The Song of Scorpions

ਜਦੋਂ ਵੀ,ਕੋਈ ਵੀ ਫਿਲਮ ਆਪਣੀ ਸਹਿਜ ਗਤੀ,ਦ੍ਰਿਸ਼ ਵਿਚਲੀ ਰੌਸ਼ਨੀ,ਆਲੇ ਦੁਆਲੇ ਦੀਆਂ ਧੁਨੀਆਂ ਅਤੇ ਦ੍ਰਿਸ਼ ਦੇ ਕਲਾਤਮਕ ਬੁਣਤ ਨਾਲ ਉੱਤਰੇ ਤਾਂ ਉਹਦਾ ਅਸਰ ਮੈਂ ਵੇਖਦਿਆਂ ਹੀ ਕਬੂਲਦਾ ਹਾਂ। ਯਕੀਨਨ ਉਹ ਹੀ ਫਿਲਮ ਹੈ। ਅਜਿਹੀ ਫਿਲਮ ਆਪਣੀ ਕਹਾਣੀ,ਅਦਾਕਾਰੀ ਅਤੇ ਕਹਿਣ ਦੇ ਅੰਦਾਜ਼ ਤੋਂ ਤੁਹਾਨੂੰ ਖਾਸ ਮਾਹੌਲ ਵਿੱਚ ਲੈ ਜਾਂਦੀ ਹੈ।

ਅਨੂਪ ਸਿੰਘ ਇਸੇ ਬੁਣਤ ਦੇ ਹਦਾਇਤਕਾਰ ਹਨ।ਪੰਜਾਬੀ ਸਿਨੇਮਾ ‘ਚ ਅਜਿਹਾ ਹਦਾਇਤਕਾਰ ਆਉਣਾ ਚਾਹੀਦਾ ਹੈ।ਅਨੂਪ ਸਿੰਘ ਵਰਗੇ ਇਸ ਲਈ,ਕਿਉਂ ਕਿ ਉਹ ਕਹਾਣੀ ਚੁਣਦੇ ਹਨ।ਉਸ ਕਹਾਣੀ ‘ਚ ਲੈਅ ਹੁੰਦੀ ਹੈ।ਅਜਿਹੀ ਕਹਾਣੀ ਨਾਲ ਵਹਿੰਦਿਆ ਤੁਸੀਂ ਆਪਣੀ ਮਿੱਟੀ ਦੀ ਕਹਾਣੀ ਨੂੰ ਸੁਣਦੇ ਹੋ।ਉਹ ਕਹਾਣੀ ਸਾਹਮਣੇ ਵਿਖ ਵੀ ਰਹੀ ਹੁੰਦੀ ਹੈ ਅਤੇ ਤੁਹਾਡੇ ਅੰਦਰ ਵੀ ਫੈਲ ਜਾਂਦੀ ਹੈ। ਜਿਵੇਂ ਸ਼ਾਮ ਨੂੰ ਤਰਕਾਲਾਂ ਦੇ ਢਲਦੇ ਸੂਰਜ ਦੀ ਅੰਬਰਾਂ ਵਿੱਚ ਲਾਲੀ ਫੈਲ ਜਾਂਦੀ ਹੈ।

