ਨਵੀਂ ਦਿੱਲੀ— ਅਮਰੀਕਾ ਲਈ ਵੀਜ਼ਾ ਅਪਲਾਈ ਕਰਨ ਵਾਲੇ ਲੋਕਾਂ ਨੂੰ ਹੁਣ ਫੇਸਬੁੱਕ ਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਣਕਾਰੀ ਵੀ ਭਰਨੀ ਪਵੇਗੀ। ਵੀਜ਼ਾ ਫਾਰਮਾਂ ‘ਚ ਲੋਕਾਂ ਨੂੰ ਫੇਸਬੁੱਕ, ਟਵਿੱਟਰ ‘ਤੇ ਰੱਖੇ ਨਾਮ ਅਤੇ ਪਿਛਲੀ ਈ-ਮੇਲ ਆਈ. ਡੀ. ਦੇ ਨਾਲ ਮੋਬਾਇਲ ਨੰਬਰ ਵੀ ਦੱਸਣਾ ਹੋਵੇਗਾ। ਨਿਯਮਾਂ ‘ਚ ਇਨ੍ਹਾਂ ਬਦਲਾਵ ਨਾਲ ਤਕਰੀਬਨ 1.5 ਕਰੋੜ ਲੋਕ ਹਰ ਸਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਸਿਰਫ ਡਿਪਲੋਮੈਟਿਕ ਤੇ ਸਰਕਾਰੀ ਵੀਜ਼ਾ ‘ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਨਿਯਮਾਂ ‘ਚ ਛੋਟ ਮਿਲੇਗੀ, ਜਦੋਂ ਕਿ ਕੰਮ ਤੇ ਪੜ੍ਹਾਈ ਲਈ ਅਮਰੀਕਾ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਦੇਣੀ ਪਵੇਗੀ।
ਟਰੰਪ ਪ੍ਰਸ਼ਾਸਨ ਅਮਰੀਕੀ ਨਾਗਰਿਕਾਂ ਦੀ ਸਕਿਓਰਿਟੀ ਨੂੰ ਸਭ ਹਿੱਤਾਂ ਤੋਂ ਉਪਰ ਰੱਖ ਕੇ ਇਨ੍ਹਾਂ ਨਿਯਮਾਂ ਨੂੰ ਲਾਗੂ ਕਰ ਰਿਹਾ ਹੈ, ਤਾਂ ਕਿ ਕਿਸੇ ਬਾਹਰੀ ਕਾਰਨ ਉੱਥੇ ਕੋਈ ਘਟਨਾ ਨਾ ਵਾਪਰ ਸਕੇ। ਇਸ ਤੋਂ ਪਹਿਲਾਂ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਟਵਿੱਟਰ, ਫੇਸਬੁੱਕ ਵਰਗੀ ਜਾਣਕਾਰੀ ਨੂੰ ਜਮ੍ਹਾ ਕਰਵਾਉਣਾ ਪੈਂਦਾ ਸੀ, ਜਿਨ੍ਹਾਂ ਨੇ ਦੁਨਿਆ ਦੇ ਅਜਿਹੇ ਹਿੱਸੇ ਦੀ ਯਾਤਰਾ ਕੀਤੀ ਹੋਵੇ ਜੋ ਅੱਤਵਾਦੀ ਸਮੂਹਾਂ ਦੇ ਕੰਟਰੋਲ ‘ਚ ਹੈ ਪਰ ਹੁਣ ਲਗਭਗ ਸਭ ਲੋਕਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਮੌਜੂਦ ਆਪਣੇ ਅਕਾਊਂਟ ਨਾਮ ਤੇ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਜੇਕਰ ਕੋਈ ਵੀ ਸੋਸ਼ਲ ਮੀਡੀਆ ਦੇ ਇਸਤੇਮਾਲ ਨੂੰ ਲੈ ਕੇ ਝੂਠ ਬੋਲਦਾ ਹੈ ਤਾਂ ਉਸ ਨੂੰ ਨਿਯਮਾਂ ਦੀ ਉਲੰਘਣਾ ‘ਚ ਗੰਭੀਰ ਨਤੀਜਾ ਭੁਗਤਣਾ ਪਵੇਗਾ।