ਲੰਡਨ — ਬ੍ਰਿਟੇਨ ਦੀ 19 ਸਾਲਾ ਲੜਕੀ ਇਕ ਬਹੁਤ ਹੀ ਅਜੀਬ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਕਾਰਨ ਉਹ ਸਧਾਰਨ ਇਨਸਾਨ ਦੀ ਤਰ੍ਹਾਂ ਜ਼ਿੰਦਗੀ ਨਹੀਂ ਜੀਅ ਸਕਦੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਲਿੰਡਸੇ ਕੂਬਰੇ ਦੂਜਿਆਂ ਵਾਂਗ ਰੋ ਨਹੀਂ ਸਕਦੀ, ਮੀਂਹ ਵਿਚ ਭਿੱਜਣ ਦਾ ਮਜ਼ਾ ਨਹੀਂ ਲੈ ਸਕਦੀ ਅਤੇ ਨਾ ਹੀ ਪਾਣੀ ਪੀ ਸਕਦੀ ਹੈ। ਸੁਣਨ ਵਿਚ ਭਾਵੇਂ ਇਹ ਅਜੀਬ ਲੱਗਦਾ ਹੈ ਪਰ ਲਿੰਡਸੇ ਨੂੰ ਐਕਵਾਜੇਨਿਕ ਅਰਟਿਕੇਰੀਆ ਨਾਮ ਦੀ ਬੀਮਾਰੀ ਹੈ। ਇਸ ਵਿਚ ਮਰੀਜ਼ ਨੂੰ ਪਾਣੀ ਤੋਂ ਐਲਰਜੀ ਹੁੰਦੀ ਹੈ।
ਇਸ ਦੁਰਲੱਭ ਬੀਮਾਰੀ ਨਾਲ ਇਸ ਸਮੇਂ ਦੁਨੀਆ ਦੇ ਸਿਰਫ 50 ਲੋਕ ਹੀ ਪੀੜਤ ਹਨ। ਲਿੰਡਸੇ ਲਈ ਜ਼ਿੰਦਗੀ ਬਿਲਕੁਲ ਸਧਾਰਨ ਨਹੀਂ ਹੈ ਕਿਉਂਕਿ ਪਾਣੀ ਦੀ ਐਲਰਜੀ ਹੋਣ ਕਾਰਨ ਉਹ ਦੂਜਿਆਂ ਵਾਂਗ ਨਹਾ ਨਹੀਂ ਸਕਦੀ। ਉਸ ਨੂੰ ਪੀਣ ਲਈ ਸਿਰਫ ਦੁੱਧ ਨਾਲ ਬਣੀਆਂ ਚੀਜ਼ਾਂ ਦੀ ਹੀ ਵਰਤੋਂ ਕਰਨੀ ਪੈਂਦੀ ਹੈ। ਲਿੰਡਸੇ ਕਹਿੰਦੀ ਹੈ ਕਿ ਉਹ ਦੂਜਿਆਂ ਵਾਂਗ ਘਰੋਂ ਬਾਹਰ ਨਹੀਂ ਨਿਕਲ ਸਕਦੀ ਕਿਉਂਕਿ ਜੇ ਉਹ ਮੀਂਹ ਵਿਚ ਭਿੱਜ ਗਈ ਤਾਂ ਉਸ ਦੀ ਸਿਹਤ ਖਰਾਬ ਹੋ ਜਾਵੇਗੀ।
ਪਾਣੀ ਨਾਲ ਥੋੜ੍ਹਾ ਜਿੰਨਾ ਵੀ ਸੰਪਰਕ ਹੋਣ ‘ਤੇ ਲਿੰਡਸੇ ਨੁੰ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ। ਉਸ ਦੇ ਸਰੀਰ ‘ਤੇ ਲਾਲ ਦਾਣੇ ਬਣਨ ਲੱਗਦੇ ਹਨ। ਸਾਹ ਇੰਨੀ ਤੇਜ਼ੀ ਨਾਲ ਚੱਲਦਾ ਹੈ ਕਿ ਹਰ ਵਾਰ ਉਸ ਨੂੰ ਬਣਾਉਟੀ ਸਾਹ ਯੰਤਰ ਦੀ ਵਰਤੋਂ ਕਰਨੀ ਪੈਂਦੀ ਹੈ। ਲਿੰਡਸੇ ਜਿਸ ਬੀਮਾਰੀ ਨਾਲ ਜੂਝ ਰਹੀ ਹੈ ਉਸ ਸਬੰਧੀ ਹੁਣ ਤੱਕ ਸਿਰਫ 50 ਮਾਮਲੇ ਹੀ ਸਾਹਮਣੇ ਆਏ ਹਨ। ਦਫਤਰ ਸਹਾਇਕ ਦਾ ਕੰਮ ਕਰਨ ਵਾਲੀ ਲਿੰਡਸੇ ਕਹਿੰਦੀ ਹੈ ਕਿ ਮੇਰੇ ਲਈ ਜੀਵਨ ਦਾ ਹਰ ਦਿਨ ਬਹੁਤ ਚੁਣੌਤੀਪੂਰਣ ਹੁੰਦਾ ਹੈ। ਮੈਂ ਰੋਜ਼ਾਨਾ ਬਹੁਤ ਸਾਰੇ ਅਜਿਹੇ ਕੰਮ ਨਹੀਂ ਕਰ ਸਕਦੀ ਜਿਨ੍ਹਾਂ ਨੂੰ ਦੂਜੇ ਲੋਕ ਆਸਾਨੀ ਨਾਲ ਕਰ ਲੈਣ ਵਿਚ ਸਮਰੱਥ ਹਨ। ਮੈਂ ਆਪਣੀ ਉਮਰ ਦੇ ਦੂਜੇ ਨੌਜਵਾਨਾਂ ਦੀ ਤਰ੍ਹਾਂ ਮਸਤੀ ਨਹੀਂ ਕਰ ਸਕਦੀ, ਸਧਾਰਨ ਜ਼ਿੰਦਗੀ ਨਹੀਂ ਜੀਅ ਸਕਦੀ। ਲਿੰਡਸੇ ਕਹਿੰਦੀ ਹੈ ਕਿ ਜਦੋਂ ਵੀ ਨਹਾਉਣਾ ਹੁੰਦਾ ਹੈ ਤਾਂ ਮੈਂ ਖੁਦ ਨੂੰ ਉੱਪਰ ਤੋਂ ਹੇਠਾਂ ਤੱਕ ਪਤਲੇ ਕਵਰ ਨਾਲ ਢੱਕ ਲੈਂਦੀ ਹਾਂ। ਨਹਾਉਣ ਸਮੇਂ ਮੇਰੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਵਿਚੋਂ ਲਗਾਤਾਰ ਪਾਣੀ ਡਿੱਗਦਾ ਰਹਿੰਦਾ ਹੈ।