ਮੋਹਾਲੀ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਹੱਦ ਕੋਲ ਵਸੇ ਹੋਏ ਪੰਜਾਬ ਦੇ ਕਸਬਾਨੁਮਾ ਪਿੰਡ ਨਵਾਂਗਾਉਂ ਵਿਖੇ ਕੋਰੋਨਾ ਪਾਜੀਟਿਵ ਮਰੀਜ਼ ਮਿਲਿਆ ਹੈ। 65 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜੀਟਿਵ ਆਈ ਹੈ। ਮੋਹਾਲੀ ਜ਼ਿਲ੍ਹੇ ‘ਚ ਹੁਣ ਕੋਰੋਨਾ ਦੇ ਕੁਲ 7 ਮਾਮਲੇ ਸਾਹਮਣੇ ਆ ਚੁੱਕੇ ਹਨ।
ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਨਵਾਂਗਾਉਂ ‘ਚ ਪੈਂਦੇ ਦਸ਼ਮੇਸ਼ ਨਗਰ ਵਾਸੀ ਪੀੜਤ ਬਜ਼ੁਰਗ ਨੂੰ ਪੀਜੀਆਈ ਚੰਡੀਗੜ੍ਹ ‘ਚ ਦਾਖਲ ਕਰਵਾਇਆ ਗਿਆ ਹੈ। ਪੂਰੇ ਦਸ਼ਮੇਸ਼ ਨਗਰ ਨੂੰ ਸੀਲ ਕਰ ਦਿੱਤਾ ਗਿਆ ਹੈ। ਬਜ਼ੁਰਗ ਦੇ ਸੰਪਰਕ ‘ਚ ਆਏ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਰੀਜ਼ ਵੱਲੋਂ ਕੋਈ ਵਿਦੇਸ਼ ਯਾਤਰਾ ਨਹੀਂ ਕੋਈ ਗਈ ਹੈ।
ਦੱਸ ਦੇਈਏ ਕਿ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ‘ਚ ਹੁਣ ਤਕ 19, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ‘ਚ 7, ਹੁਸ਼ਿਆਰਪੁਰ ‘ਚ 6, ਜਲੰਧਰ ‘ਚ 5, ਅੰਮ੍ਰਿਤਸਰ ਤੇ ਲੁਧਿਆਣਾ ‘ਚ 1-1 ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 2 ਮੌਤਾਂ ਹੋ ਚੁੱਕੀਆਂ ਹਨ।
ਨਵਾਂਸ਼ਹਿਰ ਦੇ ਬੰਗਾ ਨੇੜਲੇ ਪਠਲਾਵਾ ਪਿੰਡ ਦੇ ਜਿਸ ਵਿਅਕਤਾ ਦੀ ਕੋਰੋਨਾ ਕਾਰਨ ਮੌਤ ਹੋਈ ਹੈ, ਉਸ ਰਾਹੀਂ ਹੁਣ ਤੱਕ 23 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 14 ਜਣੇ ਉਸੇ ਦੇ ਆਪਣੇ ਪਰਿਵਾਰਕ ਮੈਂਬਰ ਹੀ ਹਨ। ਤਿੰਨ ਜਣੇ ਜਲੰਧਰ ਤੋਂ ਹਨ। ਦੋ ਵਿਅਕਤੀ ਜਰਮਨੀ ਤੋਂ ਬਰਾਸਤਾ ਇਟਲੀ ਪਰਤੇ ਸਨ ਅਤੇ ਉਸ ਨੂੰ ਮਿਲੇ ਸਨ। ਦੋ ਜਣੇ ਉਸ ਨੂੰ ਮੋਰਾਂਵਾਲੀ ਪਿੰਡ ਤੋਂ ਆ ਕੇ ਮਿਲੇ ਸਨ। ਪਿੰਡ ਪਠਲਾਵਾ ਦਾ ਸਰਪੰਚ ਵੀ ਇਸ ਵਾਇਰਸ ਦੀ ਲਪੇਟ ਵਿੱਚ ਉਸੇ ਕਾਰਨ ਆਇਆ ਹੈ।