ਪੂਰੀ ਦੁਨੀਆ ’ਚ 1.45 ਲੱਖ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਚੁੱਕਾ ਕੋਰੋਨਾ ਵਾਇਰਸ ਭਾਵੇਂ ਅਗਲੇ ਇੱਕ–ਦੋ ਮਹੀਨਿਆਂ ’ਚ ਕੁਝ ਮੱਠਾ ਪੈ ਜਾਵੇ ਪਰ ਆਉਂਦੇ ਨਵੰਬਰ ਮਹੀਨੇ ’ਚ ਇੱਕ ਵਾਰ ਫਿਰ ਇਸ ਜਾਨਲੇਵਾ ਮਹਾਮਾਰੀ ਦਾ ਕਹਿਰ ਦੁਨੀਆ ਵਿੱਚ ਵਿਖਾਈ ਦੇ ਸਕਦਾ ਹੈ।
ਇਹ ਪ੍ਰਗਟਾਵਾ ਚੀਨ ਦੇ ਇੱਕ ਚੋਟੀ ਦੇ ਮੈਡੀਕਲ ਮਾਹਿਰ ਨੇ ਕੀਤਾ ਹੈ। ਤਿੰਨ ਮਹੀਨੇ ਲੰਮੀ ਜੰਗ ਤੋਂ ਬਾਅਦ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥ–ਵਿਵਸਥਾ ਦੇ ਮੁੜ ਲੀਹ ’ਤੇ ਆਉਣ ਦੇ ਜਤਨ ਜਾਰੀ ਹਨ।
ਸ਼ੰਘਾਈ ’ਚ ਕੋਵਿਡ–19 ਮੈਡੀਕਲ ਮਾਹਿਰ ਟੀਮ ਦੀ ਅਗਵਾਈ ਕਰ ਰਹੇ ਜ਼ਾਂਗ ਵੇਨਹਾਂਗ ਦਾ ਮੰਨਣਾ ਹੈ ਕਿ ਸਾਰੇ ਦੇਸ਼ਾਂ ਨੂੰ ਹਾਲੇ ਲੰਮੇ ਸਮੇਂ ਤੱਕ ਇਸ ਵਾਇਰਸ ਦੇ ਵਾਰ–ਵਾਰ ਹੋਣ ਵਾਲੇ ਕਹਿਰ ਪ੍ਰਤੀ ਲਚਕੀਲਾ ਰਵੱਈਆ ਅਪਨਾਉਣਾ ਹੋਵੇਗਾ।
ਡਾ. ਜ਼ਾਂਗ ਨੇ ਭਾਵੇਂ ਇਹ ਆਸ ਵੀ ਪ੍ਰਗਟਾਈ ਹੈ ਕਿ ਸਰਦ–ਰੁੱਤ ਆਉਣ ਤੱਕ ਦੁਨੀਆ ਭਰ ਦੇ ਦੇਸ਼ ਇਸ ਮਹਾਮਾਰੀ ’ਤੇ ਕਾਬੂ ਪਾਉਣ ਦੇ ਸਮਰੱਥ ਹੋ ਜਾਣ ਪਰ ਨਾਲ ਹੀ ਉਨ੍ਹਾਂ ਇਹ ਚੇਤਾਵਨੀ ਦਿੱਤੀ ਸਰਦ ਰੁੱਤ ਵਿੱਚ ਇਸ ਵਾਇਰਸ ਦੀ ਦੂਜੀਜ ਲਹਿਰ ਦਾ ਸਾਹਮਣਾ ਚੀਨ ਸਮੇਤ ਪੂਰੀ ਦੁਨੀਆ ਨੂੰ ਕਰਨਾ ਪੈ ਸਕਦਾ ਹੈ।
ਇੱਥੇ ਵਰਨਣਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਈ ਕੋਰੋਨਾ–ਵਾਇਰਸ ਦੀ ਲਾਗ ਹੁਣ ਭਾਰਤ ਸਮੇਤ ਪੂਰੀ ਦੁਨੀਆ ’ਚ ਫੈਲ ਚੁੱਕੀ ਹੈ। ਸਭ ਤੋਂ ਵੱਧ ਜਾਨੀ ਨੁਕਸਾਨ ਅਮਰੀਕਾ ਨੂੰ ਝੱਲਣਾ ਪਿਆ ਹੈ ਤੇ ਸਭ ਤੋਂ ਵੱਧ ਕੋਰੋਨਾ–ਪਾਜ਼ਿਟਿਵ ਮਰੀਜ਼ ਵੀ ਇਸ ਵੇਲੇ ਅਮਰੀਕਾ ’ਚ ਹੀ ਹਨ।
