ਮੁੰਬਈ : ਬਹੁਤੀਆਂ ਫਿਲਮਾਂ ‘ਚ ਤਾਂ ਐਕਟਰ ਇੰਜ ਇਕੱਠੇ ਕੀਤੇ ਹੁੰਦੇ ਹਨ ਜਿਵੇਂ ਮੱਝਾਂ ਟੋਭੇ ‘ਚ ਵੜੀਆਂ ਹੁੰਦੀਆਂ ਹਨ। ਫਿਰ ਮੱਝਾਂ ਦੀਆਂ ਪੂੰਛਾਂ ਵਾਂਗ ਹੀ ਕਿਸੇ ਨੂੰ ਕੋਈ ਪਤਾ ਨੀ ਲਗਦਾ ਬਈ ਕਿਹੜਾ ਕਿਸਨੂੰ ਗੋਹੇ ਨਾਲ ਲਬੇੜ ਰਿਹੈ। ਪਰ ਹਿੰਦੀ ਵਿਚ ਇਕ ਅਜਿਹੀ ਫਿਲਮ ਵੀ ਬਣੀ ਜਿਸ ਵਿਚ ਇਕੋ ਐਕਟਰ ਹੀ ਸਾਰੀ ਫਿਲਮ ਨੂੰ ਖਿੱਚੀ ਫਿਰੀ ਗਿਆ। ਇਸ ਫਿਲਮ ਦਾ ਨਾਂ ਯਾਦਾਂ ਸੀ ਤੇ ਗਿਨੀਜ਼ ਬੁੱਕ ਆਫ ਵਰਲਡ ਰੀਕਾਰਡ ਵਿਚ ਵੀ ਇਸ ਦਾ ਨਾਂ ਦਰਜ ਹੋਇਆ। ਇਸ ਫਿਲਮ ਦਾ ਹੀਰੋ ਸੁਨੀਲ ਦੱਤ ਸੀ। ਇਹ ਫਿਲਮ 1964 ਵਿਚ ਰਿਲੀਜ਼ ਹੋਈ ਤੇ ਇਹ ਕਾਲੀ ਚਿੱਟੀ ਫਿਲਮ ਸੀ।
ਫਿਲਮ ਦੀ ਸ਼ੁਰੂ ਵਿਚ ਹੀ ਲਿਖਿਆ ਆਉਂਦਾ ਹੈ ਦੁਨੀਆ ਦੀ ਪਹਿਲੀ ਇਕ ਐਕਟਰ ਵਾਲੀ ਫਿਲਮ। ਇਸ ਫਿਲਮ ਵਿਚ ਸੁਨੀਲ ਦੱਤ ਘਰ ਆਉਂਦਾ ਹੈ ਅਤੇ ਵੇਖਦਾ ਹੈ ਕਿ ਉਸ ਦੀ ਘਰ ਵਾਲੀ ਤੇ ਨਿਆਣੇ ਘਰ ਨਹੀਂ ਹਨ। ਉਸ ਨੂੰ ਲਗਦਾ ਹੈ ਕਿ ਉਹ ਘਰ ਛੱਡ ਕੇ ਚਲੇ ਗਏ ਹਨ। ਜਦੋਂ ਉਹ ਇਕੱਲਾ ਹੁੰਦਾ ਹੈ ਤਾਂ ਆਪਣੇ ਆਪ ਨਾਲ ਗੱਲਾਂ ਕਰਦਾ ਹੈ। ਸਮੇਂ ਵਿਚ ਪਿੱਛੇ ਜਾਂਦਾ ਹੈ ਤੇ ਆਪਣੇ ਆਪ ਨਾਲ ਗੱਲਾਂ ਕਰਦਾ ਹੈ। ਫਿਲਮ ਇਤਿਹਾਸਕਾਰ ਤੇ ਲੇਖਕ ਅੰਮ੍ਰਿਤ ਗੰਗਰ ਕਹਿੰਦੇ ਹਨ ਕਿ ਫਿਲਮ ਵਿਚ ਇਕੱਲੇਪਣ ਦਾ ਅਹਿਸਾਸ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਕੀ ਹੁੰਦਾ ਹੈ ਉਸ ਕਿਰਦਾਰ ਨੂੰ ਜਿਹੜਾ ਜਦੋਂ ਘਰ ਆਉਂਦਾ ਹੈ ਤੇ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੀ ਘਰ ਵਾਲੀ ਤੇ ਨਿਆਣੇ ਘਰ ਛੱਡ ਕੇ ਚਲੇ ਗਏ ਹਨ। ਉਹ ਆਲੇ ਦੁਆਲੇ ਪਏ ਸਮਾਨ ਨਾਲ ਗੱਲਾਂ ਕਰਦਾ ਹੈ ਤੇ ਉਹ ਅਹਿਸਾਸ ਵਿਚ ਜਿਉਂਦੇ ਹੋ ਉਠਦੇ ਨੇ।
ਪੂਰੀ ਫਿਲਮ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਣਾ ਸਚਮੁੱਚ ਇਕ ਚੁਨੌਤੀ ਹੈ। ਇਸ ਫਿਲਮ ਨੂੰ ਏ ਸਰਟੀਫਿਕੇਟ ਮਿਲਿਆ। ਫਿਲਮ ਵਿਚ ਅਵਾਜ਼ ਤੇ ਡਾਇਲਾਗ ਨਾਲ ਬੰਦੇ ਤੇ ਉਸ ਦੀ ਘਰ ਵਾਲੀ ਵਿਚਾਲੇ ਬਹਿਸ ਹੁੰਦੀ ਹੈ। ਫਿਲਮ ਵਿਚ ਤੀਵੀਂ ਵਿਖਾਈ ਨਹੀਂ ਦਿੰਦੀ ਬੱਸ ਉਸ ਦੀ ਅਵਾਜ਼ ਸੁਣਾਈ ਦਿੰਦੀ ਹੈ ਜੋ ਕਿ ਨਰਗਿਸ ਦੀ ਹੈ।
ਨਰਗਿਸ ਫਿਲਮ ਦੇ ਅਖੀਰ ਵਿਚ ਪਰਛਾਵੇਂ ਦੇ ਰੂਪ ਵਿਚ ਨਜ਼ਰ ਆਉਂਦੀ ਹੈ। ਜਦੋਂ ਉਹ ਘਰ ਆਉਂਦੀ ਹੈ ਤਾਂ ਸੁਨੀਲ ਦੱਤ ਆਪਣੇ ਆਪ ਨੂੰ ਫਾਂਸੀ ਲਾ ਲੈਂਦਾ ਹੈ। ਇਸ ਫਿਲਮ ਵਿਚ ਦੋ ਗਾਣੇ ਵੀ ਹਨ।