ਜ਼ਿਕਰ ਹੈ ਕਿ ਜੈਸਲਮੇਰ ਦੇ ਇਲਾਕੇ ‘ਚ ਮਾਰੂਥਲਾਂ ਦੀ ਲੋਕਧਾਰਾ ‘ਚ ਕਥਾ ਹੈ ਕਿ ਜਦੋਂ ਬਿੱਛੂ ਡੰਗ ਮਾਰਦਾ ਹੈ ਤਾਂ ਖਾਸ ਤਰ੍ਹਾਂ ਦੀ ਮੁਹਾਰਤ ‘ਚ ਗਾਉਣ ਵਾਲੀਆਂ ਬੀਬੀਆਂ ਬਿੱਛੂ ਦਾ ਜ਼ਹਿਰ ਗੀਤ ਗਾਕੇ ਹੀ ਖਤਮ ਕਰਦੀਆਂ ਹਨ।ਪ੍ਰਚਲਿਤ ਹੈ ਕਿ ਕੱਟੇ ਬਿੱਛੂ ਦਾ ਇਲਾਜ ਇੰਝ ਹੈ।ਅਜਿਹੇ ਗੀਤਾਂ ਨੂੰ ਬਿੱਛੂਆਂ ਦਾ ਗੌਣ ਕਹਿੰਦੇ ਹਨ। ਲੋਕ ਧਾਰਾ ਮਨ ਦੀ ਅਵਾਜ਼ ਹੈ।ਉਹ ਬੰਦੇ ਦੇ ਸੁਭਾਅ ਅਤੇ ਉਹਦੇ ਖਿੱਤੇ ਨਾਲ ਤਾਲਮੇਲ ਦਾ ਸਿਰਨਾਵਾਂ ਹੁੰਦਾ ਹੈ।ਅਜਿਹਾ ਖਿਆਲ ਉਹਦੇ ਕਿਰਦਾਰ ਨੂੰ ਖਾਸ ਛੋਹ ਬਖਸ਼ਦਾ ਹੈ।ਲੋਕਧਾਰਾ ਤੋਂ ਮੁਨਕਰ ਬੰਦਾ ਕੌਰਾ ਹੋ ਜਾਂਦਾ ਹੈ।ਬਹੁਤ ਕੁਝ ਅਸੀਂ ਵਾਧੂ ਪਾਖੰਡ ਅਤੇ ਬੋਝਲ ਰਸਮਾਂ ਐਲਾਨਕੇ ਆਧੁਨਿਕ ਹੋਣ ਦੀ ਜੱਦੋਜਹਿਦ ਵਿੱਚ ਬੰਦੇ ਦਾ ਸਹਿਜ ਸੁਹੱਪਣ ਵੀ ਗਵਾ ਲਿਆ ਹੈ।

ਪਸਰੀ ਰਾਤ,ਮਾਰੂਥਲ,ਬਿੱਛੂ ਦਾ ਡੰਗਿਆ,ਜ਼ਹਿਰ ਨੂੰ ਉਤਾਰਦੀ ਗੌਣ ਗਾਉਂਦੀ ਬੀਬੀ ਅਤੇ ਉਸ ਬੀਬੀ ਦੀ ਅਵਾਜ਼ ਨਾਲ ਉਹਦੀ ਮੁਹੱਬਤ ‘ਚ ਮੋਹਿਆ ਨੂਰਾਂ ਦਾ ਆਦਮ ਇਰਫਾਨ ਖਾਨ ! ਫਿਲਮ ਆਪਣੇ ਪਹਿਲੇ ਦ੍ਰਿਸ਼ ਤੋਂ ਹੀ ਉਹ ਸਭ ਕੁਝ ਸਿਰਜ ਜਾਂਦੀ ਹੈ ਜਿਸ ਨਾਲ ਕਹਾਣੀ ਨੇ ਹਦਾਇਤਕਾਰ ਦੀ ਛੌਹ ਨਾਲ ਵੇਖਣ ਵਾਲੇ ਨਾਲ ਤੁਰ ਪੈਣਾ ਹੈ। ਰਾਜਸਥਾਨ ਦੀ ਜ਼ਮੀਨ ਦੀ ਇਸ ਕਹਾਣੀ ‘ਚ ਇਕੱਲਾ ਇਰਫਾਨ ਅਤੇ ਫਰਹਾਨੀ ਹੀ ਨਹੀਂ।ਸ਼ਸ਼ਾਂਕ ਅਤੇ ਵਹੀਦਾ ਰਹਿਮਾਨ ਵੀ ਕਮਾਲ ਦੀ ਹਾਜ਼ਰੀ ਲਵਾਕੇ ਜਾਂਦੇ ਹਨ। ਕਹਾਣੀ ਹੈ ਕਿ ਬਿੱਛੂ ਡੰਗ ਦਾ ਜ਼ਹਿਰ ਉਤਾਰਨ ਵਾਲੀ ਗੌਣ ਗਾਉਂਦੀ ਬੀਬੀ ਦੇ ਪਿਆਰ ‘ਚ ਆਦਮ (ਇਰਫਾਨ) ਪੈ ਜਾਂਦਾ ਹੈ।ਉਹ ਆਪਣੇ ਮਿੱਤਰ ਤੋਂ ਨੂਰਾਂ ਦਾ ਬਲਾਤਕਾਰ ਵਰਗਾ ਜੁਰਮ ਕਰਵਾਉਂਦਾ ਹੈ ਅਤੇ ਫਿਰ ਉਹਦਾ ਸਹਾਰਾ ਬਣਦਾ ਹੈ।ਕਿਰਦਾਰਾਂ ਦੇ ਅਜਿਹੇ ਮਾਹੌਲ ਦੀ ਕਹਾਣੀ ਇਹ ਫਿਲਮ ਹੈ - The Song of Scorpions 

