ਚੰਡੀਗੜ• : ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਮੰਤਰੀਆਂ ਦਰਮਿਆਨ ਚਲਦੇ ਆ ਰਹੇ ਵਿਵਾਦ ਦੌਰਾਨ ਸਰਕਾਰ ਨੇ ਕਰਨ ਅਵਤਾਰ ਸਿੰਘ ਤੋਂ ਆਬਕਾਰੀ ਅਤੇ ਕਰ ਵਿਭਾਗ ਦਾ ਵਾਧੂ ਚਾਰਜ ਵਾਪਸ ਲੈ ਲਿਆ ਹੈ। ਹੁਕਮਾਂ ਵਿੱਚ ਆਖਿਆ ਗਿਆ ਹੈ ਕਿ ਸੀਨੀਅਰ ਆਈ.ਏ.ਐਸ. ਅਧਿਕਾਰੀ ਵੇਣੂੰ ਪ੍ਰਸਾਦ ਹੁਣ ਆਬਕਾਰੀ ਅਤੇ ਕਰ ਵਿਭਾਗ ਦਾ ਚਾਰਜ ਸੰਭਾਲਣਗੇ।
ਇਥੇ ਜ਼ਿਕਰਯੋਗ ਹੈ ਕਿ ਵੇਣੂੰ ਪ੍ਰਸਾਦ ਦੇ ਕੋਲ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸ ਤੋਂ ਇਲਾਵਾ ਪ੍ਰਿੰਸੀਪਲ ਸੈਕਟਰੀ ਮਾਈਨਜ਼ ਐਂਡ ਜਿਓਲਾਜੀ, ਪਾਵਰ ਦਾ ਵਾਧੂ ਚਾਰਜ ਵੀ ਹੈ। ਸ੍ਰੀ ਵੇਣੂੰ ਪ੍ਰਸਾਦ 20 ਮਈ ਤੱਕ ਛੁੱਟੀ ‘ਤੇ ਹੋਣ ਕਰ ਕੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੂੰ ਕਰ ਅਤੇ ਆਬਕਾਰੀ ਵਿਭਾਗ ਦਾ ਚਾਰਜ ਸੌਂਪਿਆ ਗਿਆ ਹੈ। ਆਬਕਾਰੀ ਅਤੇ ਕਰ ਵਿਭਾਗ ਦੇ ਵਾਧੂ ਚਾਰਜਾਂ ਦੀ ਤਬਦੀਲੀ ਸਬੰਧੀ ਹੁਕਮ ਖੁਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਜਾਰੀ ਕੀਤੇ ਹਨ। ਉਹ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਸਕੱਤਰ ਨੂੰ ਇਹ ਦੂਜਾ ਝਟਕਾ ਹੈ ਇਸ ਤੋਂ ਇਲਾਵਾ ਪਹਿਲਾਂ ਮੰਤਰੀਆਂ ਨੇ ਮੁੱਖ ਸਕੱਤਰ ਦੇ ਕੈਬਨਿਟ ਮੀਟਿੰਗ ਵਿਚ ਆਉਣ ‘ਤੇ ਵਿਵਾਦ ਖੜ•ਾ ਕਰ ਦਿੱਤਾ ਸੀ। ਹੁਣ ਮੁੱਖ ਸਕੱਤਰ ਤੋਂ ਚਾਰਜ ਵਾਪਸ ਲੈਣ ਨਾਲ ਵਜ਼ੀਰ ਸ਼ਾਂਤ ਹੋਣਗੇ ਜਾਂ ਨਹੀਂ ਇਹ ਅਗਲੀਆਂ ਕੈਬਨਿਟ ਮੀਟਿੰਗਾਂ ਤੋਂ ਪਤਾ ਲੱਗ ਸਕੇਗਾ।