ਨੂਰਪੁਰਬੇਦੀ— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ‘ਚ ਵੀਰਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਕਾਫਿਲੇ ‘ਤੇ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ‘ਚ ਇਕ ਸੈਨਿਕ ਤਹਿਸੀਲ ਆਨੰਦਪੁਰ ਸਾਹਿਬ ਦੇ ਅਧੀਨ ਬਲਾਕ ਨੂਰਪੁਰਬੇਦੀ ਦੇ ਪਿੰਡ ਰੌਲੀ ਦਾ ਕੁਲਵਿੰਦਰ ਸਿੰਘ ਵੀ ਸ਼ਾਮਲ ਹੈ।ਡ ਦੇ ਮੌਜੂਦਾ ਗੁਰਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਰੌਲੀ ਨੇ ਕਿਹਾ ਕਿ ਸ਼ਹੀਦ ਦੀ ਮੌਤ ਨਾਲ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ‘ਚ ਕਿਸੇ ਵੀ ਘਰ ‘ਚ ਚੁੱਲ੍ਹਾ ਨਹੀਂ ਬਾਲਿਆ ਗਿਆ। ਪਿੰਡ ਵਾਸੀਆਂ ਨੂੰ ਸੈਨਿਕ ਦੇ ਸ਼ਹੀਦ ਹੋਣ ਦਾ ਡੂੰਘਾ ਸਦਮਾ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦਾ ਹਰ ਇਕ ਵਿਅਕਤੀ ਇਸ ਦੁੱਖ ਦੀ ਘੜੀ ‘ਚ ਸ਼ਹੀਦ ਦੇ ਪਰਿਵਾਰ ਨਾਲ ਹੈ।
ਬੀਤੇ ਦਿਨ ਨੂਰਪੁਰਬੇਦੀ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸ਼ਹੀਦ ਦੇ ਘਰ ਦਾ ਬੀਤੇ ਦਿਨ ਜਦੋਂ ਦੌਰਾ ਕੀਤਾ ਤਾਂ ਦੇਖਿਆ ਕਿ ਸਮੁੱਚੇ ਪਿੰਡ ‘ਚ ਮਾਹੌਲ ਗਮਗੀਨ ਸੀ ਅਤੇ ਕੀ ਬੁੱਢਾ ਅਤੇ ਕੀ ਜਵਾਨ ਹਰ ਇਕ ਦੀ ਅੱਖ ‘ਚੋਂ ਹੰਝੂ ਡਿੱਗ ਰਹੇ ਸਨ। ਹਰ ਸ਼ਖਸ ਕੁਲਵਿੰਦਰ ਸਿੰਘ ਦੇ ਘਰ ‘ਚ ਸ਼ਹੀਦ ਦੀ ਮਾਂ ਅਮਰਜੀਤ ਕੌਰ ਅਤੇ ਪਿਤਾ ਦਰਸ਼ਨ ਸਿੰਘ ਨੂੰ ਹਮਦਰਦੀ ਦੇਣ ‘ਚ ਲੱਗਾ ਸੀ।
5 ਸਾਲ ਪਹਿਲਾਂ ਹੋਇਆ ਸੀ ਫੌਜ ‘ਚ ਭਰਤੀ
ਸ਼ਹੀਦ ਸੈਨਿਕ ਕੁਲਵਿੰਦਰ ਸਿੰਘ 5 ਸਾਲ ਪਹਿਲਾਂ ਸਾਲ 2014 ‘ਚ ਭਰਤੀ ਹੋਇਆ ਸੀ। ਕਰੀਬ 6 ਫੁੱਟ ਉੱਚਾ ਜਵਾਨ ਕੁਲਵਿੰਦਰ ਸਿੰਘ ਕ੍ਰਿਕਟ ਦਾ ਵਧੀਆ ਖਿਡਾਰੀ ਸੀ ਅਤੇ ਨੂਰਪੁਰਬੇਦੀ ਦੇ ਸੀਨੀਅਰ ਸੈਕੰਡਰੀ ਸਕੂਲ ‘ਚੋਂ 12ਵੀਂ ਤੇ ਫਿਰ ਨੰਗਲ ਤੋਂ ਏ. ਸੀ. ਦੀ ਆਈ. ਟੀ. ਆਈ. ਕਰਨ ਉਪਰੰਤ ਸੀ. ਆਰ. ਪੀ. ਐੱਫ. ਦੀ 92ਵੀਂ ਬਟਾਲੀਅਨ ‘ਚ ਸਿਪਾਹੀ ਵਜੋਂ 21 ਸਾਲ ਦੀ ਉਮਰ ‘ਚ ਹੀ ਭਰਤੀ ਹੋ ਗਿਆ ਸੀ। ਸ਼ਹੀਦ ਫੌਜੀ ਦੇ ਫੁੱਫੜ ਸ਼ਿੰਗਾਰਾ ਸਿੰਘ ਨਿਵਾਸੀ ਚੈਹਿੜਮਜਾਰਾ ਨੇ ਦੱਸਿਆ ਕਿ ਸ਼ਹੀਦ ਕੁਲਵਿੰਦਰ ਸਿੰਘ ਉਸ ਦੇ ਲੜਕੇ ਦੇ ਵਿਆਹ ਲਈ ਹੀ ਕੁਝ ਦਿਨ ਦੀ ਛੁੱਟੀ ਲੈ ਕੇ ਆਇਆ ਸੀ।
