ਮਾਈਗ੍ਰੇਨ ਸਿਰਦਰਦ ਦਾ ਇਕ ਉਗਰ ਰੂਪ ਹੈ, ਜਿਸ ਵਿਚ ਜ਼ਿਆਦਾਤਰ ਸਿਰ ਦੇ ਅੱਧੇ ਹਿੱਸੇ ਵਿਚ ਤੇਜ਼ ਦਰਦ ਹੁੰਦੀ ਹੈ। ਆਮ ਤੌਰ ‘ਤੇ ਇਹ ਦਰਦ ਅੱਧੇ ਹਿੱਸੇ ਜਾਂ ਉਸ ਤੋਂ ਜ਼ਿਆਦਾ ਹਿੱਸੇ ਵਿਚ ਹੁੰਦੀ ਹੈ। ਇਹੀ ਦਰਦ ਧੌਣ ਦੇ ਪਿਛਲੇ ਹਿੱਸੇ ਤੱਕ ਜਾਂਦੀ ਹੈ। ਕਈ ਵਾਰ ਦਰਦ ਏਨੀ ਭਿਆਨਕ ਹੁੰਦੀ ਹੈ ਕਿ ਨਾਲ ਹੀ ਉਲਟੀ ਵਗੈਰਾ ਵੀ ਆਉਂਦੀ ਹੈ ਅਤੇ ਬਰਦਾਸ਼ਤ ਨਹੀਂ ਹੁੰਦੀ, ਰੌਸ਼ਨੀ ਚੰਗੀ ਨਹੀਂ ਲਗਦੀ।
ਮਾਈਗ੍ਰੇਨ ਦੇ ਕੁਝ ਕਾਰਨ
* ਖਾਨਦਾਨੀ ਕਾਰਨਾਂ ਕਰਕੇ ਵੀ ਹੋ ਸਕਦਾ ਹੈ।
* ਨੀਂਦ ਦੀ ਕਮੀ ਵੀ ਇਸ ਦਾ ਇਕ ਕਾਰਨ ਹੈ।
* ਭੀੜੇ ਕੱਪੜੇ ਪਹਿਨਣ ਨਾਲ ਵੀ ਨੁਕਸਾਨ ਪਹੁੰਚਦਾ ਹੈ।
* ਮਾਹਵਾਰੀ ਦਾ ਠੀਕ ਨਾ ਆਉਣਾ।
* ਹਾਰਮੋਨਜ਼ ਵਿਚ ਬਦਲਾਅ।
* ਕਸਰਤ ਨਾ ਕਰਨਾ ਜਾਂ ਆਪਣੀ ਸਮਰੱਥਾ ਤੋਂ ਜ਼ਿਆਦਾ ਕਰਨਾ।
* ਤੇਜ਼ ਰੌਸ਼ਨੀ ਵਿਚ ਜ਼ਿਆਦਾ ਸਮਾਂ ਰਹਿਣਾ ਆਦਿ।
ਵਿਟਾਮਿਨਾਂ ਦੀ ਕਮੀ
ਬੱਚਿਆਂ, ਅੱਲ੍ਹੜਾਂ ਅਤੇ ਬਜ਼ੁਰਗਾਂ ਵਿਚ ਮਾਈਗ੍ਰੇਨ ਵਿਟਾਮਿਨਾਂ ਦੀ ਕਮੀ ਕਾਰਨ ਵੀ ਹੋ ਸਕਦਾ ਹੈ। ਜੇ ਮਾਈਗ੍ਰੇਨ ਦੀ ਸਮੱਸਿਆ ਦਾ ਹੱਲ ਨਾ ਹੋ ਰਿਹਾ ਹੋਵੇ ਤਾਂ ਵਿਟਾਮਿਨਾਂ ਦੀ ਜਾਂਚ ਕਰਾ ਲਓ ਤਾਂ ਕਿ ਡਾਕਟਰ ਦੀ ਸਲਾਹ ਅਨੁਸਾਰ ਵਿਟਾਮਨਾਂ ਦਾ ਸੇਵਨ ਭੋਜਨ ਵਿਚ ਸੁਧਾਰ ਕਰਕੇ ਅਤੇ ਓਰਲ ਦਵਾਈਆਂ ਲੈ ਕੇ ਕਮੀ ਨੂੰ ਦੂਰ ਕੀਤਾ ਜਾ ਸਕੇ।
