ਬਈ ਤੁਹਾਨੂੰ ਬਹੁਤਿਆਂ ਨੂੰ ਪਤਾ ਨੀ ਹੋਣਾ ਬਈ ਆਪਾਂ ਯੂਰਪ ਤੋਂ 1000 ਸਾਲ ਅੱਗੇ ਚਲ ਰਹੇ ਹਾਂ। ਬਈ ਯੂਰਪ ਵਾਲੇ ਦਿਮਾਗੀ ਤੌਰ ’ਤੇ ਸਭ ਤੋਂ ਵੱਧ ਗਰੀਬ ਨੇ ਵਿਚਾਰੇ। ਦੁਨੀਆਂ ਇੰਨੀ ਜ਼ਿਆਦਾ ਤਰੱਕੀ ਗਈ ਹੈ, ਉਨ੍ਹਾਂ ਨੂੰ ਪਤਾ ਹੀ ਨੀ। ਬੱਸ ਜਾਗਰ ਅਮਲੀ ਵਾਂਗ ਤੂੜੀ ਆਲੇ ਕੋਠੇ ’ਚੋਂ ਫੀਮ ਟੋਲ੍ਹਦੇ ਫਿਰਦੇ ਨੇ।
ਉਹ ਅਜੇ ਤੱਕ ਵੀ ਆਪਣੇ ਨਿਆਣਿਆਂ ਨੂੰ ਆਪਣੀਆਂ ਬੋਲੀਆਂ ਜਿਵੇਂ ਫਰਾਂਸੀਸੀ, ਜਰਮਨ, ਡੁੱਚ, ਸਪੇਨਿਸ਼, ਇਟਾਲਾ ਵਿਚ ਹੀ ਪੜ੍ਹਾਈ ਜਾਂਦੇ ਹਨ। ਇਸੇ ਬੋਲੀ ਵਿਚ ਹੀ ਪਤੰਦਰ ਗਲੈਲੀਓ, ਆਇੰਸਟਾਈਨ ਵਰਗੇ ਖੋਜਾਂ ਕਰਕੇ ਲੋਕਾਂ ਦਾ ਦਿਮਾਗ ਪਾਗਲ ਕਰੀ ਗਏ।
ਪਰ ਕਮਾਲ ਵੇਖੋ ਆਪਾਂ ਕਿੰਨੀ ਤਰੱਕੀ ਕੀਤੀ। ਇੰਗਲੈਂਡ ਆਪਾਂ ਤੋਂ ਹਜ਼ਾਰਾਂ ਮੀਲ ਦੂਰ ਹੈ। ਇੰਗਲੈਂਡ ਦੇ ਜੀਨੀਅਸ ਲੋਕਾਂ ਦੀ ਜੀਨੀਅਸ ਬੋਲੀ ਅੰਗਰੇਜ਼ੀ ਨੂੰ ਸਿਰਫ ਅਸੀਂ ਹੀ ਪਛਾਣਿਆ ਕਿ ਸ਼ਹਿਦ ਵਾਂਗ ਕਿੰਨੇ ਗੁਣ ਲੁਕੇ ਹੋਏ ਨੇ ਇਸ ਬੋਲੀ ਵਿਚ। ਸਾਡੇ ਊਧਮ, ਸਰਾਭੇ, ਗਦਰੀ ਬਾਬੇ ਤਾਂ ਵਿਚਾਰੇ ਭੁਲੇਖੇ ਦਾ ਸ਼ਿਕਾਰ ਹੋ ਕੇ, ਉਂਜ ਹੀ ਇੰਨੀ ਜੀਨੀਅਸ ਬੋਲੀ ਵਾਲੇ ਲੋਕਾਂ ਨੂੰ ਇੱਥੋਂ ਭਜਾੳੁਣ ਲਈ ਫਾਂਸੀਆਂ ਚੜ੍ਹਦੇ ਰਹੇ।
