ਕੋਰੋਨਾ ਦੇ ਨਾਲ ਹੀ ਹੁਣ ਅਮਰੀਕਾ ‘ਚ ‘ਹੰਨਾ’ ਦੀ ਤਬਾਹੀ
ਟੈਕਸਾਸ: ਅਮਰੀਕਾ ‘ਚ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਵਿਚਾਲੇ ਐਤਵਾਰ ਟੈਕਸਾਸ ਦੇ ਤਟੀ ਇਲਾਕਿਆਂ ‘ਚ ਸਮੁੰਦਰੀ ਤੂਫਾਨ ਹੰਨਾ ਨੇ ਭਾਰੀ ਤਬਾਹੀ ਮਚਾਈ। ਅੰਦਾਜ਼ੇ ਮੁਤਾਬਕ ਐਤਵਾਰ ਤੂਫਾਨ ਹੰਨਾ ਟੈਕਸਾਸ ਇਲਾਕੇ ਨਾਲ ਟਕਰਾਇਆ। ਤਟੀ ਇਲਾਕਿਆਂ ‘ਚ ਮੋਹਲੇਧਾਰ ਬਾਰਸ਼ ਦੇ ਨਾਲ ਤੇਜ਼ ਗਤੀ ਦੀਆਂ ਹਵਾਵਾਂ ਨੇ ਇੱਥੋਂ ਦੇ ਜਨ-ਜੀਵਨ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ।
ਹਵਾ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜ਼ੋਰ ਨਾਲ ਸੜਕਾਂ ‘ਤੇ ਖੜ੍ਹੇ ਟ੍ਰੈਕਟਰ-ਟਰਾਲੇ ਪਲਟ ਗਏ। ਬਿਜਲੀ ਦੇ ਖੰਭੇ ਉੱਖੜ ਗਏ। ਕਈ ਵੱਡੇ ਦਰੱਖਤ ਉੱਖੜ ਕੇ ਜ਼ਮੀਨ ‘ਤੇ ਆ ਡਿੱਗੇ। ਇੰਨਾ ਹੀ ਨਹੀਂ ਅਮਰੀਕਾ-ਮੈਕਸੀਕੋ ਸਰਹੱਦ ਦੀ ਦੀਵਾਰ ਦੇ ਕਈ ਹਿੱਸੇ ਹਵਾ ਦੇ ਵੇਗ ਤੇ ਮੋਹਲੇਧਾਰ ਬਾਰਸ਼ ਨਾਲ ਡਿੱਗ ਗਏ।
ਇਸ ਤੂਫਾਨ ਨੇ ਖੇਤਾਂ ‘ਚ ਵੀ ਤਬਾਹੀ ਮਚਾਈ ਹੈ। ਇਸ ਵਿਚਾਲੇ ਟੈਕਸਾਸ ਦੇ ਗਵਰਨਰ ਗ੍ਰੇਗ ਏਬੌਟ ਨੇ ਐਤਵਾਰ ਇਕ ਬਿਆਨ ‘ਚ ਕਿਹਾ ਕਿ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਤੂਫਾਨ ਨੂੰ ਐਮਰਜੈਂਸੀ ਐਲਾਨ ਦਿੱਤਾ ਹੈ। ਉਨ੍ਹਾਂ ਆਪਣੇ ਸਥਾਨਕ ਲੀਡਰਾਂ ਨੂੰ ਇਸ ਭਾਰੀ ਆਫਤ ‘ਚ ਮਾਰਗਦਰਸ਼ਨ ਤੇ ਮਦਦ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਨੂੰ ਇਸ ਆਫਤ ‘ਚੋਂ ਕੱਢਿਆ ਜਾ ਸਕੇ।