ਸਿਨੇਮਾ ‘ਚ ਫਿਲਮ ਵੇਖਦੇ ਬਜ਼ੁਰਗ ਮਿਲੇ ਅਤੇ ਕਹਿੰਦੇ ਕਿ ਉਹ ਵਹੀਦਾ ਰਹਿਮਾਨ ਨੂੰ ਵੇਖਣ ਆਏ ਸੀ।ਉਹ ਕਿੱਥੇ ਗਈ ? ਨੂਰਾਂ ਨਾਲ ਜਦੋਂ ਜਬਰ ਜਿਨਾਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਵਹੀਦਾ ਮਾਰੂਥਲਾਂ ‘ਚ ਲੱਭਦੀ ਨਹੀਂ। ਕਿਸੇ ਔਰਤ ਦਾ ਬਲਾਤਕਾਰ ਉਹਦੀ ਆਤਮਾ ਨੂੰ ਛਲਣੀ ਕਰ ਜਾਂਦਾ ਹੈ।ਇਹ ਤਨ ‘ਤੇ ਜੁਰਮ ਹੈ ਪਰ ਮਨ ਦਾ ਕਤਲ ਹੈ।ਨੂਰਾਂ ਦੀ ਮਾਂ ਫਿਰ ਕਿਉਂ ਲੱਭੇਗੀ ? ਨੂਰਾਂ ਨਾਲ ਹੋਇਆ ਜਬਰ ਜਿਨਾਹ ਉਹਦੇ ਤੀਂਵੀ ਮਨ ਦਾ,ਉਹਦੀ ਮਮਤਾ ਦਾ ਕਤਲ ਹੀ ਤਾਂ ਹੈ।ਉਹ ਖਤਮ ਹੋ ਗਈ ਹੈ।ਉਹਨੂੰ ਉਹਦੀ ਮਾਂ ਨਹੀਂ ਮਿਲਦੀ।ਉਹ ਗਵਾਚ ਗਈ ਹੈ।ਲਾਪਤਾ ਹੈ।ਮੰਨੋ ਕਿ ਉਹਦਾ ਕਤਲ ਹੀ ਤਾਂ ਹੈ।ਮਾਂ ਦਾ ਫਿਲਮ ਦੇ ਦ੍ਰਿਸ਼ ਤੋਂ ਲਾਪਤਾ ਹੋ ਜਾਣਾ ਨੂਰਾਂ ਦੇ ਅੰਦਰੋਂ ਜਨਾਨੀ ਦਾ ਮਰਨਾ ਹੀ ਤਾਂ ਹੈ।ਤਨ ‘ਤੇ ਹੋਏ ਜ਼ੁਲਮ ਅਤੇ ਮਨ ਦੇ ਮੁਰਦਾ ਹੋ ਜਾਣ ਦੀ ਨਿਸ਼ਾਨੀ ਹੀ ਤਾਂ ਹੈ।ਉਹਦੇ ਅੰਦਰ ਦਾ ਟੁੱਟਿਆ ਹਿੱਸਾ ਉਹ ਆਪਣੀ ਮਾਂ ਦਾ ਅੰਸ਼ ਹੀ ਤਾਂ ਹੈ।

