ਮਹਾਰਾਸ਼ਟਰ— ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ 14 ਫਰਵਰੀ ਨੂੰ ਹੋਈ ਆਤਮਘਾਤੀ ਹਮਲੇ ‘ਚ 40 ਜਵਾਨ ਸ਼ਹੀਦ ਹੋ ਗਏ। ਇਸ ਦੌਰਾਨ ਕੁਝ ਜਵਾਨ ਅਜਿਹੇ ਸਨ, ਜਿਨ੍ਹਾਂ ਦੀ ਛੁੱਟੀ ਅੰਤਿਮ ਸਮੇਂ ‘ਚ ਮਨਜ਼ੂਰ ਹੋਈ ਅਤੇ ਕੁਝ ਮਿੰਟ ਦੇ ਫਾਸਲੇ ਨਾਲ ਉਨ੍ਹਾਂ ਦੀ ਜ਼ਿੰਦਗੀ ਬਚ ਗਈ। ਇਨ੍ਹਾਂ ਸੀ.ਆਰ.ਪੀ.ਐੱਫ. ਜਵਾਨਾਂ ‘ਚ ਮਹਾਰਾਸ਼ਟਰ ਦੇ ਅਹਿਮਦਨਗਰ ਦੇ 28 ਸਾਲਾ ਥਾਕਾ ਬੇਲਕਰ ਸ਼ਾਮਲ ਹਨ। ਜਾਣਕਾਰੀ ਅਨੁਸਾਰ 24 ਫਰਵਰੀ ਨੂੰ ਥਾਕਾ ਦਾ ਵਿਆਹ ਹੋਣ ਵਾਲਾ ਹੈ। ਇਸੇ ਦੇ ਮੱਦੇਨਜ਼ਰ ਉਨ੍ਹਾਂ ਨੇ ਛੁੱਟੀ ਲਈ ਅਰਜ਼ੀ ਦਿੱਤੀ ਸੀ ਪਰ ਉਨ੍ਹਾਂ ਨੂੰ ਉਸ ਦਿਨ ਤੱਕ ਛੁੱਟੀ ਦੀ ਮਨਜ਼ੂਰੀ ਨਹੀਂ ਮਿਲੀ ਸੀ, ਜਿਸ ਦਿਨ ਉਨ੍ਹਾਂ ਨੇ ਉਸ ਬੱਸ ‘ਚ ਸਵਾਰ ਹੋਣਾ ਸੀ, ਜਿਸ ਨੂੰ ਅੱਤਵਾਦੀਆਂ ਨੇ ਉਡਾ ਦਿੱਤਾ। ਆਖਰੀ ਸਮੇਂ ਜਦੋਂ ਉਹ ਬੱਸ ‘ਚ ਸਵਾਰ ਹੋਣ ਹੀ ਵਾਲੇ ਸਨ, ਉਨ੍ਹਾਂ ਦੇ ਕੋਲ ਜਾਣਕਾਰੀ ਪੁੱਜੀ ਕਿ ਉਨ੍ਹਾਂ ਦੀ ਛੁੱਟੀ ਮਨਜ਼ੂਰ ਹੋ ਗਈ ਹੈ। ਹਾਲਾਂਕਿ ਇਸ ਹਾਦਸੇ ‘ਚ ਥਾਕਾ ਨੇ ਆਪਣੇ 40 ਸਾਥੀਆਂ ਨੂੰ ਗਵਾ ਦਿੱਤਾ, ਜਿਸ ਨੂੰ ਲੈ ਕੇ ਉਨ੍ਹਾਂ ਦਾ ਮਨ ਬੇਹੱਦ ਦੁਖੀ ਹੈ।
‘ਫਿਰ ਸਰਹੱਦ ‘ਤੇ ਜਾਵੇਗਾ ਮੇਰਾ ਬੇਟਾ’
