ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦਿੱਲੀ ਸਥਿੱਤ ਨਿਜ਼ਾਮੂਦੀਨ ‘ਚ ਤਬਲੀਗੀ ਜ਼ਮਾਤ ਦੀ ਮਰਕਜ਼ ‘ਚ ਸ਼ਾਮਲ ਲਗਭਗ 850 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਰੋਜ਼ਾਨਾ ਇਸ ਜ਼ਮਾਤ ਨਾਲ ਸਬੰਧਤ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਹਰਿਆਣਾ ਦੇ ਭਿਵਾਨੀ ਵਿਖੇ ਪਿੰਡ ਮਾਨਹੇਰੂ ਵਾਸੀ 56 ਸਾਲ ਵਿਅਕਤੀ ਅਤੇ ਪਿੰਡ ਸੰਧਵਾ ਵਾਸੀ 26 ਸਾਲ ਨੌਜਵਾਨ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਦੋਵੇਂ ਪਿਛਲੇ ਮਹੀਨੇ ਦਿੱਲੀ ਦੇ ਨਿਜ਼ਾਮੂਦੀਨ ‘ਚ ਹੋਏ ਮਰਕਜ਼ ‘ਚ ਸ਼ਾਮਿਲ ਹੋਏ ਸਨ।
ਭਿਵਾਨੀ ਦੇ ਨੋਡਲ ਅਧਿਕਾਰੀ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਦੇ ਸੈਂਪਲ ਜਾਂਚ ਲਈ ਪੋਸਟ ਗ੍ਰੈਜੂਏਟ ਮੈਡੀਕਲ ਸਾਇੰਸਜ਼ ਇੰਸਟੀਚਿਊਟ (ਪੀਜੀਆਈਐਮਐਸ), ਰੋਹਤਕ ਭੇਜੇ ਗਏ ਸਨ। ਇਨ੍ਹਾਂ ਦੀ ਸ਼ੁੱਕਰਵਾਰ ਦੇਰ ਰਾਤ ਰਿਪੋਰਟ ਪਾਜ਼ੀਟਿਵ ਆਈ ਹੈ।
ਉਨ੍ਹਾਂ ਦੱਸਿਆ ਕਿ ਇਹ ਦੋਵੇਂ ਨਿਜ਼ਾਮੂਦੀਨ ਵਿਖੇ ਮਰਕਜ਼ ‘ਚ ਸ਼ਾਮਿਲ ਹੋਏ ਸਨ। ਇਸ ਦੇ ਨਾਲ ਹੀ ਭਿਵਾਨੀ ‘ਚ ਕੋਰੋਨਾ ਵਾਇਰਸ ਦੇ ਪਹਿਲੇ ਦੋ ਮਾਮਲੇ ਸਾਹਮਣੇ ਆਏ ਹਨ। ਦੋਵਾਂ ਨੂੰ ਭਿਵਾਨੀ ਹਸਪਤਾਲ ‘ਚ ਕਵਾਰੰਟੀਨ ‘ਚ ਰੱਖਿਆ ਗਿਆ ਹੈ। ਪਿੰਡ ਮਾਨਹੇਰੂ ਵਾਸੀ ਮਰੀਜ਼ ਦੇ 8 ਪਰਿਵਾਰਕ ਮੈਂਬਰਾਂ ਅਤੇ ਪਿੰਡ ਸੰਧਵਾ ਵਾਸੀ ਮਰੀਜ਼ ਦੇ 6 ਪਰਿਵਾਰਕ ਮੈਂਬਰਾਂ ਨੂੰ ਘਰ ‘ਚ ਕਵਾਰੰਟੀਨ ਕੀਤਾ ਗਿਆ ਹੈ। ਇਨ੍ਹਾਂ ਪੀੜਤਾਂ ਦੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।