ਕਰੋਨਾ ਦਾ ਕਹਿਰ : ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ 1409 ਮਾਮਲੇ ਅਤੇ ਦੇਸ਼ ਦੇ 78 ਜ਼ਿਲ੍ਹੇ ਕਰੋਨਾ ਮੁਕਤ

ਨਵੀਂ ਦਿੱਲੀ : ਭਾਰਤ ਵਿੱਚ ਲੌਕਡਾਊਨ ਨੂੰ ਲਾਗੂ ਕੀਤੇ ਹੋਏ ਨੂੰ ਭਾਵੇਂ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਵੀ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਵੱਲ ਜੇਕਰ ਗੌਰ ਕਰੀਏ ਤਾਂ 1409 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਕਰੋਨਾ ਦੇ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 21393 ਹੋ ਗਈ ਹੈ।

ਭਾਵੇਂ ਦੇਸ਼ ਵਿੱਚ ਕਰੋਨਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਫਿਰ ਵੀ ਦੇਸ਼ ਦੇ ਅਜਿਹੇ 78 ਦੇ ਕਰੀਬ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਇਕ ਵੀ ਕਰੋਨਾ ਦਾ ਕੇਸ ਨਹੀਂ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੇ 12 ਅਜਿਹੇ ਜ਼ਿਲ੍ਹੇ ਹਨ ਜਿਥੇ ਪਿਛਲੇ 28 ਦਿਨਾਂ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਉਥੇ ਹੀ ਦੇਸ਼ ਵਿੱਚ 23 ਰਾਜ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ 78 ਜ਼ਿਲ੍ਹੇ ਅਜਿਹੇ ਵੀ ਹਨ ਜਿਥੇ ਪਿਛਲੇ 14 ਦਿਨਾਂ ਵਿੱਚ ਕੋਈ ਕੇਸ ਦਰਜ ਨਹੀਂ ਹੋਇਆ ਹੈ।

ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੂਨੀਆ ਸਲਿਲਾ ਸ੍ਰੀਵਾਸਤਵ ਨੇ ਕਿਹਾ ਕਿ ਦੇਸ਼ ਦੇ ਪੇਂਡੂ ਖੇਤਰਾਂ ਵਿਚ ਅਰਥਵਿਵਸਥਾ ਦੀ ਗਤੀ ਨੂੰ ਬਣਾਏ ਰੱਖਣ ਲਈ ਖੇਤੀਬਾੜੀ ਨਾਲ ਸਬੰਧਤ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਥੇ ਹੀ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਅਤੇ ਸੇਵਾਵਾਂ ਵਿੱਚ ਵੀ ਛੋਟਾਂ ਦਿਤੀਆਂ ਹਨ।
ਇਸ ਤੋਂ ਇਲਾਵਾ ਪ੍ਰੀਪੇਡ ਮੋਬਾਈਲ ਰੀਚਾਰਜ ਸੇਵਾਵਾਂ, ਸ਼ਹਿਰੀ ਖੇਤਰਾਂ ਵਿੱਚ ਸਥਿਤ ਖਾਣ ਵਾਲੀਆਂ ਚੀਜ਼ਾਂ ਨਾਲ ਸਬੰਧ ਉਦਯੋਗ ਜਿਵੇਂ ਮਿਲਕ ਪ੍ਰੋਸੈਸਿੰਗ ਯੂਨਿਟ, ਬ੍ਰੈੱਡ ਫ਼ੈਕਟਰੀ, ਆਟਾ ਮਿੱਲਾਂ ਨੂੰ ਛੋਟਾਂ ਪ੍ਰਾਪਤ ਹਨ। ਵਿਦਿਆਰਥੀਆਂ ਦੇ ਲਈ ਕਿਤਾਬਾਂ ਦੀਆਂ ਦੁਕਾਨਾਂ ਅਤੇ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਇਲੈਟ੍ਰੀਕਲ ਸਮਾਨ ਵੇਚਣ ਵਾਲਿਆਂ ਨੂੰ ਛੋਟਾਂ ਪ੍ਰਾਪਤ ਹਨ।

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਆਖਿਆ ਹੈ ਕਿ ਰਾਜ ਵਿੱਚ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ 2248 ਹੈ ਇਸ ਵਿੱਚ ਬੀਤੇ ਦਿਨ 92 ਕੇਸ ਸਾਹਮਣੇ ਆਏ ਅਤੇ 113 ਮਰੀਜ਼ ਠੀਕ ਵੀ ਹੋਏ ਹਨ। ਹਾਲੇ ਤੱਕ ਦਿੱਲੀ ਵਿੱਚ ਕਰੋਨਾ ਨਾਲ 724 ਲੋਕ ਠੀਕ ਵੀ ਹੋ ਚੁੱਕੇ ਹਨ ਜੋ ਕਿ 32 ਫ਼ੀ ਸਦੀ ਬਣਦਾ ਹੈ। 2248 ਵਿੱਚੋਂ 48 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ 24 ਲੋਕ ਆਈਸੀਯੂ ਵਿੱਚ ਅਤੇ 6 ਲੋਕ ਵੈਂਟੀਲੇਟਰ ‘ਤੇ ਹਨ।

ਬਿਹਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਥੇ ਦੇ ਪ੍ਰਧਾਨ ਸਿਹਤ ਸਕੱਤਰ ਸੰਜੇ ਕੁਮਾਰ ਨੇ ਦਸਿਆ ਕਿ ਮੁੰਗੇਰ ਵਿੱਚ 4 ਨਵੇਂ ਮਾਮਲੇ ਪਾਜ਼ੀਟਿਵ ਹਨ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਲੱਭਿਆ ਜਾ ਰਿਹਾ ਹੈ। ਰਾਜ ਵਿੱਚ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ ਹੁਣ ਤਕ 147 ਹੈ।

Leave a Reply

Your email address will not be published. Required fields are marked *