ਥਾਕਾ ਸ਼ਨੀਵਾਰ ਨੂੰ ਅਹਿਮਦਨਗਰ ਸਥਿਤ ਆਪਣੇ ਪਿੰਡ ਪੁੱਜੇ। ਹਾਲਾਂਕਿ ਉਹ ਘਟਨਾ ਤੋਂ ਬੇਹੱਦ ਦੁਖੀ ਸਨ ਅਤੇ ਘਰ ਵਾਲਿਆਂ ਨਾਲ ਉਨ੍ਹਾਂ ਨੇ ਇਸ ਬਾਰੇ ਕੁਝ ਜ਼ਿਆਦਾ ਗੱਲਬਾਤ ਨਹੀਂ ਕੀਤੀ। ਥਾਕਾ ਦੇ ਚਚੇਰੇ ਭਰਾ ਅਰੁਣ ਬੇਲਕਰ ਨੇ ਦੱਸਿਆ,”ਥਾਕਾ ਉਨ੍ਹਾਂ 2500 ਜਵਾਨਾਂ ‘ਚ ਸ਼ਾਮਲ ਸਨ, ਜੋ ਬੱਸਾਂ ‘ਚ ਸਵਾਰ ਹੋ ਕੇ ਅੱਗੇ ਵਧ ਰਹੇ ਸਨ। ਜਿਸ ਬੱਸ ‘ਚ ਉਸ ਨੇ ਬੈਠਣਾ ਸੀ, ਉਸ ਤੋਂ ਕੁਝ ਮਿੰਟ ਪਹਿਲਾਂ ਹੀ ਉਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਛੁੱਟੀ ਮਨਜ਼ੂਰੀ ਕਰ ਲਈ ਗਈ ਹੈ ਅਤੇ ਹੁਣ ਉਹ ਘਰ ਜਾ ਸਕਦੇ ਹਨ।” ਥਾਕਾ ਦੇ ਪਿਤਾ ਬਾਬਾਜੀ ਬੇਲਕਰ ਨੇ ਕਿਹਾ,”ਛੁੱਟੀ ਮਨਜ਼ੂਰ ਹੋਣ ਦੀ ਜਾਣਕਾਰੀ ਮਿਲਣ ‘ਤੇ ਉਸ ਨੇ ਆਪਣਾ ਬੈਗ ਮੋਢਿਆਂ ‘ਤੇ ਟੰਗਿਆ ਅਤੇ ਸਾਰੇ ਸਾਥੀ ਜਵਾਨਾਂ ਤੋਂ ਖੁਸ਼ੀ-ਖੁਸ਼ੀ ਵਿਦਾਈ ਲਈ। ਇਸ ਤੋਂ ਬਾਅਦ ਜਦੋਂ ਉਹ ਆਪਣੇ ਕੈਂਪ ‘ਚ ਪੁੱਜੇ ਤਾਂ ਕੁਝ ਹੀ ਘੰਟੇ ਬਾਅਦ ਇਹ ਜਾਣਕਾਰੀ ਮਿਲੀ ਕਿ ਬੱਸ ‘ਚ ਸਵਾਰ ਉਨ੍ਹਾਂ ਦੇ ਸਾਥੀ ਮਾਰ ਦਿੱਤੇ ਗਏ ਹਨ।” ਥਾਕਾ ਦੇ ਪਿਤਾ ਬਾਬਾਜੀ ਨੇ ਕਿਹਾ,”ਮੈਂ ਇਸ ਗੱਲ ਦੀ ਖੁਸ਼ੀ ਨਹੀਂ ਮਨ੍ਹਾ ਰਹੇ ਹਾਂ ਕਿ ਮੇਰਾ ਬੇਟਾ ਜ਼ਿੰਦਾ ਘਰ ਵਾਪਸ ਆਇਆ ਹੈ, ਜੋ ਵੀ ਜਵਾਨ ਸ਼ਹੀਦ ਹੋਏ ਹਨ, ਉਹ ਸਾਰੇ ਮੇਰੇ ਬੇਟੇ ਸਨ।” ਇੰਨਾ ਹੀ ਨਹੀਂ ਬਾਬਾ ਜੀ ਨੇ ਇਹ ਵੀ ਕਿਹਾ ਕਿ ਵਿਆਹ ਦੇ ਤੁਰੰਤ ਬਾਅਦ ਉਨ੍ਹਾਂ ਦਾ ਬੇਟਾ ਦੇਸ਼ ਦੀ ਸੁਰੱਖਿਆ ਲਈ ਸਰਹੱਦ ‘ਤੇ ਜਾਵੇਗਾ ਅਤੇ ਡਿਊਟੀ ਜੁਆਇਨ ਕਰੇਗਾ।