ਪੂਰੀ ਦੁਨੀਆ ’ਚ ਇਸ ਰੋਗ ਦੇ ਹੁਣ ਲਗਭਗ 22 ਲੱਖ (ਇਸ ਵੇਲੇ ਸਹੀ ਗਿਣਤੀ: 21 ਲੱਖ 82 ਹਜ਼ਾਰ 197) ਮਰੀਜ਼ ਹਨ।
ਇਕੱਲੇ ਅਮਰੀਕਾ ’ਚ ਹੀ ਇਹ ਕੋਰੋਨਾ ਵਾਇਰਸ ਹੁਣ ਤੱਕ 34,617 ਮਨੁੱਖੀ ਜਾਨਾਂ ਲੈ ਚੁੱਕਾ ਹੈ ਤੇ 6.77 ਲੱਖ ਤੋਂ ਵੱਧ ਮਰੀਜ਼ ਇਸ ਵੇਲੇ ਪਾਜ਼ਿਟਿਵ ਹਨ। ਸਪੇਨ ’ਚ ਮੌਤਾਂ ਦੀ ਗਿਣਤੀ 19,315 ਹੈ ਤੇ 1.84 ਲੱਖ ਤੋਂ ਵੱਧ ਵਿਅਕਤੀ ਕੋਰੋਨਾ–ਪਾਜ਼ਿਟਿਵ ਹਨ।
ਵਰਲਡੋਮੀਟਰ ਮੁਤਾਬਕ ਭਾਰਤ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 13,430 ਹੋ ਗਈ ਹੈ ਤੇ ਹੁਣ ਤੱਕ ਇਹ ਘਾਤਕ ਵਾਇਰਸ ਸਾਡੇ ਦੇਸ਼ ਵਿੱਚ 448 ਮਨੁੱਖੀ ਜਾਨਾਂ ਲੈ ਚੁੱਕਾ ਹੈ।
ਇਟਲੀ ’ਚ 22,170 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 1.68 ਲੱਖ ਤੋਂ ਵੱਧ ਵਿਅਕਤੀ ਇਸ ਵੇਲੇ ਕੋਰੋਨਾ ਨਾਲ ਜੂਝ ਰਹੇ ਹਨ। ਫ਼ਰਾਂਸ ’ਚ ਮੌਤਾਂ ਦੀ ਗਿਣਤੀ 17,920 ਹੈ ਤੇ 1.65 ਲੱਖ ਤੋਂ ਵੱਧ ਵਿਅਕਤੀ ਹੁਣ ਤੱਕ ਕੋਰੋਨਾ–ਪਾਜ਼ਿਟਿਵ ਦਰਜ ਹੋ ਚੁੱਕੇ ਹਨ।
ਇੰਗਲੈਂਡ ’ਚ 13,729 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 1.03 ਲੱਖ ਵਿਅਕਤੀ ਪਾਜ਼ਿਟਿਵ ਹਨ। ਪਾਕਿਸਤਾਨ ’ਚ ਹੁਣ ਤੱਕ 128 ਮੌਤਾਂ ਹੋ ਚੁੱਕੀਆਂ ਹਨ ਤੇ 6,919 ਕੋਰੋਨਾ–ਪਾਜ਼ਿਟਿਵ ਹਨ। ਆਸਟ੍ਰੇਲੀਆ ’ਚ ਹੁਣ ਤੱਕ 63 ਮੌਤਾਂ ਹੋ ਚੁੱਕੀਆਂ ਹਨ ਤੇ 6,468 ਵਿਅਕਤੀਆਂ ਕੋਰੋਨਾ–ਪਾਜ਼ਿਟਿਵ ਦਰਜ ਹੋ ਚੁੱਕੇ ਹਨ।
ਕੈਨੇਡਾ ’ਚ ਹੁਣ ਤੱਕ 1,195 ਮੌਤਾਂ ਹੋ ਚੁੱਕੀਆਂ ਹਨ ਤੇ ਹੁਣ ਤੱਕ 30,106 ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ।