ਮੁੰਬਈ — ਪਿਆਜ਼ ਦੀਆਂ ਕੀਮਤਾਂ ਡਿੱਗਣ ਕਾਰਨ ਇਸ ਫਸਲ ਦੀ ਬੀਜਾਈ ਕਰਨ ਵਾਲੇ ਕਿਸਾਨਾਂ ਦੀ ਮਾਲੀ ਹਾਲਤ ਪਤਲੀ ਹੋ ਗਈ ਹੈ। ਪਿਆਜ਼ ਬੀਜਣ ‘ਚ ਮੋਹਰੀ ਕੁਝ ਸੂਬਿਆਂ ‘ਚ ਖਾਸ ਕਰਕੇ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ‘ਚ ਪਿਛਲੇ ਦੋ ਹਫਤਿਆਂ ਦੌਰਾਨ ਕੀਮਤਾਂ ‘ਚ ਭਾਰੀ ਗਿਰਾਵਟ ਆਈ ਹੈ। ਸਟੋਰਾਂ ‘ਚ ਰੱਖਿਆ ਪੁਰਾਣਾ ਪਿਆਜ਼ ਮੰਡੀਆਂ ‘ਚ ਆਉਣ ਨਾਲ ਸਪਲਾਈ ਬਹੁਤ ਜ਼ਿਆਦਾ ਵਧ ਗਈ ਹੈ। ਇਨ੍ਹਾਂ ਸੂਬਿਆਂ ਦੀਆਂ ਰਿਪੋਰਟਾਂ ‘ਚ ਭਾਰਤੀ ਖੇਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਦੋ ਪ੍ਰਮੁੱਖ ਕਾਰਨਾਂ ਦਾ ਜ਼ਿਕਰ ਹੈ। ਪਹਿਲਾ ਕਾਰਨ ਤਾਂ ਇਹ ਹੈ ਕਿ ਉਤਪਾਦਕਾਂ ਤੇ ਬਾਜ਼ਾਰਾਂ ‘ਚ ਸੰਪਰਕ ਦੀ ਵੱਡੀ ਘਾਟ ਹੈ ਅਤੇ ਦੂਜਾ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ‘ਚ ਫੂਡ ਪ੍ਰੋਸੈਸਿੰਗ ਇੰਫਰਾਸਟ੍ਰਕਚਰ ਹੀ ਨਹੀਂ ਹੈ।
ਕੀਮਤਾਂ ‘ਚ ਕਿਉਂ ਆਈ ਭਾਰੀ ਗਿਰਾਵਟ?
ਮੌਜੂਦਾ ਸਮੇਂ ਮੰਡੀਆਂ ‘ਚ ਸਾਉਣੀ ਦੀ ਫਸਲ ਆ ਰਹੀ ਹੈ ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਸਟੋਰਾਂ ‘ਚ ਰੱਖੇ ਗਏ ਪੁਰਾਣੇ ਪਿਆਜ਼ ਵੀ ਤੇਜ਼ੀ ਨਾਲ ਕੱਢੇ ਗਏ ਹਨ। ਕਿਸਾਨਾਂ ਨੇ ਬਿਹਤਰ ਕੀਮਤ ਮਿਲਣ ਦੀ ਆਸ ‘ਚ ਪਿਛਲਾ ਸਟਾਕ ਸਟੋਰ ਕੀਤਾ ਹੋਇਆ ਸੀ। ਲਿਹਾਜਾ ਦੋਵੇਂ ਪਾਸਿਓਂ ਸਪਲਾਈ ਤੇਜ਼ ਹੋਣ ਨਾਲ ਮੰਡੀਆਂ ‘ਚ ਕੀਮਤਾਂ ਧੜੰਮ ਹੋ ਗਈਆਂ।
ਮੱਧ ਪ੍ਰਦੇਸ਼ ਦੇ ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕੀਮਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਟੋਰਾਂ ਨੂੰ ਜਦੋਂ ਹੌਲੀ-ਹੌਲੀ ਖਾਲੀ ਕੀਤਾ ਜਾਵੇਗਾ ਤਾਂ ਕੀਮਤਾਂ ਸਥਿਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕੀਮਤਾਂ ਸਥਿਰ ਨਾ ਹੋਈਆਂ ਤਾਂ ਸਰਕਾਰ ਜ਼ਿਆਦਾ ਪਿਆਜ਼ ਖਰੀਦ ਸਕਦੀ ਹੈ। ਅਧਿਕਾਰੀ ਨੇ ਕਿਹਾ ਕਿ ਨਵਾਂ ਪਿਆਜ਼ ਅਜੇ ਮੰਡੀਆਂ ‘ਚ ਆਉਣਾ ਸ਼ੁਰੂ ਹੋਇਆ ਹੈ ਅਤੇ ਕੀਮਤਾਂ ਨੂੰ ਸਹੀ ਜਗ੍ਹਾ ‘ਤੇ ਪਹੁੰਚਣ ‘ਚ ਸਮਾਂ ਲੱਗੇਗਾ। ਓਧਰ ਭਾਰਤੀ ਕਿਸਾਨ ਸੰਗਠਨ ਦੇ ਲੀਡਰ ਅਨਿਲ ਯਾਦਵ ਨੇ ਕਿਹਾ ਕਿ ਨਵਾਂ ਪਿਆਜ਼ ਆਉਣ ਨਾਲ ਕੀਮਤਾਂ ‘ਚ ਗਿਰਾਵਟ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਸਟੋਰਾਂ ‘ਚ ਰੱਖਿਆ ਮਾਲ ਵੀ ਕੱਢਦੇ ਹਨ ਪਰ ਸਰਕਾਰ ਨੂੰ ਪਹਿਲਾਂ ਹੀ ਕਦਮ ਚੁੱਕਦੇ ਹੋਏ ਬਰਾਮਦ ਲਈ ਰਾਹ ਖੋਲ੍ਹਣਾ ਚਾਹੀਦਾ ਸੀ।