ਜਿਸ ਦਿਨ ਰਾਜ਼ੀ-ਖੁਸ਼ੀ ਦਾ ਫੋਨ ਆਇਆ, ਉਸੇ ਰਾਤ ਸ਼ਹੀਦ ਹੋਣ ਦੀ ਮਿਲੀ ਸੂਚਨਾ
ਮਾਪਿਆਂ ਨੂੰ ਕੀ ਪਤਾ ਸੀ ਕਿ ਜਿਸ ਲੜਕੇ ਦੀ ਰਾਜ਼ੀ-ਖੁਸ਼ੀ ਦਾ ਹਮਲੇ ਵਾਲੇ ਦਿਨ 14 ਫਰਵਰੀ ਦੀ ਸਵੇਰ ਨੂੰ ਫੋਨ ਆਇਆ ਸੀ ਦਾ ਉਸੇ ਰਾਤ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਵੇਗਾ। ਸ਼ਹੀਦ ਦੇ ਚਾਚਾ ਅਵਤਾਰ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਰਾਤ ਕਰੀਬ 11 ਵਜੇ ਆਇਆ ਉਕਤ ਦੁੱਖਦਾਈ ਸਮਾਚਾਰ ਸਬੰਧੀ ਫੋਨ ਉਸੇ ਨੇ ਸੁਣਿਆ ਸੀ। ਕੁਝ ਚਿਰ ਲਈ ਤਾਂ ਉਹ ਗੁੰਮ-ਸੁੰਮ ਹੋ ਗਿਆ ਅਤੇ ਸਮਝ ਨਹੀਂ ਪਾਇਆ ਕਿ ਇਹ ਕੀ ਭਾਣਾ ਵਰਤਿਆ। ਘਰ ‘ਚ ਇਕੱਲੇ ਮਾਤਾ-ਪਿਤਾ ਨੂੰ ਇਹ ਦੱਸਣ ਦੀ ਉਸ ਦੀ ਹਿੰਮਤ ਨਹੀਂ ਸੀ ਪੈ ਰਹੀ। ਉਸ ਨੇ ਦੱਸਿਆ ਕਿ ਆਪਣੇ-ਆਪ ਨੂੰ ਸੰਭਾਲਣ ਤੋਂ ਕੁਝ ਦੇਰ ਬਾਅਦ ਉਹ ਇਸ ਹਾਦਸੇ ਸਬੰਧੀ ਉਨ੍ਹਾਂ ਨੂੰ ਦੱਸਣ ਦੇ ਯੋਗ ਹੋ ਸਕਿਆ। ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ ਸਮੁੱਚੇ ਪਿੰਡ ਦੇ ਲੋਕ ਸ਼ਹੀਦ ਦੇ ਮਾਤਾ-ਪਿਤਾ ਨੂੰ ਸੰਭਾਲਣ ਲੱਗੇ ਹੋਏ ਸਨ। ਸ਼ਹੀਦ ਦੀ ਮਾਤਾ ਦਾ ਤਾਂ ਇਸ ਤੋਂ ਵੀ ਬੁਰਾ ਹਾਲ ਸੀ।
ਨਵੰਬਰ ‘ਚ ਹੋਣਾ ਸੀ ਸ਼ਹੀਦ ਦਾ ਵਿਆਹ
ਇਕਲੌਤਾ ਪੁੱਤਰ ਹੋਣ ਕਰਕੇ ਮਾਪਿਆਂ ਨੂੰ ਆਪਣੇ ਲੜਕੇ ਦੇ ਵਿਆਹ ਦਾ ਕਾਫੀ ਚਾਅ ਸੀ। ਵਿਆਹ ਦੀ 8-9 ਨਵੰਬਰ ਦੀ ਤਾਰੀਖ ਨਿਸ਼ਚਿਤ ਹੋਣ ਕਾਰਨ ਸਮੁੱਚੀਆਂ ਤਿਆਰੀਆਂ ਵਿੱਢੀਆਂ ਹੋਈਆਂ ਸਨ। ਇਸ ਦੌਰਾਨ ਨਾਲ-ਨਾਲ ਘਰ ਦਾ ਨਿਰਮਾਣ ਕਾਰਜ ਵੀ ਚੱਲ ਰਿਹਾ ਸੀ। ਪਰ ਸੈਨਿਕ ਦੇ ਸ਼ਹੀਦ ਹੋ ਜਾਣ ਦੀ ਘਟਨਾ ਨੇ ਮਾਪਿਆਂ ਦੇ ਸਮੁੱਚੇ ਅਰਮਾਨਾਂ ਨੂੰ ਪਲਾਂ ‘ਚ ਹੀ ਰੋਲ ਕੇ ਰੱਖ ਦਿੱਤਾ।