ਅਨੂਪ ਇਸ ਜੁਰਮ ਨੂੰ ਫਿਲਮ ਦੇ ਕੈਨਵਸ ‘ਤੇ ਜਦੋਂ ਖਿਲਾਰਦਾ ਹੈ ਤਾਂ ਵੇਖਣ ਵਾਲਾ ਵੀ ਉਸ ਪੀੜ ਅਤੇ ਵਹਿਸ਼ਤ ਨੂੰ ਮਹਿਸੂਸ ਕਰਦਾ ਹੈ।ਬਸ਼ਰਤੇ ਤੁਸੀਂ ਕਹਾਣੀ ਨਾਲ ਤੁਰੇ ਜ਼ਰੂਰ ਹੋਵੋ। ਫਿਲਮ ਦੀ ਕਹਾਣੀ ਦਾ ਅਜਿਹਾ ਕ੍ਰਾਫਟ,ਉਹਦੀ ਬੁਣਤ, ਕਲਾਤਮਕ ਛੋਹ ਜਿਸ ਕਹਾਣੀ ਨੂੰ ਅਤੇ ਜਿਸ ਢੰਗ ਨਾਲ ਵਹਾ ਰਿਹਾ ਹੈ ਪੰਜਾਬੀ ਸਿਨੇਮਾ ‘ਚ ਸਾਲ ‘ਚ ਕੋਈ ਇੱਕ ਦੋ ਫਿਲਮਾਂ ਇੰਝ ਕਹਾਣੀ,ਕ੍ਰਾਫਟ,ਦ੍ਰਿਸ਼,ਧੁਨੀ,ਕੈਨਵਸ,ਗਤੀ,ਕੈਮਰੇ ਦੀ ਜ਼ੁਬਾਨ ਲੈਕੇ ਆਵੇ ਤਾਂ ਸਿਨੇਮਾ ਦਾ ਮਕਬੂਲ ਦਸਤਖਤ ਲਿਖਿਆ ਜਾਵੇਗਾ।  ਅਨੂਪ ਸਿੰਘ ਨੇ ਇਸ ਕਹਾਣੀ ਨੂੰ ਰਾਜਸਥਾਨ ਦੀ ਧਰਾਤਲ ‘ਤੇ ਰੱਖਿਆ ਹੈ। ਇਸ ਕਹਾਣੀ ਨੂੰ ਵੇਖਦਿਆਂ ਵਹਿਸ਼ਤ ਦਾ ਉਹ ਕਹਿਰ ਸਮਝ ਆਉਂਦਾ ਹੈ ਜੋ ਇਸ ਦੁਨੀਆਂ ਦੀ ਸਿਰਜਣਾ ‘ਤੇ ਜੁਲਮ ਹੈ।

ਗੀਤ ਗਾਉਂਦੀ ਜ਼ਹਿਰਾਂ ਨੂੰ ਉਤਾਰਦੀ ਬੀਬੀ ਦੁਨੀਆਂ ਦਾ ਜੀਵਨ ਅਧਾਰ ਹੀ ਤਾਂ ਹੈ।ਅਜਿਹੀ ਆਤਮਾ ਨੂੰ ਛਲਣੀ ਕਰਨਾ ਉਹਦੇ ਗੀਤ ਨੂੰ ਬੰਦ ਕਰਨਾ ਹੈ।ਉਹ ਗੀਤ ਜੋ ਜ਼ਹਿਰ ਉਤਾਰਦਾ ਹੈ।ਇਸ ਕਹਾਣੀ ਨੂੰ ਵੇਖਦਿਆਂ ਅੰਮ੍ਰਿਤਾ ਪ੍ਰਤੀਮ ਦਾ ਲਿਖਿਆ ਸਮਝ ਆਉਂਦਾ ਹੈ ਤਾਂ ਇਹ ਇੱਕ ਖਿੱਤੇ ਦੀ ਕਹਾਣੀ ਦਾ ਦੂਜੇ ਖਿੱਤੇ ਦੀ ਕਹਾਣੀ ਨਾਲ ਭਾਵਨਾਵਾਂ ਦੀ ਸਾਂਝ ਸਮਝ ਆਉਂਦੀ ਹੈ।

ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ

ਨੂਰਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਇੱਕ ਬੰਦੇ ਨੇ ਉਹਦਾ ਬਲਾਤਕਾਰ ਕੀਤਾ।ਦੂਜੇ ਬੰਦੇ ਨੇ ਇਹ ਕਰਵਾਇਆ ਸਿਰਫ ਇਸ ਲਈ ਕਿ ਉਹ ਉਸ ਤੋਂ ਬਾਅਦ ਉਹਦਾ ਸਹਾਰਾ ਬਣ ਸਕੇ।ਉਹਨੇ ਉਹਦੇ ਗੀਤਾਂ ਵਿੱਚ ਜ਼ਹਿਰ ਘੋਲਿਆ ਹੈ ਤਾਂ ਉਹ ਖੁਦ ਬਿੱਛੂ ਦੇ ਡੰਗ ਨਾਲ ਮਰ ਜੀਵਨ ਲੀਲਾ ਖਤਮ ਕਰਨ ਦਾ ਫੈਸਲਾ ਕਰਦੀ ਹੈ।ਆਦਮ (ਇਰਫਾਨ) ਇਹ ਵੇਖਦਿਆਂ ਜਦੋਂ ਆਪ ਵੀ ਬਿੱਛੂ ਦਾ ਡੰਗ ਮਰਵਾਉਂਦਾ ਨੂਰਾਂ ਨਾਲ ਹੀ ਮਰਨ ਲੱਗਦਾ ਹੈ ਤਾਂ ਨੂਰਾਂ ਉਸ ਤੋਂ ਵਿੱਥ ਰੱਖਦੀ ਗੀਤ ਗਾ ਖੁਦ ਦਾ ਜ਼ਹਿਰ ਉਤਾਰਦੀ ਹੈ।ਉਸ ਨੂੰ ਜ਼ਿੰਦਗੀ ਦੇ ਉਸ ਪਾਰ ਆਦਮ (ਇਰਫਾਨ) ਨਾਲ ਮਰਨਾ ਮਨਜ਼ੂਰ ਨਹੀਂ। ਇਹ ਪਿੰਜਰ ਨਾਵਲ ਦੇ ਕਿਰਦਾਰਾਂ ਵਰਗੀ ਭਾਵਨਾ ਹੈ। ਜਿੱਥੇ ਰਸ਼ੀਦ ਪੂਰੋ ਨੂੰ ਜ਼ਬਰਦਸਤੀ ਉਧਾਲਦਾ ਤਾਂ ਹੈ ਪਰ ਉਹ ਉਸ ਅਪਰਾਧਬੋਧ ਵਿੱਚ ਵੀ ਹੈ। ਪੂਰੋ ਅਖੀਰ ਰਸ਼ੀਦ ਨਾਲ ਰਹਿਣਾ ਕਬੂਲਦੀ ਹੈ। ਉਹ ਹਰ ਉਧਾਲੀ ਕੁੜੀ ਨੂੰ ਸਹੀ ਠਿਕਾਣੇ ਪਹੁੰਚਦਿਆਂ ਵੇਖ ਮਹਿਸੂਸ ਕਰਦੀ ਹੈ ਕਿ ਸਮਝੋ ਪੂਰੋ ਹੀ ਆਪਣੇ ਘਰ ਪਹੁੰਚ ਗਈ। 

