ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਗਈ ਆਖ਼ਰੀ ਫ਼ੋਨ–ਕਾੱਲ ਦੀ ਇੱਕ ਆਡੀਓ–ਕਲਿੱਪ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਕਲਿੱਪ ’ਚ ਭਾਈ ਖਾਲਸਾ ਇਹ ਆਖਦੇ ਹੋਏ ਸੁਣਦੇ ਹਨ ਕਿ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਸਹੀ ਤਰੀਕੇ ਮੈਡੀਕਲ ਦੇਖਭਾਲ ਨਹੀਂ ਹੋ ਰਹੀ। ਇਸ ਆਡੀਓ ਕਲਿੰਪ ਉੱਤੇ ਹੁਣ ਤਿੱਖੇ ਸਿਆਸੀ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮੁੱਦੇ ’ਤੇ ਮੁਆਫ਼ੀ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਆੱਡੀਓ ਕਲਿਪਿੰਗ ’ਚ ਭਾਈ ਨਿਰਮਲ ਸਿੰਘ ਇਹ ਸਪੱਸ਼ਟ ਤੌਰ ’ਤੇ ਇਹ ਸ਼ਿਕਾਇਤ ਕਰਦੇ ਸੁਣਦੇ ਹਨ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਵਾਜਬ ਢੰਗ ਨਾਲ ਇਲਾਜ ਨਹੀਂ ਹੋ ਰਿਹਾ ਹੈ। ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੇਨਤੀਕੀਤੀ ਸੀ ਕਿ ਉਹ ਉਨ੍ਹਾਂ ਨੂੰ ਕਿਸੇ ਹੋਰ ਹਸਪਤਾਲ ’ਚ ਲੈ ਜਾਣ। ਚੇਤੇ ਰਹੇ ਕਿ ਇਹ ਹਸਪਤਾਲ ਸਰਕਾਰੀ ਮੈਡੀਕਲ ਕਾਲਜ ਦਾ ਹਿੱਸਾ ਹੈ।
ਕੋਰੋਨਾ ਵਾਇਰਸ (ਕੋਵਿਡ–19) ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਭਾਈ ਨਿਰਮਲ ਸਿੰਘ ਖਾਲਸਾ ਨੂੰ ਬੀਤੀ 30 ਮਾਰਚ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਤੇ ਉਨ੍ਹਾਂ ਦਾ ਟੈਸਟ ਬੀਤੀ 1 ਅਪ੍ਰੈਲ ਨੂੰ ਪਾਜ਼ਿਟਿਵ ਆਇਆ ਸੀ। ਅਗਲੇ ਦਿਨ ਵੀਰਵਾਰ ਨੂੰ ਤੜਕੇ 4:30 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ ਸੀ।
ਫ਼ੋਨ ’ਤੇ ਆਪਣੀ ਆਖ਼ਰੀ ਗੱਲਬਾਤ ਵਿੱਚ ਭਾਈ ਨਿਰਮਲ ਸਿੰਘ ਨਿਰਾਸ਼ਾਜਨਕ ਲਹਿਜੇ ’ਚ ਆਪਣੇ ਪਰਿਵਾਰ ਨੂੰ ਆਖ ਰਹੇ ਹਨ ਕਿ ਡਾਕਟਰ ਉਨ੍ਹਾਂ ਨੂੰ ਦਵਾਈਆਂ ਨਹੀਂ ਦੇ ਰਹੇ ਤੇ ਉਹ ਅਜਿਹੇ ਹਾਲਾਤ ’ਚ ਖੁਦਕੁਸ਼ੀ ਕਰ ਲੈਣਗੇ। ਇਸ ਕਲਿਪਿੰਗ ਵਿੱਚ ਉਨ੍ਹਾਂ ਦਾ ਪੁੱਤਰ ਅਮਿਤੇਸ਼ਵਰ ਸਿੰਘ ਉਨ੍ਹਾਂ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਤੇ ਜਜ਼ਬਾਤੀ ਹੋ ਕੇ ‘ਮੈਂ ਤੁਹਾਨੂੰ ਪਿਆਰ ਕਰਦਾ ਹਾਂ ਡੈਡੀ’ ਆਖਦਾ ਵੀ ਸੁਣਦਾ ਹੈ।
ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਅਮਿਤੇਸ਼ਵਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਲਈ ਮਾੜੇ ਇੰਤਜ਼ਾਮ ਜ਼ਿੰਮੇਵਾਰ ਹਨ। ‘ਅਸੀਂ ਸਰਕਾਰੀ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੂੰ ਇਹ ਸਾਰੀਆਂ ਗੱਲਾਂ ਦੱਸਦੇ ਰਹੇ ਪਰ ਉਨ੍ਹਾਂ ਵੱਲੋਂ ਹਰ ਵਾਰ ਇਹੋ ਭਰੋਸਾ ਦਿੱਤਾ ਜਾਂਦਾ ਰਿਹਾ ਕਿ ਉਨ੍ਹਾਂ ਦੇ ਪਿਤਾ ਠੀਕ ਹੋ ਜਾਣਗੇ।’
ਪੁੱਤਰ ਅਮਿਤੇਸ਼ਵਰ ਸਿੰਘ ਨੇ ਅੱਗੇ ਕਿਹਾ ਕਿ ਉਹ ਇਹ ਸੁਆਲ ਵੀ ਉਠਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਭੈਣ ਨੂੰ ਛੱਡ ਕੇ ਪਰਿਵਾਰ ਦੇ ਹੋਰ ਕਿਸੇ ਮੈਂਬਰ ਨੂੰ ਕੋਰੋਨਾ ਕਿਉਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ, ਉਨ੍ਹਾਂ ਦਾ ਪੁੱਤਰ, ਮਾਂ, ਦਾਦੀ–ਦਾਦੀ (ਜੋ 95 ਸਾਲਾ ਦੇ ਹਨ) ਦੇ ਟੈਸਟ ਨੈਗੇਟਿਵ ਆਏ ਹਨ; ਜਦ ਕਿ ਸਾਰੇ ਭਾਈ ਨਿਰਮਲ ਸਿੰਘ ਖਾਲਸਾ ਨਾਲ ਇਕੱਠੇ ਰਹਿੰਦੇ ਰਹੇ ਹਨ।
ਸ੍ਰੀ ਅਮਿਤੇਸ਼ਵਰ ਸਿੰਘ ਨੇ ਕਿਹਾ ਕਿ ਹਾਲੇ ਉਨ੍ਹਾਂ ਦੀ ਭੈਣ ਨੂੰ ਕੋਰੋਨਾ ਵਾਇਰਸ ਹੈ ਜਾਂ ਨਹੀਂ – ਦੀ ਪੁਸ਼ਟੀ ਲਈ ਇੱਕ ਹੋਰ ਟੈਸਟ ਹੋਣਾ ਹੈ।
ਫ਼ੋਨ ਕਾੱਲ ਦੇ ਡੇਢ ਕੁ ਘੰਟੇ ਬਾਅਦਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕਰਨਬੀਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ‘ਹਸਪਤਾਲ ’ਚ ਭਾਈ ਖਾਲਸਾ ਕੁਝ ਘੰਟੇ ਪਹਿਲਾਂ ਵੈਂਟੀਲੇਟਰ ’ਤੇ ਸਨ। ਉਨ੍ਹਾਂ ਲਈ ਖ਼ਤਰਾ ਵਧ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਸਾਹ ਨਾਲ਼ੀਆਂ ਦਾ ਦਮਾ ਹੈ।’
ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਕਾਲਜ ਉਨ੍ਹਾਂ ਦੇ ਅਧਿਕਾਰ–ਖੇਤਰ ਅਧੀਨ ਨਹੀਂ ਆਉਂਦਾ। ਇਸ ਦੌਰਾਨ ਵਾਰ–ਵਾਰ ਜਤਨਾਂ ਦੇ ਬਾਵਜੂਦ ਹਸਪਤਾਲ ਦੇ ਮੈਡੀਕਲ ਸੁਪਰਇੰਟੈਂਡੈਂਟ ਡਾ. ਰਮਨ ਸ਼ਰਮਾ ਨੇ ਫ਼ੋਨ ਨਹੀਂ ਚੁੱਕਿਆ।