ਮਨਜੀਤ ਸਿੰਘ ਰਾਜਪੁਰਾ
ਤਿੱਖੜ ਦੁਪਹਿਰ ਚ ਰੱਜਿਆ ਹੋਇਆ ਸਾਨ੍ਹ ਪਹੀ ਚੋਂ ਜੁਗਾਲੀ ਕਰਦਾ ਜਾ ਰਿਹਾ ਹੋਵੇ ਇਹ ਨੀ ਸਮਝ ਲੈਣਾ ਚਾਹੀਦਾ ਬਈ ਉਹ ਸ਼ਾਂਤੀ ਮਾਤਾ ਦਾ ਪਾਠ ਕਰਦਾ ਜਾ ਰਿਹੈ ਸੱਗੋਂ ਕਈ ਵਾਰ ਇਉਂ ਹੁੰਦਾ, ਬਈ ਜਿਹੜੇ ਅਜਿਹੇ ਸਾਨ੍ਹ ਨੂੰ ਬਾਪੂ ਸਮਝ ਕੇ ਪੇੜਾ ਦੇਣ ਜਾਂਦੇ ਨੇ, ਸਾਨ੍ਹ ਉਨ੍ਹਾਂ ਨੂੰ ਆਪਣੇ ਸਿੰਗਾਂ ਤੇ ਇਉਂ ਚੱਕਦਾ ਜਿਵੇਂ ਜੰਗਲਾਤ ਮਹਿਕਮੇ ਦੇ ਬੰਦਿਆਂ ਨੇ ਕਿਸੇ ਮੋਟੀ ਕਿੱਕਰ ਦਾ ਮੂਲ ਪੁੱਟ ਕੇ, ਟਰਾਲੀ ਚ ਲੱਦਣ ਲਈ ਖੜਾ ਕੀਤਾ ਹੁੰਦਾ।
ਪਹਾੜ ਦੂਰ ਤੋਂ ਇੰਜ ਲਗਦੇ ਐ ਜਿਵੇਂ ਹਰੀਆ ਘੁਮਿਆਰ ਖੋਤਿਆਂ ਨੂੰ ਬੜੇ ਪਿਆਰ ਨਾਲ ਘਾਹ ਚਾਰਦਾ ਹੁੰਦਾ ਪਰ ਜਦੇ ਈ ਪਤਾ ਲਗਦਾ ਜਦੋਂ ਦੁਲੱਤਾ ਚੱਡਿਆਂ ਦੀ ਤੈਹ ਇੰਜ ਲਾਉਂਦਾ ਜਿਵੇਂ ਭੀਮੇ ਲੁਹਾਰ ਦਾ ਘਣ ਲੋਹੇ ਨੂੰ ਵਿਛਾ ਕੇ ਰੱਖ ਦਿੰਦਾ।
ਅਸੀਂ ਚਾਰ ਪੰਜ ਲੰਗਾੜੇ ਇੰਦਰਹਰ ਪਾਸ ਟੱਪ ਤਾਂ ਗਏ ਪਰ ਹਾਲਤ ਇੰਜ ਹੋ ਗਈ ਜਿਵੇਂ ਚਿੱਤੜਾਂ ਤੇ ਖੁਰੀਆਂ ਲੱਗੀਆਂ ਹੁੰਦੀਆਂ।
ਮੈਂ ਤਾਂ ਮਰਨ ਤੋਂ ਮਸਾਂ ਬਚਿਆ, ਮੇਰੀ ਆਕਸੀਜਨ ਮੁੱਕ ਚੱਲੀ ਸੀ। 4300 ਮੀਟਰ ਦੀ ਚੜ੍ਹਾਈ ਬੰਦੇ ਨੁੂੰ ਐਨਾ ਕੁ ਤੰਗ ਕਰਦੀ ਬਈ ਬੰਦਾ ਇਕ ਵਾਰ ਤਾਂ ਗੁੱਗੇ ਦਾ ਬੱਕਰਾ ਸੁੱਖ ਕੇ ਕਹਿੰਦਾ, ਬਈ ਹੇ ਪੀਰ ਐਤਕੀ ਬਹੁੜ ਜਾ ਫੇਰ ਨੀ ਖਾਂਦੇ ਪਹਾੜਾਂ ਆਲੀ ਖੀਰ।