ਖਾਣਾ ਸਮੇਂ ਸਿਰ ਨਾ ਖਾਣ ‘ਤੇ
ਬਹੁਤ ਸਾਰੇ ਲੋਕ ਲੰਬੇ ਸਮੇਂ ਤੱਕ ਕੁਝ ਨਹੀਂ ਖਾਂਦੇ, ਬਸ ਵਿਚ-ਵਿਚ ਚਾਹ ਆਦਿ ਦਾ ਸੇਵਨ ਕਰ ਲੈਂਦੇ ਹਨ ਅਤੇ ਆਪਣੀ ਭੁੱਖ ਨੂੰ ਸ਼ਾਂਤ ਕਰ ਲੈਂਦੇ ਹਨ। ਕਈ ਵਾਰ ਲਗਾਤਾਰ ਜਾਂ ਜ਼ਿਆਦਾਤਰ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਮਾਈਗ੍ਰੇਨ ਦੀ ਸਮੱਸਿਆ ਹੋ ਜਾਂਦੀ ਹੈ। ਖਾਣਾ ਸਮੇਂ ਸਿਰ ਖਾਓ ਅਤੇ ਪੌਸ਼ਟਿਕ ਆਹਾਰ ਲਓ। ਖਾਣੇ ਵਿਚ ਲੰਬੇ ਸਮੇਂ ਦਾ ਫਰਕ ਨਾ ਰੱਖੋ। ਭੁੱਖ ਨੂੰ ਸ਼ਾਂਤ ਕਰਨ ਲਈ ਚਾਹ-ਕੌਫੀ ਦਾ ਸਹਾਰਾ ਨਾ ਲਓ।
ਤਣਾਅਗ੍ਰਸਤ ਰਹਿਣ ‘ਤੇ
ਮਾਈਗ੍ਰੇਨ ਦੀ ਮੁੱਖ ਕਾਰਨ ਬਹੁਤ ਜ਼ਿਆਦਾ ਤਣਾਅਗ੍ਰਸਤ ਰਹਿਣਾ ਵੀ ਹੈ। ਜੋ ਔਰਤਾਂ-ਮਰਦ ਜ਼ਿਆਦਾ ਤਣਾਅ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਮਾਈਗ੍ਰੇਨ ਦੀ ਸਮੱਸਿਆ ਜ਼ਿਆਦਾ ਸਤਾਉਂਦੀ ਹੈ। ਬਹੁਤ ਸੰਵੇਦਨਸ਼ੀਲ ਵਿਅਕਤੀ ਥੋੜ੍ਹਾ ਜਿਹਾ ਗੁੱਸਾ ਆਉਣ ‘ਤੇ ਵੀ ਮਾਈਗ੍ਰੇਨ ਦਾ ਸ਼ਿਕਾਰ ਹੋ ਜਾਂਦਾ ਹੈ। ਵਾਰ-ਵਾਰ ਮੂਡ ਵਿਚ ਬਦਲਾਅ ਵੀ ਮਾਈਗ੍ਰੇਨ ਹੋਣ ਦਾ ਲੱਛਣ ਹੁੰਦਾ ਹੈ, ਕਿਉਂਕਿ ਦਿਮਾਗ ਵਿਚ ਅਜਿਹੇ ਰਸਾਇਣ ਬਣਦੇ ਹਨ, ਜਿਨ੍ਹਾਂ ਨਾਲ ਮਾਈਗ੍ਰੇਨ ਹੋਣ ਵਿਚ ਮਦਦ ਮਿਲਦੀ ਹੈ। ਅਜਿਹੇ ਵਿਅਕਤੀ ਗੁੱਸੇ ‘ਤੇ ਕਾਬੂ ਰੱਖਣ, ਤਣਾਅ ਨਾ ਪਾਲਣ ਤਾਂ ਕਿ ਮਾਈਗ੍ਰੇਨ ਕੰਟਰੋਲ ਵਿਚ ਰਹੇ। ਖੁਸ਼ ਰਹੋ, ਹਾਲਤਾਂ ਨੂੰ ਸਵੀਕਾਰੋ।
