spot_img

Tere Varga

Tere Varga (ਤੇਰੇ ਵਰਗਾ) ਕਹਾਣੀ ਗੁਰਪ੍ਰੀਤ ਕੌਰ ਵਲੋਂ ਲਿਖੀ ਗਈ ਹੈ, ਜਿਸ ਨੂੰ ਅਸੀਂ ਉਸ ਦੇ ਫੇਸਬੁਕ ਪੇਜ ਤੋਂ ਧੰਨਵਾਦ ਸਹਿ ਪ੍ਰਾਪਤ ਕੀਤਾ ਹੈ

ਮੈਂ ਤੇ ਉਹ ਜਦੋਂ ਵੀ ਲੜਦੇ ਤਾਂ ਉਹ ਹਮੇਸ਼ਾ ਕਹਿੰਦਾ, “ਮੇਰੇ ਵਰਗਾ ਲੱਭਦੀ ਫਿਰੇਂਗੀ, ਪਰ ਤੈਨੂੰ ਲੱਭਣਾ ਨੀ” ਅੱਗਿਓਂ ਹੋਰ ਗੁੱਸੇ ਚ ਮੈਂ ਜਵਾਬ ਦਿੰਦੀ, “ਤੇਰੇ ਵਰਗਾ (tere varga) ਹੋਰ ਮੈਨੂੰ ਚਾਹੀਦਾ ਵੀ ਨੀ, ਤੈਨੂੰ ਪਾ ਕੇ ਹੀ ਧੰਨ ਹੋਗੀ ਮੈਂ ਤਾਂ, ਜੇ ਤੇਰੇ ਵਰਗਾ ਹੋਰ ਮਿਲ ਗਿਆ ਤਾਂ ਮੇਰਾ ਤਾਂ ਜਿਉਣਾ ਮਰਨਾ ਬਰਾਬਰ ਹੋ ਜਾਉ।” ਹਾਸੇ ਮਖੌਲ ਦੀਆਂ ਗੱਲਾਂ ਕਦੋਂ ਸੱਚ ਸਾਬਤ ਹੋ ਜਾਵਣ ਕੁਝ ਨੀ ਪਤਾ ਲੱਗਦਾ।

ਕਦੇ ਧੁੱਪ ਕਦੇ ਛਾਂ

ਮੈਨੂੰ ਉਹਦੇ ਵਰਗਾ ਹੀ ਚਾਹੀਦਾ ਸੀ, ਇਹ ਅਹਿਸਾਸ ਉਦੋਂ ਹੋਇਆ ਜਦੋਂ ਉਹਦੇ ਨਾਮ ਦਾ ਚੂੜਾ ਕਿਸੇ ਹੋਰ ਦੀਆਂ ਬਾਹਾਂ ਚ ਸੀ, ਜਦੋਂ ਕਿਸੇ ਹੋਰ ਨੇ ਆਪਣੇ ਹੱਥਾਂ ਦੀਆਂ ਤਲੀਆਂ ਤੇ ਮਹਿੰਦੀ ਨਾਲ ਉਹਦਾ ਨਾਮ ਲਿਖਵਾਇਆ ਸੀ। ਉਦੋਂ ਅਹਿਸਾਸ ਹੋਇਆ ਸੀ ਕਿ ਮੈਂ ਕਿੰਨੀ ਮੂਰਖ ਸੀ। ਉਂਝ ਹਰ ਕਿਸੇ ਦੀਆਂ ਨਜਰਾਂ ਚ ਮੈਂ ਹੀ ਸਿਆਣੀ ਸੀ, ਆਮ ਜਿਹੇ ਪਰਿਵਾਰ ਵਿੱਚੋਂ ਨਿਕਲਕੇ ਲੰਡਨ ਵਰਗੇ ਸ਼ਹਿਰ ਚ ਪੀ. ਐੱਚ. ਡੀ ਕਰਨ ਵਾਲੀ ਕੁੜੀ ਸਿਆਣੀ ਹੀ ਹੋਵੇਗੀ, ਮੂਰਖ ਥੋੜਾ। ਪਰ ਮੇਰੇ ਕੋਲ ਉਸ ਸਮੇਂ ਕੇਵਲ ਡਿਗਰੀਆਂ ਹੀ ਰਹਿ ਗਈਆਂ ਸਨ ਤੇ ਮੇਰੀ ਮੁਹੱਬਤ, ਮੇਰੀ ਧੰਨ ਦੌਲਤ ਕਿਸੇ ਹੋਰ ਦੇ ਖਜ਼ਾਨੇ ਚ ਪੈ ਗਈ ਸੀ।

