ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ 3 ਕਿਲੋ ਹੈਰੋਇਨ ਤੇ ਡਰੋਨ ਬਰਾਮਦ

HEROIN and DRONE RECOVERED

ਚੰਡੀਗੜ੍ਹ/ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਤਹਿਤ ਸਰਹੱਦ ਪਾਰੋਂ ਤਸਕਰੀ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਸਥਿਤ ਸਮੱਗਲਰਾਂ ਵੱਲੋਂ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ । ਪੰਜਾਬ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਅੰਮ੍ਰਿਤਸਰ ਵਿੱਚ ਘਰਿੰਦਾ ਦੇ ਪਿੰਡ ਭੈਣੀ ਰਾਜਪੂਤਾਂ ਦੇ ਛੱਪੜ ਨੇੜੇ ਖੇਪ ਡਿਲੇਵਰ ਕਰਨ ਲਈ ਵਰਤੇ ਜਾਣ ਵਾਲੇ ਕਵਾਡਕਾਪਟਰ ਡਰੋਨ ਸਮੇਤ ਕੁੱਲ 3 ਕਿਲੋਗ੍ਰਾਮ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ ਗਏ ਹਨ।

ਪੰਜਾਬ ਪੁਲਿਸ ਅਤੇ ਬੀਐਸਐਫ ਦੁਆਰਾ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਕਈ ਸਾਂਝੇ ਖੋਜ ਅਭਿਆਨਾਂ ਦੌਰਾਨ ਬਰਾਮਦ ਕੀਤਾ ਗਿਆ ਇਹ ਸੱਤਵਾਂ ਅਜਿਹਾ ਡਰੋਨ ਹੈ। ਇਸ ਦੇ ਨਾਲ ਹੀ ਅਭਿਆਨ ਦੌਰਾਨ 14.5 ਕਿਲੋਗ੍ਰਾਮ ਹੈਰੋਇਨ ਦੀ ਪ੍ਰਭਾਵਸ਼ਾਲੀ ਬਰਾਮਦਗੀ ਵੀ ਕੀਤੀ ਗਈ ਹੈ ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਡਰੋਨ ਰਾਹੀਂ ਹੈਰੋਇਨ ਤਸਕਰੀ ਕਰਨ ਦੀ ਕੋਸ਼ਿਸ਼ ਬਾਰੇ  ਮਿਲੀ ਪੁਖ਼ਤਾ ਇਤਲਾਹ ਤੋਂ ਬਾਅਦ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਐਸਐਫ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ ਅਤੇ ਘਰਿੰਦਾ ਦੇ  ਪਿੰਡ ਭੈਣੀ ਰਾਜਪੂਤਾਂ ਦੇ ਛੱਪੜ ਨੇੜੇ ਸੜਕ ਦੇ ਹੇਠਾਂ ਛੁਪਾਏ ਗਿਆ ਇੱਕ ਟੁਟਾ ਹੋਇਆ  ਡਰੋਨ ਅਤੇ ਤਿੰਨ ਪੈਕੇਟ ਹੈਰੋਇਨ ਬਰਾਮਦ ਕੀਤੇ। 

ਹੋਰ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ  ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਡਰੋਨ ਰਾਹੀਂ ਖੇਪ ਭੇਜਣ ਵਾਲੇ ਪਾਕਿ ਸਮੱਗਲਰਾਂ ਅਤੇ ਹੈਰੋਇਨ ਦੀ ਖੇਪ ਪ੍ਰਾਪਤ ਕਰਨ ਵਾਲੇ ਉਨ੍ਹਾਂ ਦੇ ਭਾਰਤੀ ਸਾਥੀਆਂ ਦੀ ਪਛਾਣ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। 

ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਘਰਿੰਦਾ ਪੁਲਿਸ ਸਟੇਸ਼ਨ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਅਤੇ 61 ਅਤੇ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11 ਅਤੇ 12 ਦੇ ਤਹਿਤ ਐੱਫ.ਆਈ.ਆਰ ਨੰਬਰ 224 ਮਿਤੀ 01.11.2023 ਨੂੰ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *