ਪਟਿਆਲਾ ਜ਼ਿਲ੍ਹੇ ਦੇ ਸ਼ਹਿਰ ਨਾਭਾ ’ਚ ਆਮ ਲੋਕਾਂ ਨੇ ਉਸ ਵੇਲੇ ਇੱਕ ਮਿਸਾਲ ਕਾਇਮ ਕੀਤੀ, ਜਦੋਂ ਨਗਰ ਕੌਂਸਲ ਦੇ ਸਫ਼ਾਈ ਸੇਵਕ ਰੋਜ਼ ਵਾਂਗ ਹਰੇਕ ਘਰ ’ਚ਼ ਕੂੜਾ–ਕਰਕਟ ਚੁੱਕਣ ਲਈ ਆਏ, ਤਾਂ ਸਭ ਨੇ ਉਨ੍ਹਾਂ ’ਤੇ ਫੁੱਲ ਸੁੱਟ ਕੇ ਉਨ੍ਹਾਂ ਦਾ ਸੁਆਗਤ ਕੀਤਾ ਤੇ ਕੁਝ ਨੇ ਤਾਂ ਉਨ੍ਹਾਂ ਦੇ ਗਲ਼ਾਂ ’ਚ ਫੁੱਲਾਂ ਅਤੇ ਨੋਟਾਂ ਦੇ ਹਾਰ ਵੀ ਪਾਏ।
ਇਸ ਸਦਭਾਵਨਾ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਨੋਟਿਸ ਲੈਂਦਿਆਂ ਸ਼ਲਾਘਾ ਕੀਤੀ ਹੈ।
ਇਸ ਵੇਲੇ ਜਦੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੀ ਦੁਨੀਆ ’ਚ ਫੈਲੀ ਹੋਈ ਹੈ; ਅਜਿਹੇ ਵੇਲੇ ਸਿਰਫ਼ ਸਥਾਨਕ ਸਰਕਾਰਾਂ ਵਿਭਾਗ ਦੇ ਸਿਹਤ ਤੇ ਸਫ਼ਾਈ ਕਰਮਚਾਰੀਆਂ ਦੇ ਨਾਲ–ਨਾਲ ਪੰਜਾਬ ਪੁਲਿਸ ਦੇ ਜਵਾਨ ਹੀ ਸੜਕਾਂ ਉੱਤੇ ਆਮ ਜਨਤਾ ਦੀ ਸੇਵਾ ਲਈ ਡਟੇ ਹੋਏ ਹਨ।
ਕੋਰੋਨਾ ਦਾ ਖ਼ਤਰਾ ਇਨ੍ਹਾਂ ਜਨ–ਸੇਵਕਾਂ ਨੂੰ ਵੀ ਹੈ ਪਰ ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਆਪੋ–ਆਪਣੀਆਂ ਡਿਊਟੀਆਂ ’ਤੇ ਡਟੇ ਹੋਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਉਹ ਨਾਭਾ ਵਾਸੀਆਂ ਵੱਲੋਂ ਸਫ਼ਾਈ ਸੇਵਕਾਂ ਲਈ ਵਿਖਾਏ ਇਸ ਪਿਆਰ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਹੈ। ਉਨ੍ਹਾਂ ਇਨ੍ਹਾਂ ਸੇਵਕਾਂ ਲਈ ਸ਼ਬਦ ‘ਮੋਹਰੀ ਜੋਧੇ’ ਵਰਤਿਆ।
ਸੱਚਮੁਚ ਪੁਲਿਸ ਦੇ ਜਵਾਨ, ਡਾਕਟਰ ਤੇ ਇਹ ਸਫ਼ਾਈ ਸੇਵਕ ਇੱਕ ਤਰ੍ਹਾਂ ਕੋਰੋਨਾ ਵਾਇਰਸ ਨਾਲ ਜੰਗ ਦੇ ਮੋਹਰੀ ਜੋਧੇ ਹੀ ਹਨ। ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਵੀ ਇਨ੍ਹਾਂ ਮੋਹਰੀ–ਜੋਧਿਆਂ ਨੂੰ ਸਲਾਮ ਕਰਦਾ ਹੈ।
ਕੋਰੋਨਾ ਨੂੰ ਅਸੀਂ ਹਰ ਹਾਲਤ ’ਚ ਹਰਾਉਣਾ ਹੈ। ਇਸ ਲਈ ਆਪੋ–ਆਪਣੇ ਘਰਾਂ ’ਚ ਰਹਿ ਕੇ ਇਸ ਵਾਇਰਸ ਨੂੰ ਛੇਤੀ ਤੋਂ ਛੇਤੀ ਭਜਾਓ।