ਨਿਊ ਯਾਰਕ ’ਚ ਇੱਕ ਪੰਜਾਬੀ ਸਮੇਤ ਦੋ ਭਾਰਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬੀ ਵਿਅਕਤੀ ਦੀ ਸ਼ਨਾਖ਼ਤ ਕੁਲਵਿੰਦਰ ਸਿੰਘ ਵਜੋਂ ਹੋਈ ਹੈ; ਜਦ ਕਿ ਭਾਰਤੀ ਮੂਲ ਦੇ ਇੱਕ ਪੱਤਰਕਾਰ ਬ੍ਰਹਮ ਕਾਂਚੀ ਬੋਟਲਾ ਦੀ ਵੀ ਕੋਰੋਨਾ ਕਾਰਨ ਹੀ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕੋਰੋਨਾ–ਪਾਜ਼ਿਟਿਵ ਸ੍ਰੀ ਕੁਲਵਿੰਦਰ ਸਿੰਘ ਆਪਣੀ ਉਮਰ ਦੇ 60ਵਿਆਂ ’ਚ ਸਨ। ਉਹ ਮੂਲ ਰੂਪ ’ਚ ਜਲੰਧਰ ਜ਼ਿਲ੍ਹੇ ’ਚ ਆਦਮਪੁਰ ਲਾਗਲੇ ਪਿੰਡ ਜਲਪੋਤਾਂ ਦੇ ਜੰਮਪਲ਼ ਸਨ। ਉਨ੍ਹਾਂ ਦੀ ਇੱਕ ਧੀ ਅਮਰੀਕਾ ’ਚ ਤੇ ਦੂਜੀ ਜਲਪੋਤਾਂ ’ਚ ਹੀ ਰਹਿੰਦੀ ਹੈ।
ਉੱਧਰ ਆਈਏਐੱਨਐੱਸ ਮੁਤਾਬਕ ਭਾਰਤੀ ਮੂਲ ਦੇ ਪੱਤਰਕਾਰ ਬ੍ਰਹਮ ਕਾਂਚੀਬੋਤਲਾ ਦਾ ਦੇਹਾਂਤ ਕੱਲ੍ਹ ਸੋਮਵਾਰ ਸਵੇਰੇ ਕੋਰੋਨਾ ਕਰਕੇ ਹੋਇਆ। ਉਹ ਪਿਛਲੇ 9 ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਸਨ। ਉਹ 66 ਸਾਲਾਂ ਦੇ ਸਨ ਤੇ ਉਨ੍ਹਾਂ 11 ਵਰ੍ਹੇ ‘ਮਰਜਰ ਮਾਰਕਿਟਸ’ ਲਈ ਕੰਟੈਂਟ–ਐਡੀਟਰ ਵਜੋਂ ਕੰਮ ਕੀਤਾ ਸੀ। ਉਹ ਕੁਝ ਸਮਾਂ ‘ਨਿਊਜ਼ ਇੰਡੀਆ ਟਾਈਮਜ਼’ ਨਾਂਅ ਦੇ ਹਫ਼ਤਾਵਾਰੀ ਅਖ਼ਬਾਰ ਨਾਲ ਵੀ ਜੁੜੇ ਰਹੇ ਸਨ।
ਸ੍ਰੀ ਬ੍ਰਹਮ ਕਾਂਚੀਬੋਤਲਾ 1992 ’ਚ ਅਮਰੀਕਾ ਜਾ ਕੇ ਵੱਸ ਗਏ ਸਨ। ਉਸ ਤੋਂ ਪਹਿਲਾਂ ਭਾਰਤ ’ਚ ਵੀ ਉਹ ਕਈ ਅਖ਼ਬਾਰਾਂ ਤੇ ਰਸਾਲਿਆਂ ਨਾਲ ਜੁੜੇ ਰਹੇ।
ਅਮਰੀਕਾ ’ਚ ਕੋਰੋਨਾ ਨੇ ਹਾਲਾਤ ਖ਼ਰਾਬ ਕੀਤੇ ਹੋਏ ਹਨ। ਉੱਥੇ ਹੁਣ ਤੱਕ 10,919 ਮੌਤਾਂ ਹੋ ਚੁੱਕੀਆਂ ਹਨ ਤੇ 3.67 ਹਜ਼ਾਰ ਤੋਂ ਵੱਧ ਵਿਅਕਤੀ ਇਸ ਵੇਲੇ ਪਾਜ਼ਿਟਿਵ ਹਨ; ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਿਹੜੇ ਵਿਅਕਤੀ ਪਹਿਲਾਂ ਤੋਂ ਹੀ ਦਿਲ, ਫੇਫੜਿਆਂ ਦੇ ਰੋਗਾਂ ਤੇ ਡਾਇਬਟੀਜ਼ ਤੋਂ ਪੀੜਤ ਹਨ, ਉਹ ਕੋਰੋਨਾ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ।