ਨਵੀਂ ਦਿੱਲੀ : ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਬੁੱਧਵਾਰ ਨੂੰ ਆਈ. ਐੱਸ. ਐੱਸ. ਐੱਫ. ਵਿਸ਼ਵ ਰੈਂਕਿੰਗ ਵਿਚ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਵਰਗ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਬਣ ਗਈ ਸੀ। ਅਪੂਰਵੀ ਦੇ 10 ਮੀਟਰ ਏਅਰ ਰਾਈਫਲ ਵਰਗ ਵਿਚ 1926 ਰੈਂਕਿੰਗ ਅੰਕ ਹਨ ਜਿਸਦੇ ਨਾਲ ਉਹ ਚੋਟੀ ਸਥਾਨ ‘ਤੇ ਪਹੁੰਚ ਗਈ ਹੈ। ਜੈਪੁਰ ਵਿਚ ਜਨਮੀ ਨਿਸ਼ਾਨੇਬਾਜ਼ ਨੇ ਟਵੀਟਰ ‘ਤੇ ਆਪਣੇ ਨੰਬਰ ਇਕ ਬਣਨ ਦੀ ਖੁਸ਼ੀ ਜ਼ਾਹਰ ਕੀਤੀ। ਓਲੰਪਿਅਨ ਨਿਸ਼ਾਨੇਬਾਜ਼ ਨੇ ਲਿਖਿਆ, ”ਮੇਰੇ ਨਿਸ਼ਾਨੇਬਾਜ਼ੀ ਕਰੀਅਰ ਵਿਚ ਵਿਸ਼ਵ ਨੰਬਰ ਇਕ ਬਣਨਾ ਇਕ ਵੱਡੀ ਉਪਲੱਬਧੀ ਹੈ।”
ਉੱਥੇ ਹੀ ਅੰਜੁਮ ਮੁਦਗਿਲ ਆਪਣੀ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਉਸ ਨੇ ਬੀਜਿੰਗ ਵਿਸ਼ਵ ਕੱਪ-2019 ਵਿਚ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਹਰਿਆਣਾ ਦੇ ਮੰਨੂ ਭਾਕਰ ਨੇ 25 ਮੀਟਰ ਪਿਸਟਲ ਵਰਗ ਵਿਚ 10ਵੀਂ ਰੈਂਕਿੰਗ ਹਾਸਲ ਕਰ ਲਈ ਹੈ। ਪੁਰਸ਼ ਵਰਗ ਵਿਚ ਦਿਵਿਆਂਸ਼ ਸਿੰਘ ਪੰਵਾਰ 10 ਮੀਟਰ ਏਅਰ ਰਾਈਫਲ ਵਰਗ ਵਿਚ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਬਣ ਗਏ ਹਨ। 29 ਸਾਲ ਦੇ ਅਭਿਸ਼ੇਕ ਵਰਮਾ ਨੇ ਵੀ ਬੀਜਿੰਗ ਵਿਚ ਸੋਨ ਤਮਗੇ ਨਾਲ ਓਲੰਪਿਕ ਕੋਟਾ ਹਾਸਲ ਕੀਤਾ ਹੈ ਅਤੇ 10 ਮੀਟਰ ਏਅਰ ਪਿਸਟਲ ਵਰਗ ਵਿਚ ਤੀਜੀ ਰੈਂਕਿੰਗ ‘ਤੇ ਪਹੁੰਚ ਗਏ ਹਨ ਜਦਕਿ ਨੌਜਵਾਨ ਸੌਰਭ ਚੌਧਰੀ ਵਿਸ਼ਵ ਦੀ 6ਵੀਂ ਰੈਂਕਿੰਗ ‘ਤੇ ਪਹੁੰਚ ਗਏ ਹਨ। ਅਨੀਸ਼ ਭਨਵਾਲਾ ਨੇ ਵੀ 25 ਮੀਟਰ ਰੈਪਿਡ ਫਾਇਰ ਪਿਸਟਲ ਵਰਗ ਵਿਚ ਚੋਟੀ-10 ਵਿਚ ਜਗ੍ਹਾ ਬਣਾ ਲਈ ਹੈ।