ਕੈਫੀਨ ਦਾ ਜ਼ਿਆਦਾ ਸੇਵਨ
ਕੈਫੀਨ ਦਾ ਜ਼ਿਆਦਾ ਸੇਵਨ ਵੀ ਮਾਈਗ੍ਰੇਨ ਦਾ ਕਾਰਨ ਹੈ। ਮਾਈਗ੍ਰੇਨ ਵਾਲੇ ਵਿਅਕਤੀਆਂ ਨੂੰ ਪੁਡਿੰਗ ਅਤੇ ਕੈਫੀਨ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੋਕਾ-ਕੋਲਾ, ਅਲਕੋਹਲ, ਚਾਹ-ਕੌਫੀ ਤੋਂ ਦੂਰੀ ਰੱਖਣੀ ਉਨ੍ਹਾਂ ਦੀ ਸਿਹਤ ਲਈ ਬਿਹਤਰ ਹੈ।
ਪਾਣੀ ਦਾ ਘੱਟ ਸੇਵਨ
ਘੱਟ ਪਾਣੀ ਦਾ ਸੇਵਨ ਵੀ ਮਾਈਗ੍ਰੇਨ ਦਾ ਇਕ ਕਾਰਨ ਹੈ। ਸਰੀਰ ਵਿਚੋਂ ਜ਼ਹਿਰੀਲੇ ਤੱਤ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲਦੇ, ਜੋ ਕਈ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਪਾਣੀ ਦਾ ਉਚਿਤ ਸੇਵਨ ਥੋੜ੍ਹੀ-ਥੋੜ੍ਹੀ ਦੇਰ ਵਿਚ ਥੋੜ੍ਹਾ-ਥੋੜ੍ਹਾ ਕਰੋ।
ਭੀੜੇ ਕੱਪੜੇ ਪਹਿਨਣਾ
ਕੱਸਵੀਂ ਬੈਲਟ ਲਗਾ ਕੇ ਖਾਣਾ ਜਾਂ ਚੁਸਤ ਕੱਪੜਿਆਂ ਵਿਚ ਖਾਣਾ ਖਾਣ ਨਾਲ ਪੇਟ ‘ਤੇ ਦਬਾਅ ਪੈਂਦਾ ਹੈ, ਜੋ ਸਿਰਦਰਦ ਮਾਈਗ੍ਰੇਨ ਦਾ ਕਾਰਨ ਬਣਦਾ ਹੈ। ਪੇਟ ਨੂੰ ਜ਼ਿਆਦਾ ਦੇਰ ਤੱਕ ਅੰਦਰ ਜ਼ਬਰਦਸਤੀ ਕਰਨ ਨਾਲ ਵੀ ਸਿਰਦਰਦ ਹੁੰਦਾ ਹੈ। ਕੱਪੜੇ ਆਰਾਮਦਾਇਕ ਪਹਿਨੋ ਜੋ ਪੇਟ ਨੂੰ ਨਾ ਦਬਾਉਣ, ਬੈਲਟ ਨੂੰ ਖਾਣਾ ਖਾਂਦੇ ਸਮੇਂ ਢਿੱਲਾ ਕਰ ਲਓ।