ਮੈਂ ਨਾਰਾਜ਼ ਸੀ ਉਸ ਨਾਲ ਕਿ ਕਿਉਂ ਟੈਮ ਬੇਟੈਮ ਉਹ ਫੋਨ ਕਰਦਾ ਰਹਿੰਦਾ ਏ, ਇਹ ਨੀ ਸੋਚਦਾ ਕਿ ਮੈਂ ਕਿੰਨੀ ਵਿਅਸਤ ਹਾਂ। ਮੇਰੇ ਕੋਲ ਤਾਂ ਖੁਦ ਲਈ ਵੀ ਸਮਾਂ ਨਹੀਂ ਸੀ, ਫੇਰ ਕਿਸੇ ਹੋਰ ਲਈ ਸਮਾਂ ਕਿਵੇਂ ਕੱਢ ਲੈਂਦੀ। ਉਹ ਫੋਨ ਕਰਦਾ ਮੈਂ ਇਗਨੋਰ ਕਰ ਦਿੰਦੀ, ਫੇਰ ਇੱਕ ਦਿਨ ਮੈਂ ਗੂੜੀ ਨੀਂਦ ਵਿੱਚੋਂ ਜਾਗੀ, ਜਦੋਂ ਉਹਦਾ ਕਈ ਦਿਨ ਕੋਈ ਫੋਨ ਨਾ ਆਇਆ, ਮੈਂ ਫੋਨ ਕੀਤਾ ਤਾਂ ਉਹਨੇ ਅੱਗਿਓਂ ਚੱਕਿਆ ਨਾ। ਮੇਰੇ ਦਿਲ ਨੂੰ ਬੇਚੈਨੀ ਹੋਣ ਲੱਗ ਗਈ, ਇਸੇ ਸ਼ਸ਼ੋਪੰਜ ਚ ਕਈ ਦਿਨ ਲੰਘ ਗਏ, ਕਿ ਆਖਿਰ ਹੋਇਆ ਕੀ ਏ, ਨਾ ਫੋਨ ਕਰਦਾ ਏ, ਨਾ ਫੋਨ ਚੱਕਦਾ ਏ।

ਅਖੀਰ ਮੈਂ ਫੈਸਲਾ ਕੀਤਾ ਕਿ ਚਾਹੇ ਕੁਝ ਦਿਨਾਂ ਲਈ ਹੀ ਸਹੀ, ਪਰ ਮੈਂ ਉਹਦੇ ਕੋਲ ਜਾਵਾਂਗੀ ਤੇ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਆਵਾਂਗੀ ਤੇ ਆਪਣੇ ਮਾਪਿਆਂ ਨੂੰ ਵੀ ਉਹਦੇ ਬਾਰੇ ਦੱਸ ਦਿਆਂਗੀ। ਸਰਪਰਾਇਜ ਦੇਣ ਲਈ ਪਹੁੰਚੀ ਸੀ, ਤੇ ਖੁਦ ਨੂੰ ਹੀ ਸਦਮਾ ਲੱਗ ਗਿਆ ਸੀ। ਇੱਕ ਨਵੀਂ ਨਵੇਲੀ ਦੁਲਹਨ, ਬਾਹਾਂ ਚ ਚੂੜਾ ਪਾਈ ਮੇਰੇ ਸਾਮ੍ਹਣੇ ਆ ਖਲੋਤੀ ਤੇ ਪਲਾਂ ਚ ਹੀ ਮੇਰਾ ਦਰਜਾ ਘਟ ਕੇ ਐਨਾ ਥੱਲੇ ਆ ਗਿਆ ਕਿ ਮੈਂ ਉਹਨੂੰ ਇਹ ਵੀ ਨਾ ਕਹਿ ਸਕੀ, ਕਿ ਅੰਮ੍ਰਿਤ ਚੱਲ ਆਪਾਂ ਕਿਤੇ ਬਾਹਰ ਚੱਲੀਏ, ਮੇਰਾ ਮਨ ਅੱਜ ਤੇਰੇ ਨਾਲ ਸਮਾਂ ਬਿਤਾਉਣ ਦਾ ਏ।

