਿਆਸੀ ਆਗੂਆ ਵਲੋਂ ਉਹਨਾਂ ਨੂੰ ਰਾਹਤ ਦੁਆਉਣ ਲਈ ਲੜਾਈ ਲੜਨ ਦੇ ਭਰੋਸੇ ਦਿੱਤੇ ਜਾ ਰਹੇਹਨ ਪਰ ਉਹਨਾਂ ਵਲੋਂ ਅਪਣੇ ਬਚਾਓ ਲਈ ਹਰ ਰਾਹ ਅਪਨਾਇਆਂ ਜਾ ਰਿਹਾ ਹੈ। ਅੱਜ ਅਜਿਹੇ ਸੈਂਕੜੇ ਲੋਕ ਅਪਣੇ ਦਸਤਾਵੇਜ ਲੈ ਕੇ ਨਗਰ ਕੌਂਸ਼ਲ ਦੇ ਦਫਤਰ ਪੁੱਜੇ ਜਿਨਾਂ ਦੀ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਅਜਿਹੇ ਲੋਕਾਂ ਵਲੋਂ ਅਪਣੇ ਮਕਾਨਾ ਦੇ ਭਵਿੱਖ ਲਈ ਰੱਬ ਅਤੇ ਅਦਾਲਤ ਦੇ ਆਉਣ ਵਾਲੇ ਫੈਸਲੇ ਤੇ ਟੇਕ ਰੱਖੀ ਜਾ ਰਹੀ ਹੈ।