ਚੇਨਈ— ਤਾਮਿਲਨਾਡੂ ਪੁਲਸ ਨੇ 3 ਕੰਪਨੀਆਂ ਦੀ ਡਾਇਰੈਕਟਰ ਇਕ ਔਰਤ ਨੂੰ ਬਿਨਾਂ ਕਿਸੇ ਅਸਲ ਟਰਾਂਜੈਕਸ਼ਨ ਦੇ 43 ਕਰੋੜ ਰੁਪਏ ਦੇ ਫਰਜ਼ੀ ਜੀ. ਐੱਸ. ਟੀ. ਬਿੱਲ ਜਾਰੀ ਕਰਨ ਅਤੇ ਟੈਕਸ ਦਾ ਲਾਭ ਲੈਣ ਲਈ ਗ੍ਰਿਫਤਾਰ ਕੀਤਾ ਹੈ। ਸੀਨੀਅਰ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਪ੍ਰਾਪਤ ਸੂਚਨਾ ਦੇ ਆਧਾਰ ‘ਤੇ ਤਲਾਸ਼ੀ ਮੁਹਿੰਮ ਚਲਾ ਕੇ ਇਨ੍ਹਾਂ ਕੰਪਨੀਆਂ ਦੇ ਕੰਪਲੈਕਸ ਤੋਂ ਫਰਜ਼ੀ ਬਿੱਲ ਬਰਾਮਦ ਕੀਤੇ ਗਏ।
ਔਰਤ ਨੇ ਸਵੀਕਾਰ ਕੀਤਾ ਹੈ ਕਿ ਉਸ ਦੀਆਂ ਕੰਪਨੀਆਂ ਤੋਂ ਬਿਨਾਂ ਸਾਮਾਨ ਦੀ ਸਪਲਾਈ ਦੇ ਫਰਜ਼ੀ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਬਿੱਲ ਬਣਾ ਕੇ 42.93 ਕਰੋੜ ਰੁਪਏ ਦੀ ਆਮਦਨ ਟੈਕਸ ਛੋਟ ਪ੍ਰਾਪਤ ਕੀਤੀ ਗਈ ਅਤੇ ਬਿੱਲਾਂ ‘ਤੇ ਕਮੀਸ਼ਨ ਵੀ ਲਈ ਗਈ। ਓਧਰ ਜੀ. ਐੱਸ. ਟੀ. ਦੇ ਪ੍ਰਧਾਨ ਕਮਿਸ਼ਨਰ ਐੱਮ. ਸ਼੍ਰੀਧਰ ਰੈੱਡੀ ਨੇ ਦੱਸਿਆ ਕਿ ਮਹਿਲਾ ਨੂੰ ਸੀ. ਜੀ. ਐੱਸ. ਟੀ. ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਉਹ ਨਿਆਇਕ ਹਿਰਾਸਤ ‘ਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।