ਪੰਜਾਬ ਵਿੱਚੋਂ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਦੇ ਖਾਤਮੇ ਲਈ ਸਾਨੂੰ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਨਾਲ ਜਿੱਥੇ ਦੁਨੀਆਂ ਭਰ ਵਿੱਚ ਪੰਜਾਬ ਦਾ ਨਾਮ ਰੋਸ਼ਨ ਹੋਵੇਗਾ, ਉਥੇ ਹੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਭਵਿੱਖ ਸੁਧਾਰ ਸਕੇਗੀ। ਇਹ ਵਿਚਾਰ ਸੇਵਾ ਸੁਸਾਇਟੀ ਦੇ ਆਗੂ ਭਾਈ ਲਖਵਿੰਦਰ ਸਿੰਘ ਬਿੱਟੂ ਨੇ ਅੱਜ ਇਥੇ ਪ੍ਰਗਟਾਏ। ਉਹ ਆਪਣੇ ਸਾਥੀਆਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਵਿਖੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਨੇ ਸੇਵਾ ਸੁਸਾਇਟੀ ਦੇ ਹੋਰਨਾਂ ਮੈਂਬਰਾਂ ਨਾਲ ਰਲ਼ ਕੇ ਕਬੱਡੀ ਖਿਡਾਰੀਆਂ ਨੂੰ 30 ਕਿਲੋ ਕਾਲ਼ੇ ਛੋਲੇ ਵੰਡੇ। ਇਹ ਕਾਰਜ ਸੇਵਾਦਾਰ ਗੁਰਮੀਤ ਸਿੰਘ ਖੋਜੇ ਮਾਜਰਾ ਦੇ ਸਹਿਯੋਗ ਨਾਲ ਸੰਪੂਰਨ ਹੋਇਆ। ਭਾਈ ਬਿੱਟੂ ਨੇ ਦੱਸਿਆ ਕਿ ਸਕੂਲ ਮਾਸਟਰ ਅਤੇ ਕੋਚ ਮੰਗਾ ਸਿੰਘ ਅੰਟਾਲਾ ਲੇਖਕ ਸ਼ਰਾਰਤੀ ਤੱਤ ਵਿਦਿਆਰਥੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਖੇਡਾਂ ਵੱਲ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਦਾ ਇਕ ਖਿਡਾਰੀ ਕੁਝ ਚਿਰ ਪਹਿਲਾਂ ਨੈਸ਼ਨਲ ਖੇਡ ਕੇ ਆਇਆ ਹੈ ਅਤੇ ਹੁਣ ਪੰਜ ਹੋਰ ਖਿਡਾਰੀ ਨੈਸ਼ਨਲ ਖੇਡਣ ਜਾ ਰਹੇ ਹਨ।
ਇਸ ਸਮੇਂ ਮਾਸਟਰ ਮੰਗਾ ਸਿੰਘ ਨੇ ਦੱਸਿਆ ਕਿ ਅੱਜ ਕਬੱਡੀ ਵਿੱਚ ਹਰਿਆਣਾ ਤੇ ਹਿਮਾਚਲ ਦੀਆਂ ਟੀਮਾਂ ਪੰਜਾਬ ਨਾਲੋਂ ਅੱਗੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਦੀਆਂ ਟੀਮਾਂ ਹਰਿਆਣਾ ਤੇ ਹਿਮਾਚਲ ਨੂੰ ਜਿੱਤ ਕੇ ਪਹਿਲੇ ਨੰਬਰ ਤੇ ਆਉਣ। ਅਖ਼ੀਰ ਵਿੱਚ ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਫ਼ਤਹਿਗੜ੍ਹ ਸਾਹਿਬ ਤੇ ਬਾਬਰਪੁਰ ਲੁਧਿਆਣਾ ਨੇ ਭਾਈ ਲਖਵਿੰਦਰ ਸਿੰਘ ਬਿੱਟੂ , ਗੁਰਮੀਤ ਸਿੰਘ ਖੋਜੇ ਮਾਜਰਾ ਤੇ ਸਾਰੇ ਸੁਸਾਇਟੀ ਮੈਂਬਰਾਂ ਦਾ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਧੰਨਵਾਦ ਕੀਤਾ।