ਉਥੇ ਥਾਂ ਥਾਂ ਤੇ ਉਨ੍ਹਾਂ ਦੇ ਨਾਂ ਦੀਆਂ ਤਖਤੀਆਂ ਲੱਗੀਆਂ ਜਿਹੜੇ ਇੰਦਰਹਰ ਪਾਸ ਟੱਪਦੇ ਸਮੇਂ ਧਰਮ ਰਾਜ ਦੀ ਕਚਹੈਰੀ ਜਾ ਪੁੱਜੇ। ਉਨ੍ਹਾਂ ਨੂੰ ਵੇਖ ਕੇ ਬੰਦਾ ਸੋਚਦਾ ਲੈ ਬਈ ਸ਼ਾਇਦ ਅਗਲੇ ਐਤਵਾਰ ਨੂੰ ਆਪਣੇ ਭੋਗ ਤੇ ਮੇਹਰਿਆਂ ਦਾ ਜੀਤਾ ਭਾਂਡਿਆਂ ਦੀ ਸੇਵਾ ਕਰ ਰਿਹਾ ਹੋਵੇਗਾ।
ਪਰ ਇੰਦਰਹਰ ਟੱਪਦਿਆਂ ਹੀ ਸਨੋਅ ਲਾਈਨ ਕੈਫੇ ਇੰਜ ਟੱਕਰਦਾ ਜਿਵੇਂ ਵਾਹਣਾਂ ਚ ਸਾਹੇ ਪਿੱਛੇ ਭੱਜੇ ਕੁੱਤੇ ਨੂੰ ਪਾਣੀ ਦਾ ਭਰਿਆ ਸੂਆ ਲੱਭ ਗਿਆ ਹੋਵੇ ਤੇ ਫਿਰ ਉਹ ਗੋਤੇ ਲਾ ਲਾ ਕੇ ਪਿੰਡੇ ਨੂੰ ਚਿੰਬੜੇ ਚਿੱਚੜਾਂ ਨੂੰ ਲਾਡ ਲਡਾਵੇ
22 ਸਾਲ ਤੋਂ ਸਨੋਅ ਲਾਈਨ ਕੈਫੇ ਚਲ ਰਿਹਾ ਤੇ ਇੱਥੋਂ ਜਿਹੜੇ ਨਜ਼ਾਰੇ ਵਿਖਾਈ ਦਿੰਦੇ ਨੇ ਉਹ ਇੰਜ ਨੇ ਜਿਵੇਂ ਕਿਸੇ ਕਾਸ਼ਨੀ ਅੱਖ ਚ ਪਾਇਆ ਸੁਰਮਾ।
ਅਸੀਂ ਉਥੇ ਇਕ ਤਰ੍ਹਾਂ ਨਾਲ ਇਤਰਾਂ ਦੇ ਚੋਅ ਚ ਰਾਤ ਕੱਟੀ। ਜੇ ਮੈਕਲੋਡਗੰਜ ਵਾਲੇ ਪਾਸੇ ਤੋਂ ਜਾਉ ਤਾਂ ਇਹ ਤ੍ਰਿਉਂਡ ਤੋਂ ਉਪਰ ਪੈਂਦਾ। ਪਰ ਇੱਥੋਂ ਦੇ ਨਜ਼ਾਰੇ ਦੱਸੇ ਨੀ ਜਾ ਸਕਦੇ ਬੱਸ ਬੰਦਾ ਘੁੱਟਾਂ ਭਰ ਕੇ ਹੀ ਰੱਜਦਾ ਫੇਰ ਤਾਂ।
ਆਹ ਵੀਡੀਉ ਇਕ ਛੋਟੀ ਜਿਹੀ ਬਣਾਈ ਸੀ ਇੰਦਰਹਰ ਪਾਸ ਤੇ ਸਨੋਅ ਲਾਈਨ ਕੈਫੇ ਬਾਰੇ। ਜੇ ਕਿਸੇ ਦੇ ਘੁੰਮਣ ਆਲੇ ਮਾਉਂ ਲੜਦੇ ਹੋਣ ਤਾਂ ਵੇਖ ਲਇਉ। ਨਹੀਂ ਤਾਂ ਮੌਜ ਨਾਲ ਕਿਸੇ ਭਈਏ ਤੋਂ ਚਾਰ ਪੰਜ ਕੁਲਚੇ ਲੈ ਕੇ ਛਕੋ ਤੇ ਕਿਸੇ ਪੀ ਜੀ ਆਈ ਚ ਆਪਣੇ ਪੁੜਿਆਂ ਤੇ ਡਾਕਟਰਾਂ ਕੋਲੋਂ ਗੁਲਮੇਖਾਂ ਠੁਕਦੀਆਂ ਵੇਖੇ।