ਨਵੀਂ ਦਿੱਲੀ : ਨੋਇਡਾ ‘ਚ ਪਾਰਕ ਆਦਿ ਖੁੱਲ੍ਹੀਆਂ ਥਾਵਾਂ ‘ਚ ਨਮਾਜ਼ ਪੜ੍ਹਨ ‘ਤੇ ਲਾਈ ਪਾਬੰਦੀ ਦੇ ਹੁਕਮਾਂ ਤੋਂ ਬਾਅਦ ਉੱਤਰ ਪ੍ਰਦੇਸ਼ ‘ਚ ਸਿਆਸੀ ਤੂਫ਼ਾਨ ਆ ਗਿਆ ਹੈ। ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਾਦੂਦੀਨ ਓਵੈਸੀ ਨੇ ਨੋਇਡਾ ਪੁਲਿਸ ਦੇ ਮੰਗਲਵਾਰ ਵਾਲੇ ਹੁਕਮ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਕਾਂਵੜੀਆਂ ‘ਤੇ ਤਾਂ ਗੁਲਾਬ ਦੀਆਂ ਪੱਤੀਆਂ ਵਰਸਾ ਰਹੀ ਸੀ ਪਰ ਜਨਤਕ ਥਾਵਾਂ ‘ਤੇ ਪ੍ਰਾਰਥਨਾ ਕਰਨ ਵਾਲੇ ਮੁਸਲਮਾਨ ਆਸਤਿਕਾਂ ਨੂੰ ਨੋਟਿਸ ਜਾਰੀ ਕਰ ਰਹੀ ਹੈ। ਉਧਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਓਵੈਸੀ ਦੀ ਟਿਪਣੀ ‘ਤੇ ਕਿਹਾ ਕਿ ਉਹ ਮਾਨਸਿਕ ਦਿਵਾਲੀਏਪਨ ਦੇ ਸ਼ਿਕਾਰ ਹੋ ਗਏ ਹਨ।
ਭਾਜਪਾ ਬੁਲਾਰੇ ਚੰਦਰਮੋਹਨ ਨੇ ਕਿਹਾ, ”ਓਵੈਸੀ ਨੂੰ ਤੱਥਾਂ ਦੀ ਜਾਣਕਾਰੀ ਨਹੀਂ ਹੈ। ਸੂਬੇ ਦੀ ਯੋਗੀ ਆਦਿਤਿਆਨਾਥ ਸਰਕਾਰ ਕਾਨੂੰਨ ਵਿਵਸਥਾ ਨੂੰ ਸੱਭ ਤੋਂ ਉੱਪਰ ਮੰਨਦੀ ਹੈ ਅਤੇ ਨੋਇਡਾ ਪੁਲਿਸ ਨੇ ਜੋ ਕੁੱਝ ਵੀ ਕੀਤਾ ਠੀਕ ਕੀਤਾ।” ਨੋਇਡਾ ‘ਚ ਪੁਲਿਸ ਨੇ ਅਪਣੇ ਕਾਰਜ ਖੇਤਰ ‘ਚ ਆਉਣ ਵਾਲੀਆਂ 23 ਨਿਜੀ ਫ਼ਰਮਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਇਕ ਸਥਾਨਕ ਪਾਰਕ ‘ਚ ਜੁਮੇ ਦੀ ਨਮਾਜ਼ ਪੜ੍ਹਨ ਤੋਂ ਅਪਣੇ ਮੁਸਲਮਾਨ ਮੁਲਾਜ਼ਮਾਂ ਨੂੰ ਰੋਕਣ। ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜਨਤਕ ਥਾਵਾਂ ‘ਤੇ ‘ਨਾਜਾਇਜ਼’ ਧਾਰਮਕ ਜਮਾਵੜੇ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਸਰਕਾਰੀ ਫ਼ੁਰਮਾਨ ਨੂੰ ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਵੀ ਗ਼ੈਰਕਾਨੂੰਨੀ ਅਤੇ ਇਕਪਾਸੜ ਕਾਰਵਾਈ ਦਸਿਆ। ਉਨ੍ਹਾਂ ਕਿਹਾ, ”ਜੇ ਯੂ.ਪੀ. ‘ਚ ਯੋਗੀ ਸਰਕਾਰ ਦੀ ਜਨਤਕ ਥਾਵਾਂ ‘ਤੇ ਧਾਰਮਕ ਗਤੀਵਿਧੀਆਂ ‘ਤੇ ਪਾਬੰਦੀ ਦੀ ਕੋਈ ਨੀਤੀ ਹੈ ਤਾਂ ਉਹ ਸਾਰੇ ਧਰਮਾਂ ਦੇ ਲੋਕਾਂ ‘ਤੇ ਇਕਸਮਾਨ ਅਤੇ ਪੂਰੇ ਸੂਬੇ ਦੇ ਹਰ ਜ਼ਿਲ੍ਹੇ ਅਤੇ ਹਰ ਥਾਂ ਸਖ਼ਤੀ ਤੋਂ ਬਗ਼ੈਰ ਕਿਸੇ ਵਿਤਕਰੇ ਤੋਂ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ?”
ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੁਰਿੰਦਰ ਸਿੰਘ ਨਾਗਰ ਨੇ ਵੀ ਪਾਬੰਦੀ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਅਪਣੀ ਨਾਕਾਮੀ ਲੁਕਾਉਣ ਲਈ ਅਜਿਹੇ ਧਾਰਮਕ ਮੁੱਦੇ ਚੁੱਕ ਰਹੀ ਹੈ ਜਿਸ ਨਾਲ ਲੋਕਾਂ ਦਾ ਧਿਆਨ ਵਿਕਾਸ ਕਾਰਜਾਂ ਤੋਂ ਭਟਕਾਇਆ ਜਾ ਸਕੇ।
ਉਧਰ ਇਸ ਰੋਕ ਬਾਬਤ ਦੇਵਬੰਧ ਦੇ ਮੁਫ਼ਤੀ ਨੇ ਕਿਹਾ ਹੈ ਕਿ ਸਰਕਾਰੀ ਜ਼ਮੀਨ ‘ਤੇ ਨਮਾਜ਼ ਪੜ੍ਹਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਨਮਾਜ਼ੀਆਂ ਨੂੰ ਉਥੋਂ ਦੇ ਸਰਕਾਰੀ ਅਮਲੇ ਜਾਂ ਜ਼ਮੀਨ ਦੇ ਮਾਲਕ ਤੋਂ ਇਜਾਜ਼ਤ ਲੈ ਕੇ ਹੀ ਨਮਾਜ਼ ਅਦਾ ਕਰਨੀ ਚਾਹੀਦੀ ਹੈ।