ਚਾਹ ਵੀ ਜਹਿਰ ਵਰਗੀ ਲੱਗ ਰਹੀ ਸੀ। ਜਵਾਬ ਮੰਗਿਆ ਤਾਂ ਉਹਨੇ ਸਿਰਫ਼ ਐਨਾ ਕਿਹਾ, “ਤੂੰ ਵਿਅਸਤ ਐਨੀ ਸੀ ਕਿ ਤੈਨੂੰ ਖੁਦ ਵੀ ਪਤਾ ਨੀ ਲੱਗਿਆ ਕਦੋਂ ਮੇਰਾ ਹੱਥ ਛੱਡਕੇ ਕੋਹਾਂ ਦੂਰ ਲੰਘ ਗਈ ਸੀ, ਤੇ ਪਿੱਛੇ ਮੁੜ ਕੇ ਵੀ ਤੂੰ ਕਦੇ ਦੇਖਿਆ ਨੀ, ਜੇ ਇੱਕ ਵਾਰ ਮੈਨੰ ਦੱਸਕੇ ਗਈ ਹੁੰਦੀ ਕਿ ਮੈਂ ਵਾਪਸ ਇੱਥੇ ਹੀ ਆਉਣਾ ਏ ਤਾਂ ਸ਼ਾਇਦ ਮੈਂ ਇੰਤਜ਼ਾਰ ਕਰਦਾ ਰਹਿੰਦਾ।”

ਮੈਂ ਚਾਹ ਵਿਚਾਲੇ ਛੱਡਕੇ ਵਾਪਸ ਆ ਗਈ। ਤੇ ਉਸ ਦਿਨ ਤੋਂ ਹਰ ਚੇਹਰੇ ਚ, ਹਰ ਰੂਹ ਚ ਉਸੇ ਨੂੰ ਲੱਭਦੀ ਹਾਂ, ਹਮੇਸ਼ਾ ਇਹੋ ਮੂੰਹੋਂ ਨਿਕਲਦਾ ਏ, ਮਾਂ ਇਹ ਉਹਦੇ ਵਰਗਾ ਨਹੀਂ, ਇਹ ਤਾਂ ਉਹਦੇ ਬਰਾਬਰ ਵੀ ਨਹੀਂ, ਪਤਾ ਨੀ ਤੇਰੇ ਵਰਗਾ ਪਾਉਣ ਦੀ ਮੇਰੀ ਭਾਲ ਕਦੋਂ ਮੁੱਕੇਗੀ, ਤੇਰੇ ਵਰਗਾ ਕੋਈ ਮਿਲੇਗਾ ਵੀ ਜਾਂ ਨਹੀਂ, ਪਰ ਅੱਜ ਵੀ ਮੈਨੂੰ ਚਾਹੀਦਾ ਤੇਰੇ ਵਰਗਾ ਹੀ ਹੈ।

Gurpreeet Kaur

#gurkaurpreet

RELATED ARTICLES

LEAVE A REPLY

Please enter your comment!
Please enter your name here

Most Popular

Recent Comments