ਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ 443 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਸੁੰਨਸਾਨ

ਅੱਜ ਵਿਸਾਖੀ ਦਾ ਦਿਹਾੜਾ ਸਮੁੱਚੇ ਵਿਸ਼ਵ ਦੇ ਪੰਜਾਬੀ ਮਨਾ ਰਹੇ ਹਨ ਪਰ ਅੱਜ ਸ਼ਾਇਦ ਪਹਿਲੀ ਵਾਰ ਇਸ ਤਿਉਹਾਰ ਦੇ ਰਵਾਇਤੀ ਜਸ਼ਨ ਵੇਖਣ ਨੂੰ ਨਹੀਂ ਮਿਲਣਗੇ। ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲਣ ਕਾਰਨ ਸਮੁੱਚੇ ਵਿਸ਼ਵ ਦੇ ਬਹੁਤੇ ਦੇਸ਼ਾਂ ’ਚ ਲੌਕਡਾਊਨ ਚੱਲ ਰਿਹਾ ਹੈ।

ਅੱਜ ਸਵੇਰੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ’ਚ ਹਰ ਪਾਸੇ ਸੁੰਨਸਾਨ ਪਿਆ ਸੀ; ਨਾਮਾਤਰ ਸ਼ਰਧਾਲੂ ਵਿਖਾਈ ਦੇ ਰਹੇ ਸਨ। ਜਦ ਕਿ ਆਮ ਦਿਨ ਤੇ ਤਿਉਹਾਰ ਮੌਕੇ ਇੱਥੇ ਤਿਲ ਧਰਨ ਨੂੰ ਵੀ ਥਾਂ ਨਹੀਂ ਬਚਦੀ। ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਅਜਿਹਾ ਵਾਪਰਿਆ ਹੈ। ਆਮ ਅੱਖਾਂ ਨਾਲ ਵਿਖਾਈ ਨਾ ਦੇਣ ਵਾਲੇ ਘਾਤਕ ਕੋਰੋਨਾ ਵਾਇਰਸ ਨੇ ਸਭ ਨੂੰ ਆਪੋ–ਆਪਣੇ ਘਰੀਂ ਡੱਕ ਦਿੱਤਾ ਹੈ।

ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਅਮਰਦਾਸ ਜੀ ਨੇ 1577 ਈ. ਵਿੱਚ ਮੁਕੰਮਲ ਕੀਤੀ ਸੀ। ਤਦ ਤੋਂ ਲੈ ਕੇ 443 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਿਸਾਖੀ ਮੌਕੇ ਇੰਝ ਸ਼ਰਧਾਲੂ ਵੱਡੀ ਗਿਣਤੀ ’ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਾ ਪੁੱਜ ਸਕੇ ਹੋਣ।

ਇੱਥੇ ਪੁੱਜਣ ਵਾਲੇ ਆਮ ਸ਼ਰਧਾਲੂਆਂ ਦੇ ਚੜ੍ਹਾਵੇ ਦੀ ਕੀਮਤ ਆਮ ਦਿਨਾਂ ’ਚ ਰੋਜ਼ਾਨਾ 25 ਲੱਖ ਤੱਕ ਤੇ ਕਦੇ–ਕਦੇ ਉਸ ਤੋਂ ਵੀ ਵੱਧ ਹੋ ਜਾਂਦੀ ਹੈ ਪਰ ਕੋਰੋਨਾ–ਲੌਕਡਾਊਨ ਕਾਰਨ ਇਹ ਰਕਮ 5 ਤੋਂ 15 ਹਜ਼ਾਰ ਦੇ ਵਿਚਕਾਰ ਰਹਿ ਰਹੀ ਹੈ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਮੂਹ ਨਾਗਰਿਕਾਂ ਨੂੰ ਆਪੋ–ਆਪਣੇ ਘਰੀਂ ਰਹਿਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਸਾਰੇ ਲੋਕਾਂ ਨੂੰ ਆਪਣੇ ਘਰਾਂ ’ਚ ਰਹਿ ਕੇ ਹੀ ਅਰਦਾਸ ਕਰਨ ਦੀ ਸਲਾਹ ਦਿੱਤੀ ਹੈ।

ਇੱਥੇ ਵਰਨਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਦਰ ਜਾਣ ਦੀ ਕਿਸੇ ਨੂੰ ਮਨਾਹੀ ਨਹੀਂ ਹੈ ਪਰ ਕੋਰੋਨਾ ਲੌਕਡਾਊਨ ਤੇ ਕਰਫ਼ਿਊ ਕਾਰਨ ਪੰਜਾਬ ਦੇ ਸਾਰੇ ਰਸਤੇ ਬੰਦ ਹਨ। ਜ਼ਿਆਦਾਤਰ ਪਿੰਡਾਂ ਨੇ ਆਪਣੇ ਨਾਕੇ ਲਾ ਛੱਡੇ ਹਨ ਕਿ ਤਾਂ ਜੋ ਕੋਈ ਬਾਹਰੋਂ ਉਨ੍ਹਾਂ ਦੇ ਪਿੰਡ ਦਾਖ਼ਲ ਨਾ ਹੋ ਸਕੇ।

ਸ਼ਰਧਾਲੂਆਂ ਲਈ ਸ੍ਰੀ ਹਰਿਮੰਦਰ ਸਾਹਿਬ ’ਚ ਮਾਸਕ ਤੇ ਸੈਨੀਟਾਈਜ਼ਰਾਂ ਦਾ ਪੂਰਾ ਇੰਤਜ਼ਾਮ ਰੱਖਿਆ ਗਿਆ ਹੈ। ਜਦੋਂ ਵੀ ਕਦੇ ਕੋਈ ਸ਼ਰਧਾਲੂ ਆਉਂਦਾ ਹੈ, ਤਾਂ ਉਸ ਨੂੰ ਸਭ ਤੋਂ ਪਹਿਲਾਂ ਇਹ ਦੋਵੇਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ, ਜੇ ਉਸ ਕੋਲ ਨਾ ਹੋਣ।

ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ‘ਚ ਅੱਜ ਦੇ ਹੀ ਦਿਨ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ।

Leave a Reply

Your email address will not be published. Required fields are marked *