ਪਟਿਆਲਾ : ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਹੈ ਕਿ ਅੱਜ ਪਟਿਆਲਾ ਤੋਂ 14ਵੀਂ ਵਿਸ਼ੇਸ਼ ਰੇਲ ਗੱਡੀ ਯੂ.ਪੀ. ਦੇ ਪ੍ਰਤਾਪਗੜ੍ਹ ਜ਼ਿਲ੍ਹੇ ਨੂੰ ਭੇਜੀ ਗਈ ਹੈ ਅਤੇ ਇਸ ‘ਚ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਮਜ਼ਦੂਰਾਂ ਅਤੇ ਹੋਰਨਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜ ਭੇਜਿਆ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸੇ ਤਹਿਤ ਅੱਜ 7 ਬੱਸਾਂ ਵੀ ਪੱਛਮੀ ਉਤਰ ਪ੍ਰਦੇਸ਼ ਨੂੰ ਰਵਾਨਾ ਕੀਤੀਆਂ ਗਈਆਂ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਦੇਸ਼ ਵਿਆਪੀ ਤਾਲਾ ਬੰਦੀ ਕਰਕੇ ਆਪਣੇ ਘਰ ਵਾਪਸ ਜਾਣ ਦੇ ਇਛੁਕ ਮਜ਼ਦੂਰਾਂ ਅਤੇ ਹੋਰ ਨਾਗਰਿਕਾਂ ਲਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਸ ਨਿਵੇਕਲੀ ਸਹੂਲਤ ਤਹਿਤ 19 ਮਈ ਨੂੰ ਸਵੇਰੇ ਇੱਕ ਟ੍ਰੇਨ ਬਿਹਾਰ ਦੇ ਜ਼ਿਲ੍ਹਾ ਬੇਗੂਸਰਾਏ ਨੂੰ ਜਾਵੇਗੀ ਅਤੇ ਦੂਜੀ ਟ੍ਰੇਨ ਸ਼ਾਮ ਸਮੇਂ ਯੂ.ਪੀ. ਦੇ ਅਮੇਠੀ ਜ਼ਿਲ੍ਹੇ ਨੂੰ ਜਾਵੇਗੀ।
ਬੀਤੇ ਦਿਨਾਂ ‘ਚ ਰਵਾਨਾ ਹੋਈਆਂ ਗੱਡੀਆਂ ਦੇ ਸਵਾਰਾਂ ਦੀ ਤਰ੍ਹਾਂ ਅੱਜ ਵੀ ਪ੍ਰਤਾਪਗੜ੍ਹ ਜਾਣ ਵਾਲੇ ਯਾਤਰੀਆਂ, ਜਿਨ੍ਹਾਂ ‘ਚ ਅਸ਼ੋਕ ਕੁਮਾਰ, ਲੱਛੂ ਰਾਮ, ਰਾਜ ਕੁਮਾਰ ਅਤੇ ਰਮੇਸ਼ ਕੁਮਾਰ ਆਦਿ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਨ੍ਹਾਂ ਰੇਲ ਗੱਡੀਆਂ ਨੂੰ ਰਵਾਨਾਂ ਕਰਨ ਤੋਂ ਪਹਿਲਾਂ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਡਿਸਇਨਫੈਕਟ ਵੀ ਕੀਤਾ ਜਾਂਦਾ ਹੈ ਅਤੇ ਯਾਤਰੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਮੈਡੀਕਲ ਸਕਰੀਨਿੰਗ ਸਮੇਤ ਮੁਫ਼ਤ ਖਾਣਾ, ਪਾਣੀ ਅਤੇ ਟਿਕਟਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।