ਜੇ ਅੱਜ ਉਹ ਜਾਣ ਤਾਂ ਹੈਰਾਨੀ ਨਾਲ ਪਾਗਲ ਹੋ ਜਾਣ ਕਿ ਅਸੀਂ ਉਨ੍ਹਾਂ ਦੀ ਵਾਰ ਗਾਉਣ ਦੀ ਥਾਂ ‘ਟਵਿੰਕਲ ਟਵਿੰਕਲ ਲਿਟਲ ਸਟਾਰ’ ਗਾ ਕੇ ਆਪਣੇ ਦਿਮਾਗ ਨੂੰ ਕਿੰਨੀਆਂ ਸਿਖਰਾਂ ’ਤੇ ਲੈ ਗਏ ਹਾਂ। ਉਨ੍ਹਾਂ ਦੀ ਵਾਰ ਗਾ ਕੇ ਉਂਜ ਵੀ ਅਸੀਂ ਕਿਤੇ ਨਹੀਂ ਜਾ ਸਕਣਾ ਸੀ। ਹੁਣ ਸਾਨੂੰ ਇਸ ਕਰਕੇ ਬਹੁਤ ਛੇਤੀ ਵੀਜ਼ਾ ਮਿਲ ਜਾਂਦਾ ਕਿ ਅਸੀਂ ‘ਲਿਟਲ ਸਟਾਰ’ ਬਣਕੇ ਇੰਗਲੈਂਡ, ਅਮਰੀਕਾ ਦੀਆਂ ਅੰਬੈਸੀਆਂ ਮੂਹਰੇ ਲਿਸ਼ਕਦੇ ਫਿਰਦੇ ਹਾਂ
ਅੱਜ ਤੋਂ ਹਜ਼ਾਰ ਸਾਲ ਬਾਅਦ ਵੀ ਯੂਰਪ ਦੇ ਲੋਕ ਉਹੀ ਆਪਣੀਆਂ ਦੇਸੀ ਬੋਲੀਆਂ ਫਰਾਂਸੀਸੀ, ਜਰਮਨ, ਇਟਾਲਾ ਪੜ੍ਹ ਕੇ ਪਛੜੇ ਹੋਣਗੇ। ਜਦਕਿ ਜਦੋਂ ਕੋਈ ਪੰਜਾਬ ਦੀ ਧਰਤੀ ’ਤੇ 1000 ਸਾਲ ਬਾਅਦ ਸਾਡੇ ਨਿਆਣਿਆਂ ਨੂੰ ੳ ਅ ਵਿਖਾ ਕੇ ਪੁੱਛਿਆ ਕਰੇਗਾ ਤਾਂ ਉਹ ਕਿਹਾ ਕਰਨਗੇ ,‘‘ ਹਾਂ ਸੁਣਿਆ ਕਿ ਇਸ ਤਰ੍ਹਾਂ ਦਾ ਇਕ ਬੈਕਵਰਡ ਕਬੀਲਾ ਇਸ ਧਰਤੀ ’ਤੇ ਰਹਿੰਦਾ ਸੀ। ਇਹ ਉਨ੍ਹਾਂ ਦੀ ਲਿਪੀ ਹੈ। ਆਪਣੀ ਇਸੇ ਲਿਪੀ ਕਰਕੇ ਉਹ ਬਹੁਤੀ ਤਰੱਕੀ ਨੀ ਕਰ ਸਕੇ। ਇਸ ਲਿਪੀ ਨੂੰ ਪੜ੍ਹਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸੋ ਆਪਣੀ ਤਰੱਕੀ ’ਤੇ ਮਾਣ ਕਰਿਆ ਕਰੋ। ਗਲੈਲੀਓ, ਆਇੰਸਟਾੲੀਨ ਵਰਗਿਆਂ ਦੇ ਵਾਰਸ ਤਾਂ ਭੇਡਾਂ ਨੇ। ਅਸਲੀ ਸ਼ੇਰ ਤਾਂ ਪੰਜਾਬ ਦੀ ਧਰਤੀ ’ਤੇ ਹੀ ਬਚੇ ਨੇ ਹੁਣ।
ਮਨਜੀਤ ਸਿੰਘ ਰਾਜਪੁਰਾ