ਨਵੀਂ ਦਿੱਲੀ— ਦੇਸ਼ ਭਰ ‘ਚ ਸੋਮਵਾਰ ਨੂੰ ਇਕ ਵਾਰ ਫਿਰ ਤੋਂ ਡਾਕਟਰਾਂ ਦੀ ਹੜਤਾਲ ਹੈ। ਇਸ ਕਾਰਨ ਮਰੀਜ਼ਾਂ ਨੂੰ ਇਕ ਵਾਰ ਫਿਰ ਤੋਂ ਭੜਕਣਾ ਪੈ ਸਕਦਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਅਪੀਲ ‘ਤੇ ਕਰੀਬ 5 ਲੱਖ ਡਾਕਟਰਾਂ ਦੀ ਹੜਤਾਲ ਹੈ। ਇਸ ਹੜਤਾਲ ‘ਚ ਦਿੱਲੀ ਮੈਡੀਕਲ ਐਸੋਸੀਏਸ਼ਨ ਨਾਲ ਜੁੜੇ 18 ਹਜ਼ਾਰ ਡਾਕਟਰ ਦੇ ਨਾਲ-ਨਾਲ ਏਮਜ਼ ਵੀ ਸ਼ਾਮਲ ਹੋ ਗਿਆ ਹੈ। ਹੜਤਾਲ ਕਾਰਨ ਦਿੱਲੀ ਦੇ ਸਫ਼ਦਰਗੰਜ, ਰਾਮ ਮਨੋਹਰ ਲੋਹੀਆ ਵਰਗੇ ਵੱਡੇ ਹਸਪਤਾਲਾਂ ‘ਚ ਓ.ਪੀ.ਡੀ. ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਸਿੱਧੇ ਤੌਰ ‘ਤੇ ਕਹੀਏ ਤਾਂ ਇਨ੍ਹਾਂ ਹਸਪਤਾਲਾਂ ‘ਚ ਨਵੇਂ ਮਰੀਜ਼ਾਂ ਦਾ ਇਲਾਜ ਨਹੀਂ ਹੋਵੇਗਾ।
ਏਮਜ਼ ਦੇ ਡਾਕਟਰ ਵੀ ਹੜਤਾਲ ‘ਚ ਹੋਣਗੇ ਸ਼ਾਮਲ
ਪਹਿਲਾਂ ਅਜਿਹੀਆਂ ਖਬਰਾਂ ਸੀ ਕਿ ਏਮਜ਼ ਦੇ ਡਾਕਟਰਜ਼ ਅੱਜ ਦੇ ਹੜਤਾਲ ‘ਚ ਸ਼ਾਮਲ ਨਹੀਂ ਹੋਣਗੇ ਪਰ ਏਮਜ਼ ਦੇ ਰੈਜੀਡੈਂਟ ਡਾਕਟਰਜ਼ ਦੀ ਰਾਤ 1 ਵਜੇ ਹੋਈ ਐਮਰਜੈਂਸੀ ਬੈਠਕ ‘ਚ ਅੱਜ ਦੇ ਹੜਤਾਲ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ ਦੇ ਹੋਰ ਹਸਪਤਾਲਾਂ ਦੇ ਡਾਕਟਰਾਂ ਨੇ ਪੱਛਮੀ ਬੰਗਾਲ ‘ਚ ਡਾਕਟਰਾਂ ਨਾਲ ਹੋਈ ਹਿੰਸਾ ਦੇ ਵਿਰੋਧ ‘ਚ ਬੰਦ ਦਾ ਫੈਸਲਾ ਲਿਆ ਹੈ। ਸਰਕਾਰੀ ਹਸਪਤਾਲਾਂ ਤੋਂ ਇਲਾਵਾ ਦਿੱਲੀ ‘ਚ ਪ੍ਰਾਈਵੇਟ ਹਸਪਤਾਲਾਂ ਦੀ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।
ਡਾਕਟਰਾਂ ਤੋਂ ਜ਼ਰੂਰੀ ਸੇਵਾਵਾਂ ਨਾ ਰੋਕਣ ਦੀ ਅਪੀਲ
ਹਾਲਾਂਕਿ ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਡਾਕਟਰਾਂ ਤੋਂ ਜ਼ਰੂਰੀ ਸੇਵਾਵਾਂ ਨਾ ਰੋਕਣ ਦੀ ਅਪੀਲ ਕੀਤੀ ਹੈ। ਦਿੱਲੀ ਮੈਡੀਕਲ ਐਸੋਸੀਏਸ਼ਨ ਵਲੋਂ ਐਤਵਾਰ ਰਾਤ ਨੂੰ ਜਾਰੀ ਕੀਤੀ ਗਈ ਅਪੀਲ ‘ਚ ਕਿਹਾ ਗਿਆ,”ਸਾਰੇ ਕਲੀਨਿਕਸ, ਨਰਸਿੰਗ ਹੋਮਜ਼ ਅਤੇ ਹਸਪਤਾਲਾਂ ‘ਚ ਰੂਟੀਨ ਸੇਵਾਵਾਂ ਬੰਦ ਰਹਿਣਗੀਆਂ।” ਸਫ਼ਦਰਗੰਜ ਦੇ ਡਾਕਟਰਾਂ ਨੇ ਦੱਸਿਆ ਕਿ ਆਈ.ਸੀ.ਯੂ., ਲੇਬਰ ਕੇਂਦਰ ਸਮੇਤ ਕਈ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।
ਹਿੰਸਾ ਰੋਕਣ ਲਈ ਕੇਂਦਰੀ ਕਾਨੂੰਨ ਬਣਾਉਣ ਦੀ ਲੋੜ
ਡਾਕਟਰਾਂ ਦੀ ਮੰਗ ਹੈ ਕਿ ਮੈਡੀਕਲ ਪ੍ਰਫੈਸ਼ਨਲਜ਼ ਨਾਲ ਹੋਣ ਵਾਲੀ ਹਿੰਸਾ ਨਾਲ ਨਜਿੱਠਣ ਲਈ ਕੇਂਦਰੀ ਕਾਨੂੰਨ ਬਣਾਏ ਜਾਣ ਦੀ ਲੋੜ ਹੈ। ਹਸਪਤਾਲਾਂ ਨੂੰ ਸੁਰੱਖਿਅਤ ਜੋਨ ਐਲਾਨ ਕੀਤਾ ਜਾਣਾ ਚਾਹੀਦਾ, ਇਸ ਤੋਂ ਇਲਾਵਾ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ।