ਮਸਕਟ: ਭਾਰਤ ਤੇ ਪਾਕਿਸਤਾਨ ਨੂੰ ਏਸ਼ਿਆਈ ਚੈਂਪੀਅਨਜ਼ ਟਰਾਫ਼ੀ 2018 ਦਾ ਸਾਂਝੇ ਤੌਰ ‘ਤੇ ਜੇਤੂ ਐਲਾਨ ਦਿੱਤਾ ਗਿਆ। ਫਾਈਨਲ ਮੁਕਾਬਲੇ ਤੋਂ ਕੁਝ ਹੀ ਮਿੰਟ ਪਹਿਲਾਂ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਮੈਚ ਨਹੀਂ ਹੋ ਸਕਿਆ। ਅਜਿਹੇ ਵਿੱਚ ਦੋਵਾਂ ਟੀਮਾਂ ਨੂੰ ਸਾਂਝੇ ਤੌਰ ‘ਤੇ ਜੇਤੂ ਐਲਾਨ ਦਿੱਤਾ। ਇਸ ਸਾਂਝੀ ਜਿੱਤ ਦੇ ਨਾਲ ਹੀ ਭਾਰਤੀ ਹਾਕੀ ਟੀਮ ਆਪਣਾ ਖ਼ਿਤਾਬ ਬਚਾਉਣ ਵਿੱਚ ਕਾਮਯਾਬ ਰਹੀ।
ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ ਦਾ ਫੈਸਲਾ ਪੈਨਲਟੀ ਸ਼ੂਟਆਊਟ ਨਾਲ ਹੋਇਆ। ਮਲੇਸ਼ੀਆ ਤੇ ਜਾਪਾਨ ਖੇਡ ਖ਼ਤਮ ਹੋਣ ਤਕ 2-2 ਗੋਲਾਂ ਨਾਲ ਬਰਾਬਰ ਰਹੇ ਪਰ ਬਾਅਦ ਵਿੱਚ ਮਲੇਸ਼ੀਆ ਨੇ 3-2 ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਏਸ਼ਿਆਈ ਖੇਡਾਂ ਦੇ ਫ਼ਾਈਨਲ ਵਿੱਚ ਜਾਪਾਨ ਨੇ ਮਲੇਸ਼ੀਆ ਨੂੰ ਸ਼ੂਟ ਆਊਟ ਵਿੱਚ ਹੀ ਮਾਤ ਦੇ ਕੇ ਸੋਨ ਤਗ਼ਮਾ ਜਿੱਤਿਆ ਸੀ। ਅਜਿਹੇ ਵਿੱਚ ਮਲੇਸ਼ੀਆ ਨੇ ਵੀ ਆਪਣਾ ਬਦਲਾ ਪੂਰਾ ਕਰ ਲਿਆ।
ਸ਼ਨੀਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਜਾਪਾਨ ਨੂੰ ਸੈਮੀਫ਼ਾਈਨਲ ਵਿੱਚ 3-2 ਨਾਲ ਮਾਤ ਦੇ ਕੇ ਹੀ ਹੀਰੋ ਏਸ਼ਿਆਈ ਚੈਂਪੀਅਨਸ਼ਿਪ ਟਰਾਫ਼ੀ ਦੇ ਫ਼ਾਈਨਲ ਵਿੱਚ ਦਾਖ਼ਲਾ ਲਿਆ ਸੀ। ਉੱਧਰ ਪਾਕਿਸਤਾਨ ਨੇ ਵੀ ਮਲੇਸ਼ੀਆ ਨੂੰ 1-0 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਪਰ ਮੀਂਹ ਨੇ ਦੋਵੇਂ ਰਿਵਾਇਤੀ ਵਿਰੋਧੀਆਂ ਨੂੰ ਸੰਯੁਕਤ ਰੂਪ ਵਿੱਚ ਜੇਤੂ ਬਣਾ ਦਿੱਤਾ।