ਇੰਝ ਹੀ The Song of Scorpions ਵਿੱਚ ਇਹ ਬੜਾ ਕੁਝ ਪ੍ਰਤੀਕ ਦੀ ਜ਼ੁਬਾਨ ਹੈ।ਇਸ ਘੜੀ ਨੂਰਾਂ ਗਰਭਵਤੀ ਵੀ ਹੈ।ਇੰਝ ਜਾਪਦਾ ਹੈ ਕਿ ਜੁਰਮ ਤੋਂ ਬਾਅਦ ਵੀ ਉਹ ਆਪਣੇ ਅੰਦਰ ਪਲ ਰਹੀ ਜ਼ਿੰਦਗੀ ਨੂੰ ਰੂਹ ਬਖਸ਼ ਰਹੀ ਹੈ।ਆਦਮ ਦੇ ਜ਼ਹਿਰ ਤੋਂ ਬਚਾਉਂਦੀ ਅੰਦਰ ਦੀ ਜ਼ਿੰਦਗੀ ਨਾਲ ਨੂਰਾਂ ਦੇ ਮਾਰੂਥਲਾਂ ‘ਚ ਉਹਦੀ ਮਾਂ ਦਾ ਗੀਤ ਸੁਣਦਾ ਨਜ਼ਰ ਆਉਂਦਾ ਹੈ।ਜਿਵੇਂ ਉਹਦੀ ਮਾਂ ਉਹਦਾ ਗੀਤ ਜੋ ਜ਼ਹਿਰ ਤੋਂ ਬਚਾਉਂਦਾ ਹੈ ਵਾਪਸ ਆ ਗਿਆ ਹੋਵੇ। ਇਰਾਨੀ ਅਦਾਕਾਰਾ ਗੋਲਸਿਫ਼ਤਹ ਫਰਹਾਨੀ ਨੂਰਾਂ ਦੇ ਕਿਰਦਾਰ ‘ਚ ਉਸ ਦਰਦ ਅਤੇ ਜਦੋਜਹਿਦ ਨੂੰ ਪਰਦੇ ‘ਤੇ ਫੈਲਾਅ ਦਿੰਦੀ ਹੈ।ਇਰਫਾਨ ਨੇ ਕਿਸੇ ਮੁਲਾਕਾਤ ‘ਚ ਕਿਹਾ ਸੀ ਕਿ ਆਦਮ ਦੇ ਕਿਰਦਾਰ ਨੂੰ ਉਹਨੇ ਪੜ੍ਹਿਆ ਨਹੀਂ ਸੀ।ਉਹ ਉਸ ਕਿਰਦਾਰ ਨੂੰ ਰਾਜਸਥਾਨ ਦੇ ਉਸ ਮਾਹੌਲ ‘ਚ ਉਹਦੇ ਹੀ ਵਹਾਅ ‘ਚ ਮਹਿਸੂਸ ਕਰਨਾ ਚਾਹੁੰਦਾ ਸੀ। 2017 ਦੀ ਬਣੀ ਫਿਲਮ The Song of Scorpions 2023 ਵਿੱਚ ਜਾਕੇ ਪਰਦਾਪੇਸ਼ ਹੋਈ ਹੈ। Qissa a tale of lonely Ghost ਤੋਂ ਬਾਅਦ ਅਨੂਪ ਸਿੰਘ ਨਾਲ ਇਰਫਾਨ ਖਾਨ ਦੀ ਇਹ ਦੂਜੀ ਫਿਲਮ ਸੀ। ਜਿਹੜਾ ਨਗਮਾ ਜ਼ਹਿਰ ਉਤਾਰੇ ਉਹ ਨਗਮਾ ਕਦੀ ਮਰਨਾ ਨਹੀਂ ਚਾਹੀਦਾ।ਜ਼ਿੰਦਗੀ ਦੀ ਵੱਡੀ ਘਾਲਣਾ ਤਾਂ ਇਹੋ ਹੈ।ਮੇਰੀ ਨਜ਼ਰ ਵਿੱਚ The Song of Scorpions ਇੰਝ ਦੀ ਮਹਿਸੂਸ ਹੁੰਦੀ ਫਿਲਮ ਹੈ।ਆਪਣੇ ਹਿੱਸੇ ਦਾ ਤੁਸੀਂ ਆਪ ਮਹਿਸੂਸ ਕਰ ਸਕਦੇ ਹੋ।

~ ਹਰਪ੍ਰੀਤ ਸਿੰਘ ਕਾਹਲੋਂ


Comment As:

Comment (0)