ਜਲੰਧਰ— ਸਰਕਾਰੀ ਸਕੂਲਾਂ ‘ਚ 11ਵੀਂ ਅਤੇ 12ਵੀਂ ਜਮਾਤ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭਾਈ ਭਾਗੋ ਸਕੀਮ ਦੇ ਤਹਿਤ ਬਾਦਲ ਸਰਕਾਰ ਵੱਲੋਂ ਜੋ ਸਾਈਕਲ ਵੰਡੇ ਜਾਂਦੇ ਸਨ ਇਸ ਸਕੀਮ ਨੂੰ ਕੈਪਟਨ ਸਰਕਾਰ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਬਰੇਕ ਲਗਾਈ ਗਈ ਹੈ। ਜਦੋਂ ਤੋਂ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਇਕ ਵਾਰ ਵੀ ਵਿਦਿਆਰਥੀਆਂ ਨੂੰ ਭਾਈ ਭਾਗੋ ਸਕੀਮ ਦੇ ਤਹਿਤ ਦਿੱਤੇ ਜਾਣ ਵਾਲੇ ਸਾਈਕਲ ਨਹੀਂ ਦਿੱਤੇ ਗਏ ਅਤੇ ਪੰਜਾਬ ਦੀ ਲੱਖਾਂ ਵਿਦਿਆਰਥਣਾਂ ਅੱਜ ਵੀ ਸਰਕਾਰੀ ਸਾਈਕਲਾਂ ਦਾ ਇੰਤਜ਼ਾਰ ਕਰ ਰਹੀਆਂ ਹਨ।
ਜੇਕਰ ਬਾਦਲ ਸਰਕਾਰ ਦੀ ਗੱਲ ਕਰੀਏ ਤਾਂ ਭਾਈ ਭਾਗੋ ਸਕੀਮ ਨੂੰ ਸ਼ੁਰੂ ਕਰਨ ਦੇ ਪਿੱਛੇ ਸਰਕਾਰ ਦਾ ਉਦੇਸ਼ ਸੀ ਕਿ ਜੋ ਲੜਕੀਆਂ ਦੂਜੇ ਪਿੰਡਾਂ ‘ਚੋਂ ਜਾਂ ਘਰ ਤੋਂ ਦੂਰ ਪੜ੍ਹਾਈ ਕਰਨ ਲਈ ਜਾਂਦੀਆਂ ਹਨ ਉਨ੍ਹਾਂ ਨੂੰ ਸਾਈਕਲ ‘ਤੇ ਆਉਣ ਜਾਣ ‘ਚ ਆਸਾਨੀ ਰਹੇ ਅਤੇ ਦੂਰ ਜਾਣ ਦੇ ਚੱਕਰ ‘ਚ ਲੜਕੀਆਂ ਪੜ੍ਹਾਈ ਨਾ ਛੱਡ ਸਕਣ। ਸਰਕਾਰ ਦਾ ਇਹ ਉਦੇਸ਼ ਕਿਸੇ ਹੱਦ ਤੱਕ ਕਾਮਯਾਬ ਹੁੰਦਾ ਵੀ ਦਿਸ ਰਿਹਾ ਸੀ ਅਤੇ ਵਿਦਿਆਰਥੀ ਸਕੂਲ ਜਾਣ ਲਈ ਇਨ੍ਹਾਂ ਸਾਈਕਲਾਂ ਦਾ ਇਸਤੇਮਾਲ ਵੀ ਕਰਦੇ ਸਨ।ਹੁਣ ਕਾਂਗਰਸ ਸਰਕਾਰ ਆਉਣ ਤੋਂ ਬਾਅਦ 11ਵੀਂ ਜਮਾਤ ‘ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਸਾਈਕਲਾਂ ਦਾ ਇੰਤਜ਼ਾਰ ਸੀ ਪਰ ਸਰਕਾਰ ਵੱਲੋਂ ਸਾਈਕਲਾਂ ਦਿੱਤੇ ਜਾਣ ਦਾ ਕੋਈ ਪ੍ਰੋਸੈੱਸ ਸ਼ੁਰੂ ਹੀ ਨਹੀਂ ਕੀਤਾ ਗਿਆ। ਉਥੇ ਅਧਿਕਾਰਿਕ ਸੂਤਰਾਂ ਦਾ ਕਹਿਣਾ ਹੈ ਕਿ ਇਹ ਸਕੀਮ ਪੰਜਾਬ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਹੈ ਤਾਂ ਇਸ ਦੇ ਬਦਲੇ ਕੋਈ ਹੋਰ ਸਕੀਮ ਸਰਕਾਰ ਵੱਲੋਂ ਸ਼ੁਰੂ ਨਹੀਂ ਕੀਤੀ ਗਈ, ਜਿਸ ਕਾਰਨ ਲੜਕੀਆਂ ਨੂੰ ਅਜੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।