ਐਡਮਿੰਟਨ ਯੂਥ ਕਲੱਬ ਨੇ ਜਿੱਤਿਆ ‘ਟੋਬਾ ਕੱਪ 2023’

ਵਿਨੀਪੈਗ : ਵਿਨੀਪੈਗ ਵਿੱਚ ਨਵੀਂ ਪਨੀਰੀ ਨੂੰ ਫੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ ਪੰਜਵਾਂ ‘ਟੋਬਾ ਗੋਲਡ ਕੱਪ 2023’ ਫੀਲਡ ਹਾਕੀ ਟੂਰਨਾਮੈਂਟ 1717 ਗੇਟਵੇਅ ਰਿਕਰੇਸ਼ਨ ਸੈਂਟਰ ਵਿਨੀਪੈਗ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕੈਨੇਡਾ ਦੀਆਂ ਪ੍ਰਸਿੱਧ ਅੱਠ ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ।

ਪੂਲ ‘ਏ’ ਵਿੱਚ ਐਡਮਿੰਟਨ ਯੂਥ ਫੀਲਡ ਹਾਕੀ ਕਲੱਬ, ਯੂਨਾਈਟਿਡ ਹਾਕੀ ਫੀਲਡ ਗਰੀਨ ਕੈਲਗਰੀ, ਹਾਕਸ ਫੀਲਡ ਹਾਕੀ ਕਲੱਬ ਕੈਲਗਰੀ, ਸੀਐੱਫਐੱਚਸੀਸੀ ਬਰੈਂਪਟਨ, ਜਦੋਂ ਕਿ ਪੂਲ ‘ਬੀ’ ਵਿੱਚ ਕਿੰਗਜ਼ ਇਲੈਵਨ ਹਾਕੀ ਫੀਲਡ ਕਲੱਬ, ਯੂਨਾਈਟਿਡ ਹਾਕੀ ਫੀਲਡ ਕਲੱਬ ਬਲੂ ਕੈਲਗਰੀ, ਬਰੈਂਪਟਨ ਫੀਲਡ ਹਾਕੀ ਕਲੱਬ ਤੇ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ਦੀਆਂ ਟੀਮਾਂ ਸ਼ਾਮਲ ਸਨ। ਇਹ ਟੂਰਨਾਮੈਂਟ ਲੀਗ ਕਮ-ਨਾਕ-ਆਊਟ ਦੇ ਆਧਾਰ ’ਤੇ ਖੇਡਿਆ ਗਿਆ। ਲੀਗ ਮੈਚਾਂ ਵਿੱਚ ਪੂਲ ਏ ’ਚੋਂ ਐਡਮਿੰਟਨ ਯੂਥ ਫੀਲਡ ਹਾਕੀ ਕਲੱਬ ਤੇ ਐੱਫਐੱਚਸੀਸੀ ਬਰੈਂਪਟਨ ਤੇ ਪੂਲ ਬੀ ’ਚੋਂ ਬਰੈਂਪਟਨ ਫੀਲਡ ਹਾਕੀ ਕਲੱਬ ਤੇ ਯੂਨਾਈਟਿਡ ਹਾਕੀ ਫੀਲਡ ਕਲੱਬ ਬਲੂ ਕੈਲਗਰੀ ਨੇ ਆਪਣੇ ਆਪਣੇ ਲੀਗ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਪਹਿਲੇ ਸੈਮੀਫਾਈਨਲ ’ਚ ਬਰੈਂਪਟਨ ਫੀਲਡ ਹਾਕੀ ਕਲੱਬ ਨੇ ਸੀਐੱਫਐੱਚਸੀਸੀ ਬਰੈਂਪਟਨ ਨੂੰ ਨਿਰਧਾਰਿਤ ਸਮੇਂ ਵਿੱਚ ਮੈਚ ਦੋ-ਦੋ ਗੋਲਾਂ ਨਾਲ ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਵਿੱਚ ਜਿੱਤ ਪ੍ਰਾਪਤ ਕੀਤੀ। ਦੂਜੇ ਸੈਮੀਫਾਈਨਲ ’ਚ ਐਡਮਿੰਟਨ ਯੂਥ ਫੀਲਡ ਹਾਕੀ ਕਲੱਬ ਨੇ ਦੋ ਗੋਲਾਂ ਦੇ ਮੁਕਾਬਲੇ ਚਾਰ ਗੋਲਾਂ ਨਾਲ ਯੂਨਾਈਟਿਡ ਹਾਕੀ ਫੀਲਡ ਕਲੱਬ ਬਲੂ ਕੈਲਗਰੀ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।


Comment As:

Comment (0)